How Guru Angad Dev Ji: ਇਕ ਦਿਨ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਵਿੱਚ ਬੈਠੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰੇਮ ਦਾ ਵਿਯੋਗ ਹੋਣ ਕਰਕੇ ਧਿਆਨ ਵਿੱਚ ਮਗਨ ਬੈਠੇ ਸਨ। ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਮਨ ਵਿੱਚ ਇਹ ਫੁਰਨਾ ਆਇਆ ਕਿ ਗੁਰੂ ਨਾਨਕ ਦੇਵ ਜੀ ਪੂਰਨ ਪੁਰਖ ਸਨ। ਉਹਨਾਂ ਵਿੱਚ ਅਤੇ ਪ੍ਰਮੇਸ਼ਰ ਵਿੱਚ ਕੁਝ ਵੀ ਭੇਦ ਨਹੀਂ ਸੀ। ਦੇਖਾਂ ਮੇਰੇ ਸਤਿਗੁਰਾਂ ਨੇ ਕਿਸ ਦਿਨ ਜਨਮ ਲਿਆ ਹੈ। ਕੋਈ ਐਸਾ ਸਿੱਖ ਹੋਵੇ ਜੋ ਗੁਰੂ ਜੀ ਦੇ ਜੀਵਨ ਦੀ ਕਥਾ ਸੁਣਾਵੇ ਤਾਂ ਕੋਲ ਬੈਠੇ ਬਾਬਾ ਬੁੱਢਾ ਜੀ ਬੋਲੇ ਕਿ ਐਸਾ ਸਿੱਖ ਤਾਂ ਭਾਈ ਬਾਲਾ ਹੈ ਜੋ ਰਾਇ ਭੋਇ ਦੀ ਤਲਵੰਡੀ ਰਹਿੰਦਾ ਹੈ। ਉਹ ਅਤੇ ਭਾਈ ਮਰਦਾਨਾ ਦੋਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਰਹੇ ਹਨ। ਆਪ ਜੀ ਉਹਨਾਂ ਨੂੰ ਬੁਲਾਉ ਉਹਨਾਂ ਨੇ ਗੁਰੂ ਜੀ ਦੇ ਸਾਰੇ ਕੌਤਕ ਨਾਲ ਰਹਿ ਕੇ ਦੇਖੇ ਹਨ। ਗੁਰੂ ਜੀ ਨੇ ਭਾਈ ਬਾਲਾਜੀ ਨੂੰ ਮਨ ਵਿੱਚ ਯਾਦ ਕੀਤਾ ਤਾਂ ਉਧਰ ਭਾਈ ਬਾਲਾ ਜੀ ਵੀ ਸਿੱਖਾਂ ਨਾਲ ਵਿਚਾਰ ਕਰ ਰਹੇ ਸਨ ਕਿ ਗੁਰੂ ਨਾਨਕ ਦੇਵ ਜੀ ਬੈਕੁੰਠ ਧਾਮ ਗਏ ਹਨ ਆਪਣੇ ਅਸਥਾਨ ਤੇ ਕਿਸ ਨੂੰ ਬਿਠਾਇਆ ਹੈ? ਇੱਕ ਸਿੱਖ ਬੋਲਿਆ ਕਿ ਹੁਣ ਗੁਰੂ ਅੰਗਦ ਦੇਵ ਜੀ ਹਨ ਜੋ ਖਡੂਰ ਸਾਹਿਬ ਰਹਿੰਦੇ ਹਨ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਆਪਣੇ ਅਸਥਾਨ ਤੇ ਬਿਠਾ ਗਏ ਹਨ। ਭਾਈ ਬਾਲਾ ਜੀ ਦੇ ਮਨ ਵਿੱਚ ਗੁਰੂ ਜੀ ਦੇ ਦਰਸ਼ਨਾਂ ਦੀ ਤਾਂਘ ਪੈਦਾ ਹੋਈ। ਫਿਰ ਭਾਈ ਬਾਲਾ ਜੀ ਆਪਣੀ ਸਮਰੱਥਾ ਅਨੁਸਾਰ ਗੁਰੂ ਜੀ ਨੂੰ ਭੇਟ ਕਰਨ ਲਈ ਪ੍ਰਸ਼ਾਦ ਲੈਕੇ ਖਡੂਰ ਪਹੁੰਚੇ।
ਭਾਈ ਬਾਲਾ ਗੁਰੂ ਜੀ ਦੇ ਦਰਬਾਰ ਦਾ ਰਸਤਾ ਪੁੱਛ ਕੇ ਉੱਥੇ ਪਹੁੰਚ ਗਿਆ ਅਤੇ ਗੁਰੂ ਜੀ ਨੂੰ ਨਮਸਕਾਰ ਕੀਤਾ । ਗੁਰੂ ਜੀ ਨੇ ਵੀ ਹੋਰ ਪਾਸੋਂ ਬਿਰਤੀ ਸੰਕੋਚ ਕੇ ਭਾਈ ਬਾਲਾ ਜੀ ਨੂੰ ਮਿਲੇ ਅਤੇ ਕਰਤਾਰ ਕਰਤਾਰ ਆਖਣ ਲਈ ਕਿਹਾ ਅਤੇ ਬੈਠ ਕੇ ਵਰਤਾਲਾਪ ਕਰਨ ਲਗੇ। ਗੁਰੂ ਜੀ ਨੇ ਪੁਛਿਆ ਭਾਈ ਸਿੱਖਾ ਕਿਥੋਂ ਆਇਆ ਹੈਂ ? ਕੌਣ ਹੈਂ ? ਕਿਵੇਂ ਆਉਣਾ ਹੋਇਆ ? ਭਾਈ ਬਾਲਾ ਜੀ ਬੋਲੇ ਮੈਂ ਤਲਵੰਡੀ ਰਾਇਭੋਇ ਤੋਂ ਬਾਲਾ ਨਾਮ ਹੈ , ਗੁਰੂ ਜੀ ਦੇ ਦਰਸ਼ਨ ਕਰਨ ਆਇਆ ਹਾਂ। ਗੁਰੂ ਅੰਗਦ ਦੇਵ ਜੀ ਪੁਛਿਆ ਤੁਸੀਂ ਕਿਸ ਦੇ ਸਿੱਖ ਹੋ? ਤੁਹਾਨੂੰ ਕੌਣ ਮਿਲਿਆ ਹੈ? ਭਾਈ ਬਾਲਾ ਬੋਲੇ ਕਿ ਮੈਂ ਗੁਰੂ ਨਾਨਕ ਜੀ ਦਾ ਸਿੱਖ ਹਾਂ ਅਤੇ ਮੈਨੂੰ ਮਹਿਤਾ ਕਾਲੂ ਜੀ ਦਾ ਪੁੱਤਰ ਗੁਰੂ ਨਾਨਕ ਮਿਲਿਆ ਹੈ। ਗੁਰੂ ਜੀ ਨਾ ਕਿਹਾ ਕਿ ਤੁਸੀਂ ਗੁਰੂ ਨਾਨਕ ਨੂੰ ਦੇਖਿਆ ਹੈ ? ਭਾਈ ਬਾਲਾ ਬੋਲੇ ਕਿ ਗੁਰੂ ਨਾਨਕ ਜੀ ਮੇਰੇ ਤੋਂ ਤਿੰ ਸਾਲ ਵੱਡੇ ਸਨ। ਮੈਂ ਉਹਨਾਂ ਮਗਰ ਹੀ ਲੱਗਿਆ ਖੇਡਦਾ ਰਹਿੰਦਾ ਸੀ। ਉਹਨਾਂ ਨੇ ਖੇਡਦੇ ਹੋਏ ਹੀ ਲੋਕਾਂ ਨੂੰ ਤਾਰ ਦਿੱਤਾ ਪਰ ਸਾਨੂੰ ਪਤਾ ਨਹੀਂ ਸੀ ਕਿ ਉਹ ਅਗੰਮੀ ਪੁਰਸ਼ ਹਨ ਪਰ ਅਸੀ ਸਲਾਮੀ ਰਹਿੰਦੇ ਸਾਂ। ਇਹ ਗੱਲਾਂ ਸੁਣ ਕੇ ਗੁਰੂ ਜੀ ਦਾ ਵੈਰਾਗ ਛੁੱਟ ਗਿਆ ਜੋ ਰੋਕਿਆਂ ਰੁੱਕਦਾ ਨਹੀ ਸੀ।