ਗੁਰੂ ਨਾਨਕ ਦੇਵ ਜੀ ਜਦੋਂ ਲਾਹੌਰ ਪਹੁੰਚੇ ਤਾਂ ਗੁਰੂ ਜੀ ਨੇ ਵੇਖਿਆ ਕਿ ਬਹੁਤ ਸਾਰੇ ਮਨੁੱਖ ਜਿਨ੍ਹਾਂ ਨੇ ਝੂਠਾ ਧਨ ਇਕੱਠਾ ਕਰਨ ਅੰਦਰ ਮਨ ਲਾਇਆ ਹੋਇਆ ਸੀ, ਵਿਖਾਵੇ ਅਤੇ ਝੂਠੇ ਦਿਖਾਵਿਆਂ ਨਾਲ ਅਣਮੁੱਲਾ ਜੀਵਨ ਅਜਾਈਂ ਗੁਆ ਰਹੇ ਸਨ।
ਇੱਕ ਪੁਰਾਤਨ ਰਿਵਾਜ ਸੀ ਕਿ ਇੱਕ ਲੱਖ ਰੁਪਏ ਦਾ ਮਾਲਕ ਮਨੁੱਖ ਆਪਣੇ ਚੁਬਾਰੇ ਉੱਪਰ ਇੱਕ ਝੰਡਾ ਗੱਢ ਦਿੰਦਾ ਸੀ। ਦੋ ਲੱਖ ਵਾਲਾ ਦੋ ਝੰਡੇ ਗੱਡ ਦਿੰਦਾ ਸੀ। ਉਥੇ ਦਾ ਇੱਕ ਵੱਡਾ ਸਾਹੂਕਾਰ ਗੁਰੂ ਜੀ ਨੂੰ ਆਪਣੇ ਘਰ ਲਿਜਾਣ ਦੀ ਬਨਤੀ ਕੀਤੀ। ਗੁਰੂ ਜੀ ਉਸ ਦੇ ਨਾਲ ਚਲੇ ਗਏ। ਦੁਨੀ ਚੰਦ ਸੇਠ ਨੇ ਸੱਤ ਝੰਡੇ ਲਗਾਏ ਹੋਏ ਸਨ। ਗੁਰੂ ਜੀ ਨੇ ਇਸ ਦਾ ਮਤਲਬ ਪੁੱਛਿਆ ਤਾਂ ਦੁਨੀ ਚੰਦ ਨੇ ਕਿਹਾ ਕਿ ਇਸ ਦਾ ਮਤਲਬ ਮੇਰੇ ਕੋਲ ਸੱਤ ਲੱਖ ਰੁਪਏ ਹਨ।
ਗੁਰੂ ਜੀ ਨੇ ਪੁੱਛਿਆ ਕਿ ਤੁਸੀਂ ਇਸ ਤੋਂ ਸੰਤੁਸ਼ਟ ਹੋ? ਦੁਨੀ ਚੰਦ ਬੋਲਿਆ ਨਹੀਂ ਮੇਰੇ ਤੋਂ ਵੀ ਅਮੀਰ ਲੋਕ ਹਨ ਤੇ ਮੈਂ ਉਨ੍ਹਾਂ ਤੋਂ ਵੀ ਸਾਹੂਕਾਰ ਬਣਨਾ ਚਾਹੁੰਦਾ ਹਾਂ। ਮੈਂ ਲਾਹੌਰ ਦਾ ਸਭ ਤੋਂ ਅਮੀਰ ਬੰਦਾ ਬਣਨਾ ਚਾਹੁੰਦਾ ਹਾਂ। ਸਤਿਗੁਰੂ ਜੀ ਨੇ ਇਸ ਮਦਹੋਸ਼ ਮਨੁੱਖ ਨੂੰ ਜਗਾਉਣ ਵਾਸਤੇ ਦੁਨੀ ਚੰਦ ਨੂੰ ਇੱਕ ਸੂਈ ਦਿੱਤੀ ਤੇ ਕਿਹਾ ਕਿ ਇਸ ਨੂੰ ਸਾਡੀ ਅਮਾਨਤ ਸਮਝ ਕੇ ਰੱਖ ਲੈ, ਅਸੀਂ ਪਰਲੋਕ ਵਿੱਚ ਲੈ ਲਵਾਂਗੇ।
ਜਦੋਂ ਉਸ ਦੀ ਪਤਨੀ ਨੂੰ ਪਤਾ ਲੱਗਾ ਤਾਂ ਉਸ ਨੇ ਤੁਰੰਤ ਦੁਨੀਚੰਦ ਨੂੰ ਕਿਹਾ ਪਤੀ ਦੇਵ, ਪਰਲੋਕ ਵਿੱਚ ਕੁਝ ਵੀ ਨਾਲ ਨਹੀਂ ਜਾਂਦਾ। ਸੁਆਮੀ ਜੀ! ਕਾਹਨੂੰ ਵਚਨ ਦੇ ਕੇ ਆਏ ਹੋ? ਜਾਓ ਮੋੜ ਆਓ। ਦੁਨੀ ਚੰਦ ਵਾਪਿਸ ਗੁਰੂ ਜੀ ਕੋਲ ਆਇਆ ਤੇ ਸੂਈ ਵਾਪਸ ਲੈ ਲੈਣ ਦੀ ਬੇਨਤੀ ਕੀਤੀ। ਮਹਾਰਾਜ ਜੀ ਨੇ ਪੁੱਛਿਆ ਕਿ ਸਾਹੂਕਾਰ ਜੀ! ਸੂਈ ਕਿਉਂ ਵਾਪਸ ਕਰ ਰਹੇ ਹੋ?
ਦੁਨੀ ਚੰਦ ਨੇ ਕਿਹਾ, “ਮਹਾਰਾਜ! ਭੁੱਲ ਹੋ ਗਈ। ਬੰਦੇ ਦੇ ਨਾਲ ਤਾਂ ਪਰਲੋਕ ਵਿੱਚ ਦੁਨੀਆ ਦੀ ਕੋਈ ਵੀ ਚੀਜ਼ ਨਹੀਂ ਜਾਂਦੀ। ਇਹ ਸੂਈ ਮੈਂ ਕਿਸ ਤਰ੍ਹਾਂ ਲੈ ਕੇ ਜਾਵਾਂਗਾ ਤੇ ਤੁਹਾਨੂੰ ਦੇਵਾਂਗਾ। ਸਤਿਗੁਰੂ ਜੀ ਨੇ ਗਿਆਨ ਦਾ ਤੀਰ ਮਾਰਦੇ ਹੋਏ ਬਚਨ ਕੀਤਾ, “ਇਹ ਸੱਤ ਝੰਡਿਆਂ ਦਾ ਕੀ ਮਤਲਬ ਹੈ? ਐਨੀ ਮਾਇਆ ਇਕੱਠੀ ਕੀਤੀ ਹੈ ਕਿ ਸੱਤ ਝੰਡੇ ਲਗਾਏ ਹਨ। ਇਹ ਮਾਇਆ ਨੂੰ ਕਿਵੇਂ ਨਾਲ ਲੈ ਕੇ ਜਾਵੇਂਗਾ?”
ਇਹ ਵੀ ਪੜ੍ਹੋ : ਬਾਬਾ ਨਾਨਕ ਦੀ ਸਿੱਖਿਆ-ਲੋੜ ਤੋਂ ਬਿਨਾਂ ਵਸਤਾਂ ਇਕੱਠੀਆਂ ਕਰਨਾ ਹੀ ਲਾਲਚ ਹੈ
ਤਦ ਦੁਨੀ ਚੰਦ ਨੂੰ ਸਮਝ ਆਈ ਤੇ ਗੁਰੂ ਜੀ ਦੇ ਚਰਨਾਂ ‘ਤੇ ਢਹਿ ਪਿਆ। ਹਜ਼ੂਰ ਨੇ ਬਖਸ਼ਿਸ਼ ਕਰਕੇ ਨਿਹਾਲ ਕੀਤਾ ਤੇ ਇਹ ਧਨ ਭਲੇ ਕਾਰਜਾਂ ‘ਚ ਲਾਉਣ ਦੀ ਪ੍ਰੇਰਨਾ ਦਿੱਤੀ। ਉਸ ਦਿਨ ਤੋਂ ਉਸ ਨੇ ਆਪਣੇ ਅੱਧੇ ਘਰ ਨੂੰ ਧਰਮਸ਼ਾਲਾ ਬਣਾ ਲਿਆ, ਧਨ ਨਾਲ ਗਰੀਬਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਅਤੇ ਅਕਾਲ ਪੁਰਖ ਨੂੰ ਯਾਦ ਕਰਦਿਆਂ ਜੀਵਨ ਬਤੀਤ ਕਰਨਾ ਸ਼ੁਰੂ ਕਤਾ।