ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਅਹਿਮ ਫੈਸਲੇ ਲੈਂਦੇ ਹੋਏ ਐਲਾਨ ਕੀਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਯੋਗਤਾ, ਨਿਯੁਕਤੀ, ਕਾਰਜ ਖੇਤਰ ਤੇ ਸੇਵਾ ਮੁਕਤੀ ਬਾਰੇ ਨਿਯਮ ਬਣਾਏ ਜਾਣਗੇ। ਇਸ ਦੇ ਲਈ ਉੱਚ ਪੱਧਰੀ ਕਮੇਟੀ ਬਣਾਈ ਜਾਵੇਗੀ, ਜਿਸ ਸਬੰਧੀ ਆਉਂਦੇ ਬਜਟ ਇਜਲਾਸ ਵਿਚ ਮਤਾ ਲਿਆ ਕੇ ਪ੍ਰਵਾਨਗੀ ਲਈ ਜਾਵੇਗੀ।
ਐਡਵੋਕੇਟ ਧਾਮੀ ਨੇ ਅੱਜ ਇਥੇ ਸ਼੍ਰੋਮਣੀ ਕਮੇਟੀ ਦਫਤਰ ਵਿਖੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਜਥੇਦਾਰਾਂ ਦੀ ਨਿਯੁਕਤੀ ਸਮੇਂ ਇੱਕ ਵਿਅਕਤੀ ਇੱਕ ਅਹੁਦੇ ਦਾ ਸਿਧਾਂਤ ਲਾਗੂ ਹੋਵੇਗਾ। ਇਸੇ ਤਹਿਤ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਖਾਲੀ ਪਏ ਅਹੁਦੇ ਵਾਸਤੇ ਪੰਥਕ ਸੰਪਰਦਾਵਾਂ ਤੇ ਜਥੇਬੰਦੀਆਂ ਦੀ ਸਲਾਹ ਨਾਲ ਜਲਦ ਹੀ ਨਿਯੁਕਤੀ ਕੀਤੀ ਜਾਵੇਗੀ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਹ ਵੀ ਸਪੱਸ਼ਟ ਕੀਤਾ ਕਿ ਤਖ਼ਤ ਸਾਹਿਬਾਨ ’ਤੇ ਸੇਵਾ ਨਿਭਾਉਣ ਵਾਲੇ ਜਥੇਦਾਰ ਸਾਹਿਬਾਨ ਦੀ ਰੁਖਸਤੀ ਇਕ ਸਨਮਾਨਜਨਕ ਢੰਗ ਨਾਲ ਕੀਤੀ ਜਾਇਆ ਕਰੇਗੀ। ਇਹ ਵੀ ਯਤਨ ਕੀਤਾ ਜਾਵੇਗਾ ਕਿ ਪਿਛਲੇ ਸਮੇਂ ਦੌਰਾਨ ਸੇਵਾ ਮੁਕਤ ਕੀਤੇ ਸਿੰਘ ਸਾਹਿਬਾਨ ਨੂੰ ਉਨ੍ਹਾਂ ਵੱਲੋਂ ਨਿਭਾਈਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਜਾਵੇ।
ਇਹ ਵੀ ਪੜ੍ਹੋ : ਕਰਨਲ ਬਾਠ ਕੁੱ.ਟਮਾ/ਰ ਮਾਮਲਾ, ਪਰਿਵਾਰ ਨੂੰ ਮਿਲਿਆ CM ਮਾਨ ਨਾਲ ਮੁਲਾਕਾਤ ਦਾ ਸਮਾਂ, ਚੁੱਕਿਆ ਧਰਨਾ
ਐਡਵੋਕੇਟ ਧਾਮੀ ਨੇ ਕਿਹਾ ਇਸ ਦੌਰਾਨ ਉਨ੍ਹਾਂ ਸਾਰੀਆਂ ਧਾਰਮਿਕ, ਸਮਾਜਿਕ, ਸਿਆਸੀ ਧਿਰਾਂ ਦੇ ਨਾਲ-ਨਾਲ ਸਤਿਕਾਰਤ ਸਿੰਘ ਸਾਹਿਬਾਨ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਅਸਤੀਫਾ ਦੇਣ ਤੋਂ ਬਾਅਦ ਉਨ੍ਹਾਂ ਸੇਵਾ ਸੰਭਾਲਣ ਦੀ ਪ੍ਰੇਰਣਾ ਕੀਤੀ। ਉਨ੍ਹਾਂ ਕਿਹਾ ਕਿ ਉਹ ਪੂਰਾ ਯਤਨ ਕਰਨਗੇ ਕਿ ਸਾਰਿਆਂ ਪ੍ਰਗਟਾਏ ਭਰੋਸੇ ‘ਤੇ ਖਰਾ ਉਤਰ ਸਕਣ।
ਵੀਡੀਓ ਲਈ ਕਲਿੱਕ ਕਰੋ -:
