ਰਾਏ ਬੁਲਾਰ, ਗੁਰੂ ਨਾਨਕ ਦੇਵ ਜੀ ਤੋਂ ਉਮਰ ਵਿਚ 22 ਸਾਲ ਵੱਡੇ ਸਨ। ਮਜ਼ਹਬੀ ਤੌਰ ‘ਤੇ ਇੱਕ ਮੁਸਲਮਾਨ ਸਨ ਤੇ ਅੱਲ੍ਹਾ ਦੀ ਬੰਦਗੀ ਵਿਚ ਯਕੀਨ ਰੱਖਦੇ ਸਨ ਪਰ ਮੁਸਲਮਾਨ ਹੁੰਦਿਆਂ ਹੋਇਆਂ ਵੀ ਉਨ੍ਹਾਂ ਦੀ ਅਸਰੀਰੀ ਅਕੀਦਤ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰੂਹਾਨੀ ਅਜ਼ਮਤ ਤੋਂ ਜੁਦਾ ਨਹੀਂ ਸੀ। ਏਹੀ ਵਜ੍ਹਾ ਸੀ ਕਿ ਰਾਇ ਬੁਲਾਰ ਸਾਹਿਬ ਨੇ ਆਪਣੀ ਕੁੱਲ ਮਿਲਖ ਦਾ ਲਗਪਗ ਅੱਧਾ ਹਿੱਸਾ, ਭਾਵ 19000 ਏਕੜ ਜ਼ਮੀਨੀ ਰਕਬਾ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ‘ਤੇ ਮਨਸੂਬ ਕਰਵਾ ਦਿੱਤਾ ਸੀ।
ਰਾਏ ਬੁਲਾਰ ਖ਼ਾਨ 1500 ਮੁਰੱਬਿਆਂ ਦਾ ਤਕੜਾ ਰਈਸ ਅਤੇ ਖ਼ੁਦਦਾਰ ਇਨਸਾਨ ਸੀ ਪਰ ਸੀ ਨੇਕੀ ਦਾ ਮੁਜੱਸਮਾ। ਬਾਬਾ ਜੀ ਦਾ ਕਦਰਦਾਨ ਸੀ ਪੂਰਾ। ਉਸ ਦੀ ਉਮਰ ਚਾਲੀਆਂ ਤੋਂ ਟੱਪ ਚੱਲੀ ਪਰ ਔਲਾਦ ਨਹੀਂ ਸੀ। ਘੋੜੇ ’ਤੇ ਸਵਾਰ ਹੋ ਕੇ ਮੁਰੱਬਿਆਂ ਦਾ ਦੌਰਾ ਕਰਨ ਗਿਆ। ਗੁਰੂ ਬਾਬੇ ਦੀ ਉਮਰ 12-13 ਸਾਲ ਸੀ। ਬਾਬਾ ਮੱਝਾਂ ਚਾਰ ਰਿਹਾ ਸੀ। ਰਾਇ ਸਾਹਿਬ ਘੋੜੇ ਤੋਂ ਉਤਰੇ। ਜੋੜੇ ਉਤਾਰੇ। ਬਾਬਾ ਜੀ ਦੇ ਨਜ਼ਦੀਕ ਹੱਥ ਜੋੜ ਕੇ ਖਲੋ ਗਏ ਤੇ ਕਿਹਾ- ਬਾਬਾ ਮੇਰੀ ਮੁਰਾਦ ਪੂਰੀ ਕਰ।
ਜੀ ਕਦੀ ਬਾਲ ਘਰ ਵਿੱਚ ਖੇਡੇ, ਇਹ ਮੁਰਾਦ ਮਨ ਵਿੱਚ ਲੈ ਕੇ ਅਰਜ਼ ਗੁਜ਼ਾਰਨ ਗਏ ਸਨ। ਬਾਬਾ ਜੀ ਨੇ ਅਸੀਸਾਂ ਦਿੱਤੀਆਂ ਅਤੇ ਕਿਹਾ- ਰਾਇ ਤੁਸਾਂ ਦੀ ਮੁਰਾਦ ਪੂਰੀ ਹੋਵੇਗੀ. ਸਾਲ ਬਾਅਦ ਰਾਇ ਸਾਹਿਬ ਦੇ ਘਰ ਬੇਟੇ ਦਾ ਜਨਮ ਹੋਇਆ। ਸਰਦਾਰ ਏਨਾ ਖ਼ੁਸ਼ ਕਿ ਬੜੀ ਵੱਡੀ ਦਾਅਵਤ ਦਿੱਤੀ। ਨਵਾਬ ਦੌਲਤ ਖ਼ਾਨ ਸਾਹਿਬ ਖ਼ੁਦ ਆਏ ਸਨ ਇਸ ਜਸ਼ਨ ਵਿੱਚ ਸ਼ਿਰਕਤ ਕਰਨ। ਪਿੰਡਾਂ ਦੇ ਪਿੰਡ ਆਣ ਉਤਰੇ ਸਨ। ਇਸ ਭਾਰੀ ਇਕੱਠ ਵਿੱਚ ਸ਼ੁਕਰਾਨਾ ਕਰਨ ਮਗਰੋਂ ਰਾਇ ਸਾਹਿਬ ਨੇ ਆਪਣੀ ਅੱਧੀ ਜ਼ਮੀਨ ਹਜ਼ਰਤ ਬਾਬਾ ਨਾਨਕ ਦੇ ਨਾਮ ਇੰਤਕਾਲ ਤਬਦੀਲ ਕਰ ਦੇਣ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ : ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰੂ ਚੇਲਾ॥