Shiromani Akali Dal : ਸ਼੍ਰੋਮਣੀ ਅਕਾਲੀ ਦਲ ਨੂੰ ਸਿੱਖਾਂ ਦੀ ਪਾਰਟੀ ਹੋਣ ਦਾ ਮਾਣ ਪ੍ਰਾਪਤ ਹੈ ਤੇ ਇਸ ਦੀ ਸਿਰਜਣਾ ਸ੍ਰੀ ਅਕਾਲ ਤਖਤ ਸਾਹਿਬ ਤੋ ਅਰਦਾਸ ਕਰਕੇ ਕੀਤੀ ਗਈ ਸੀ। ਸ਼੍ਰੋਮਣੀ ਅਕਾਲੀ ਦਲ ਉਸ ਵੇਲੇ ਹੋਂਦ ਆਇਆ ਜਦੋਂ ਇਤਿਹਾਸਕ ਗੁਰੂਦੁਆਰਿਆਂ ਵਿੱਚ ਮਹੰਤਾਂ ਦੇ ਪ੍ਰਬੰਧਾਂ ਵਿੱਚ ਕੁਰੀਤੀਆਂ ਨਜ਼ਰ ਆ ਰਹੀਆਂ ਸਨ ਤੇ ਸਿੱਖ ਸੰਗਤਾਂ ਨਾਲ ਮਾੜਾ ਵਤੀਰਾ ਕੀਤਾ ਜਾਂਦਾ ਸੀ। ਗੁਰਦੁਆਰਿਆਂ ਨੂੰ ਮਹੰਤਾਂ ਦੀਆਂ ਮਨਮਾਨੀਆਂ ਤੋਂ ਆਜ਼ਾਦ ਕਰਵਾਉਣ ਦੇ ਮੱਦੇਨਜ਼ਰ ਗੁਰਦੁਆਰਾ ਸੁਧਾਰ ਲਹਿਰ ਦੀ ਸ਼ੁਰੂਆਤ ਕੀਤੀ ਗਈ। ਸੰਨ 1920 ਵਿੱਚ ਜਥੇਦਾਰ ਕਰਤਾਰ ਸਿੰਘ ਝੱਬਰ ਵੱਲੋ ਬੁਲਾਏ ਗਏ ਸਰਬੱਤ ਖਾਲਸੇ ਦੌਰਾਨ ਗੁਰੂਦੁਆਰਾ ਸੁਧਾਰ ਲਹਿਰ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ ਅਤੇ ਇਸ ਲਹਿਰ ਨੂੰ ਹੋਰ ਮਜਬੂਤ ਕਰਨ ਲਈ ਵਿਚਾਰ ਵਟਾਂਦਰੇ ਦੇ ਸਿਲਸਿਲਾ ਆਰੰਭ ਹੋਇਆ ਜਿਸ ਵਿੱਚੋਂ 14 ਦਸੰਬਰ 1920 ਨੂੰ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਕੀਤਾ ਜਿਹੜਾ ਪੰਜਾਬ ਦੇ ਰਾਜਨੀਤਕ ਦ੍ਰਿਸ਼ ‘ਤੇ ਪ੍ਰਗਟ ਹੋਣ ਵਾਲੀ ਉਹ ਪ੍ਰਮੁਖ ਜਥੇਬੰਦੀ ਬਣ ਗਿਆ। ਹਾਲਾਂਕਿ ਪਹਿਲਾਂ ਇਹ ਇੱਕ ਧਾਰਮਿਕ ਜਥੇਬੰਦੀ ਵਜੋਂ ਉਭਰਿਆ ਸੀ ਪਰ ਹੌਲੀ-ਹੌਲੀ ਇਸ ਨੂੰ ਸਿੱਖ ਪੰਥ ਦੇ ਰਾਜਨੀਤਕ, ਧਾਰਮਿਕ ਤੇ ਸਭਿਆਚਾਰਕ ਹਿੱਤਾਂ ਦੀ ਰਾਖੀ ਦੇ ਅਧਿਕਾਰ ਵੀ ਦੇ ਦਿੱਤੇ ਗਏ, ਜੋਕਿ ਅੰਗਰੇਜ਼ੀ ਹਕੂਮਤ ਦੁਆਰਾ ਸਥਾਪਤ ਵਿਧਾਨਕ ਸਭਾਵਾਂ ਵਿੱਚ ਸਿੱਖ ਪੰਥ ਦੀ ਨੁਮਾਇੰਦਗੀ ਕਰ ਸਕੇ। ਸਰਕਾਰ ਨਾਲ ਵਿਧਾਨਕ ਤੌਰ ’ਤੇ ਗੱਲਬਾਤ ਕਰਨ ਲਈ 1937 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਜਥੇਬੰਦੀ ਨੇ ਪਹਿਲੀ ਵਾਰੀ ਹਿੱਸਾ ਲਿਆ।
ਸਿੱਖ ਇਤਿਹਾਸਕਾਰਾਂ ਮੁਤਾਬਕ ਸਿੱਖ ਪੰਥ ਨੂੰ ਮੁਗਲ ਹਕੂਮਤ ਨਾਲ ਟਾਕਰੇ ਸਮੇਂ ਜਦੋਂ ਤੇ ਆਪਣੀ ਸੁਰੱਖਿਆਂ ਲਈ ਜੰਗਲਾਂ ਤੇ ਪਹਾੜਾਂ ਵੱਲ ਜਾਣਾ ਪਿਆ ਸੀ ਤਾਂ ਗੁਰੂਦੁਆਰੇ ਉਦਾਸੀ ਸੰਤਾਂ ਤੇ ਨਿਰਮਲੇ ਮਹੰਤਾਂ ਦੇ ਕਬਜ਼ੇ ਵਿੱਚ ਚੱਲੇ ਗਏ। ਮਹੰਤਾਂ ਦੁਆਰਾ ਗੁਰਦੁਆਰਾ ਸਾਹਿਬ ਵਿੱਚ ਚਲਾਈਆਂ ਜਾ ਰਹੀਆਂ ਕੁਰੀਤੀਆਂ ਵਿਰੱਧ ਹਾਲਾਂਕਿ ਆਵਾਜ਼ ਉਠਾਈ ਜਾਂਦੀ ਰਹੀ ਸੀ ਪਰ ਉਸ ਦਾ ਕੋਈ ਹੱਲ ਨਹੀਂ ਨਿਕਲ ਰਿਹਾ ਸੀ। ਇਸ ਤੋਂ ਬਾਅਦ ਸਿੱਖਾਂ ਨੂੰ ਜਥੇਬੰਦ ਕਰਨ ਲਈ ਸੁਧਾਰ ਲਹਿਰ ਚਲਾਉਣ ਵਾਸਤੇ ਖੇਤਰੀ ਖਾਲਸਾ ਦੀਵਾਨਾਂ ਦੇ ਰੂਪ ਵਿਚ ਤਿਆਰੀ ਕੀਤੀ ਗਈ। ਨਵੰਬਰ 1920 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਹੋਣ ਨਾਲ ਕਿਸੇ ਅਜਿਹੇ ਕੇਂਦਰੀ ਸੰਗਠਨ ਦੀ ਲੋੜ ਮਹਿਸੂਸ ਕੀਤੀ ਜਾਣ ਲੱਗੀ ਜਿਸ ਰਾਹੀਂ ਸਾਰੇ ਖੇਤਰੀ ਜੱਥਿਆਂ ਵਿੱਚ ਤਾਲਮੇਲ ਸਥਾਪਤ ਕੀਤਾ ਜਾ ਸਕੇ। ਉਸ ਮੌਕੇ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਘੱਟੋ-ਘੱਟ 10 ਖੇਤਰੀ ਜਥੇ ਗੁਰਦੁਆਰਾ ਸੁਧਾਰ ਲਹਿਰ ਵਿਚ ਆਪਣਾ-ਆਪਣਾ ਯੋਗਦਾਨ ਪਾ ਰਹੇ ਸਨ। ਤੱਤਕਾਲੀ ਸਿੱਖ ਆਗੂ ਮਾਸਟਰ ਮੋਤਾ ਸਿੰਘ ਨੇ ਸਭ ਤੋਂ ਪਹਿਲਾਂ ਇਹ ਸੁਝਾਅ ਦਿੱਤਾ ਕਿ 500 ਸੇਵਾਦਾਰਾਂ ਦੀ ਗਿਣਤੀ ਵਾਲਾ ਇਕ ਗੁਰਦੁਆਰਾ ਸੇਵਕ ਦਲ ਬਣਾਇਆ ਜਾਵੇ। ਥੋੜੇ ਸਮੇਂ ਬਾਅਦ ਹੀ 18 ਨਵੰਬਰ 1920 ਨੂੰ ਗੁਰਦੁਆਰਾ ਹਸਨ ਅਬਦਾਲ ਨੂੰ ਮਹੰਤਾਂ ਤੋਂ ਮੁਕਤ ਕਰਾਉਣ ਵਾਲੇ ਸ. ਕਰਤਾਰ ਸਿੰਘ ਝੱਬਰ ਨੇ ਇਹ ਪੇਸ਼ਕਸ਼ ਕੀਤੀ ਕਿ ਉਨਾਂ ਕੋਲ 200 ਸਿੱਖਾਂ ਦਾ ਜੱਥਾ ਤਿਆਰ ਹੈ ਜਿਸ ਨੂੰ ਕਿਸੇ ਵੀ ਕਾਰਵਾਈ ਤੇ ਕੁਰਬਾਨੀ ਲਈ ਭੇਜਿਆ ਜਾ ਸਕਦਾ ਹੈ ਅਤੇ ਇਹ ਵਾਕਿਆ ਜਿੰਦਾ ਸ਼ਹੀਦ ਵਾਲੀ ਭੂਮਿਕਾ ਨਿਭਾਉਣ ਦੀ ਸਮੱਰਥਾ ਰੱਖਦੇ ਸਨ।
ਵੱਖ-ਵੱਖ ਜਥੇਬੰਦੀਆ ਤੇ ਨਿੱਜੀ ਤੌਰ ‘ਤੇ ਆਏ ਸੁਝਾਵਾਂ ‘ਤੇ ਵਿਚਾਰ ਕਰਨ ਲਈ ਸਿੱਖ ਆਗੂਆਂ ਦੀ 14 ਦਸੰਬਰ 1920 ਨੂੰ ਅਕਾਲ ਤਖਤ ਦੇ ਸਾਹਮਣੇ ਇਕ ਇਕੱਤਰਤਾ ਹੋਈ ਜਿਸ ਵਿੱਚ ਇਕ ਕੇਂਦਰੀ ਦਲ ਦੀ ਸਥਾਪਨਾ ਕਰਕੇ ਸ.ਸਰਮੁਖ ਸਿੰਘ ਝਬਾਲ ( ਜਿਹੜਾ ਵੈਸੇ ਕਾਂਗਰਸ ਪੱਖੀ ਸੀ) ਨੂੰ ਉਸ ਦਾ ਪ੍ਰਧਾਨ ਥਾਪਿਆ ਗਿਆ। 23 ਜਨਵਰੀ 1921 ਨੂੰ ਅਕਾਲ ਤਖਤ ਤੇ ਹੋਏ ਦੁਬਾਰਾ ਇਕੱਠ ਵਿਚ ਜਥੇਬੰਦੀ ਨੂੰ ‘ਅਕਾਲੀ ਦਲ’ ਦਾ ਨਾਂ ਦਿਤਾ ਗਿਆ ਜਿਸਦੇ ਪਹਿਲੇ ਜਥੇਦਾਰ ਗੁਰਮੁਖ ਸਿੰਘ ਝਬਾਲ ਚੁਣੇ ਗਏ ਪਰ ਇਹ ਦਲ ਸ਼ਕਤੀ ਵਿਚ ਮਾਸਟਰ ਤਾਰਾ ਸਿੰਘ ਦੀ ਅਗਵਾਈ ਹੇਠ ਆਇਆ। 29 ਮਾਰਚ 1922 ਨੂੰ ਇਸ ਨਾਲ ਸ਼੍ਰੋਮਣੀ ਸ਼ਬਦ ਜੋੜ ਕੇ ਇਸ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਦਿਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦਾ ਮੁੱਖ ਮੰਤਵ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੋੜ ਅਨੁਸਾਰ ਸੇਵਾਦਾਰ ਮੁਹੱਈਆ ਕਰਵਾਉਣਾ ਸੀ ਅਤੇ ਮਹੰਤਾਂ ਕੋਲੋ ਗੁਰੂਦੁਆਰੇ ਅਜ਼ਾਦ ਕਰਵਾ ਕੇ ਸ਼੍ਰੋਮਣੀ ਕਮੇਟੀ ਨੂੰ ਸੋਪਣਾ ਸੀ। ਜਦੋਂ ਅਕਾਲੀ ਦਲ ਦੇ ਸੰਘਰਸ਼ ਨੇ ਤੇਜ਼ੀ ਫੜੀ ਤਾਂ ਪੰਜਾਬ ਵਿੱਚ ਇਸ ਨੇ ਕਈ ਸਫਲ ਮੋਰਚੇ ਜਿਵੇਂ ਤੋਸ਼ੇਖਾਨੇ ਦੀਆਂ ਚਾਬੀਆਂ ਦਾ ਮੋਰਚਾ, ਗੁਰੂ ਕੇ ਬਾਗ ਦਾ ਮੋਰਚਾ, ਜੈਤੋ ਦਾ ਮੋਰਚਾ, ਭਾਈ ਫੇਰੂ ਦਾ ਮੋਰਚਾ ਆਦਿ ਚਲਾ ਕੇ ਰਾਜਨੀਤਕ ਖੇਤਰ ਵਿਚ ਤਰਥੱਲੀ ਮਚਾ ਦਿੱਤੀ। ਇਸ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਣ ਸਤਿਕਾਰ ਤੇ ਸ਼ਕਤੀ ਵਿੱਚ ਭਾਰੀ ਵਾਧਾ ਹੋਇਆ ਅਤੇ ਦੋਵਾਂ ਜਥੇਬੰਦੀਆਂ ਦੇ ਕੇਂਦਰੀ ਦਫਤਰ ਦਰਬਾਰ ਸਾਹਿਬ ਵਿਖੇ ਸਥਾਪਤ ਕੀਤੇ ਗਏ । ਦੋਵਾਂ ਦੀ ਇਕਸੁਰਤਾ ਨਾਲ ਗੁਰਦੁਆਰਾ ਸੁਧਾਰ ਲਹਿਰ ਚਰਮ ਸੀਮਾ ਤੇ ਪੁੱਜ ਗਈ ਤੇ ਅੰਗਰੇਜ਼ ਵੀ ਇਨ੍ਹਾਂ ਦੀ ਸ਼ਕਤੀ ਤੋ ਡਰਨ ਲੱਗੇ। ਅੰਗਰੇਜ਼ ਹਕੂਮਤ ਵੱਲੋਂ ਦੋਵੇਂ ਜਥੇਬੰਦੀਆਂ ਨੂੰ ਇਕੱਠਿਆਂ ਹੀ 12 ਅਕਤੂਬਰ 1923 ਨੂੰ ਗੈਰ-ਕਾਨੂੰਨੀ ਕਰਾਰ ਦਿਤਾ ਗਿਆ। ਲਗਭਗ ਤਿੰਨ ਸਾਲ ਬਾਅਦ ਦੋਹਾਂ ਤੋਂ 13 ਸਤੰਬਰ 1926 ਨੂੰ ਖਤਮ ਕਰ ਦਿੱਤੀ ਗਈ। ਗੁਰਦੁਆਰਾ ਐਕਟ ਪ੍ਰਵਾਨ ਹੋਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਈ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ 85 ਸੀਟਾਂ ਜਿੱਤ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ।
ਦੇਸ਼ ਸੁਤੰਤਰਤਾ ਸੰਗ੍ਰਾਮ ਵਿੱਚ ਵੀ ਅਕਾਲੀ ਦਲ ਨੇ ਅਹਿਮ ਭੂਮਿਕਾ ਨਿਭਾਈ। ਮੋਤੀ ਲਾਲ ਨਹਿਰੂ ਦੀ ਅਗਵਾਈ ਵਿੱਚ ਮੁਸਲਿਮ ਤੇ ਸਿੱਖਾਂ ਦੀ ਸਾਂਝੀ ਬਣੀ ਕਮੇਟੀ ਵਿਚ ਜਦੋਂ ਸਿੱਖ ਹਿਤਾਂ ਦੀ ਸੁਰੱਖਿਆ ਕਰਨ ਦਾ ਕੋਈ ਭਰੋਸਾ ਨਾ ਦਿਤਾ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਲਾਹੌਰ ਵਿਖੇ 1929 ਵਿਚ ਹੋਣ ਵਾਲੇ ਕਾਂਗਰਸ ਦੇ 44ਵੇਂ ਸਾਲਾਨਾ ਸੈਸ਼ਨ ਦੇ ਸਮਾਨਾਂਤਰ ਅਕਾਲੀ ਕਾਨਫਰੰਸ ਦੌਰਾਨ ਬਾਬਾ ਖੜਕ ਸਿੰਘ ਨੇ ਐਲਾਨ ਕੀਤਾ ਕਿ ਪੰਜਾਬ ਵਿੱਚ ਸਿੱਖ ਹਿੱਤਾਂ ਦੀ ਰਾਖੀ ਹਰ ਹਾਲਤ ਵਿਚ ਕੀਤੀ ਜਾਵੇਗੀ ਤੇ ਸਿੱਖਾਂ ਨੂੰ ਅਣਡਿੱਠ ਕਰਕੇ ਕਿਸੇ ਨੂੰ ਪੰਜਾਬ ਵਿਚ ਰਾਜਸੀ ਵਿਰਾਸਤ ਕਾਇਮ ਨਹੀਂ ਕਰਨ ਦਿੱਤੀ ਜਾਵੇਗੀ। ਕਾਨਫਰੰਸ ਦੀ ਸਮਾਪਤੀ ਉਪਰੰਤ ਇਕ ਬੜਾ ਭਾਰੀ ਜਲੂਸ ਵੀ ਕੱਢਿਆ ਗਿਆ ਜਿਸ ਨੇ ਹਿੰਦੂ ਲੀਡਰਾਂ ਤੇ ਅੰਗਰੇਜਾਂ ਦੇ ਕਬਜ਼ੇ ਹਿਲਾ ਕੇ ਰੱਖ ਦਿੱਤੇ। ਇਸ ਇਕੱਠ ਨੂੰ ਵੇਖ ਕੇ ਕਾਂਗਰਸ ਨੇ ਇਹ ਸਪੱਸ਼ਟ ਐਲਾਨ ਕੀਤਾ ਕਿ ਪੰਜਾਬ ਵਿਚ ਸਿੱਖ ਹਿੱਤਾਂ ਦੀ ਰਾਖੀ ਸਿੱਖਾਂ ਦੀ ਇੱਛਾ ਅਨੁਸਾਰ ਕੀਤੀ ਜਾਵੇਗੀ ਜਿਹੜੀ ਅਜ਼ਾਦੀ ਤੋ ਬਾਅਦ ਨਹੀਂ ਕੀਤੀ ਗਈ ਤੇ ਹਿੰਦੂ ਆਗੂ ਕੀਤੇ ਵਾਅਦਿਆ ਤੋ ਮੁੱਕਰ ਹੀ ਨਹੀਂ ਗਏ ਸਗੋ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਲੋਕਾਂ ਦਾ ਖਿਤਾਬ ਦੇ ਕੇ ਅਜਾਦੀ ਪ੍ਰਾਪਤ ਬਾਅਦ ਪਹਿਲੀ ਸਿਆਸੀ ਆਗੂ ਦੀ ਗ੍ਰਿਫਤਾਰੀ ਸਿੱਖ ਆਗੂ ਮਾਸਟਰ ਤਾਰਾ ਸਿੰਘ ਦੀ ਹੋਈ ਜਿਹਨਾਂ ਨੂੰ ਜੇਲ ਵਿੱਚ ਬੰਦ ਕਰ ਦਿੱਤਾ ਗਿਆ।ਇਹ ਉਹੀ ਨਹਿਰੂ ਸੀ ਜਿਸ ਨੇ ਜਦੋਂ ਸਿੱਖਾਂ ਨੇ ਪਹਿਲੇ ਗੁਰੂਦੁਆਰੇ ਦਾ ਕਬਜ਼ਾ ਲਿਆ ਸੀ। 1930 ਵਿੱਚ ਬਾਬਾ ਖੜਕ ਸਿੰਘ ਤੋਂ ਬਾਅਦ ਸਿੱਖਾਂ ਵਿੱਚ ‘ਪੰਥ ਰਤਨ’ ਵਜੋਂ ਜਾਣੇ ਜਾਂਦੇ ਮਾਸਟਰ ਤਾਰਾ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ। ਸ਼੍ਰੋਮਣੀ ਅਕਾਲੀ ਦਲ ਨੇ ਧਰਮਾਂ ਦੇ ਆਧਾਰ ‘ਤੇ ਹੋਣ ਵਾਲੀ ਦੇਸ਼ ਦੀ ਵੰਡ ਨੂੰ ਰੋਕਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਪਰ ਅੰਗਰੇਜ਼ਾਂ ਦੀਆਂ ਸਾਜ਼ਿਸ਼ਾਂ ਅੱਗੇ ਉਹ ਮਜਬੂਰ ਹੋ ਗਏ। 1947 ਵਿਚ ਦੇਸ਼ ਦੀ ਵੰਡ ਉਪਰੰਤ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਲੰਬਾ ਸੰਘਰਸ਼ ਲੜਨਾ ਪਿਆ। 1964 ਵਿੱਚ ਅਕਾਲੀਆ ਨੂੰ ਪੰਜਾਬੀ ਸੂਬੇ ਦੀ ਸਫਲਤਾ ਮਿਲੀ ਤੇ ਅਖੀਰ 1966 ਵਿੱਚ ਅਕਾਲੀ ਦਲ ਆਪਣੇ ਇਸ ਮਿਸ਼ਨ ਵਿਚ ਕਾਮਯਾਬ ਹੋਇਆ। ਸ਼੍ਰੋਮਣੀ ਅਕਾਲੀ ਦਲ ਨੂੰ ਸਮੇਂ-ਸਮੇਂ ਸੰਤ ਫਤਹਿ ਸਿੰਘ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਸੰਤ ਹਰਚੰਦ ਸਿੰਘ ਲੌਂਗੋਵਾਲ, ਸ. ਸੁਰਜੀਤ ਸਿੰਘ ਬਰਨਾਲਾ, ਸ. ਪ੍ਰਕਾਸ਼ ਸਿੰਘ ਬਾਦਲ ਆਦਿ ਪ੍ਰਮੁੱਖ ਸ਼ਖਸੀਅਤਾਂ ਵਲੋਂ ਸੁਯੋਗ ਅਗਵਾਈ ਮਿਲਦੀ ਰਹੀ ਹੈ ਜਦ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਅਗਵਾਈ ਅੱਜ ਸ੍ਰ ਸੁਖਬੀਰ ਸਿੰਘ ਬਾਦਲ ਦੇ ਕੋਲ ਹੈ।