Sri Japji Sahib Part three : ਸ੍ਰੀ ਜਪੁਜੀ ਸਾਹਿਬ ਵਿੱਚ ਸਮੁੱਚੀ ਗੁਰਬਾਣੀ ਦੀ ਵਿਚਾਰਧਾਰਾ ਬੀਜ ਰੂਪ ਵਿੱਚ ਮੌਜੂਦ ਹੈ। ਦੂਜੀ ਪਉੜੀ ਵਿੱਚ ਗੁਰੂ ਸਾਹਿਬ ਨੇ ਪ੍ਰਮਾਤਮਾ ਦੇ ਹੁਕਮ ਬਾਰੇ ਦੱਸਿਆ ਹੈ, ਜਿਸ ਨਾਲ ਜ਼ਿੰਦਗੀ ਵਿੱਚ ਉਤਾਰ-ਚੜਾਅ ਆਉਂਦੇ ਹਨ ਅਤੇ ਦੁੱਖ-ਸੁੱਖ ਤੇ ਖੁਸ਼ਹਾਲੀ ਆਉਂਦੀ ਹੈ ਪਰ ਅਕਾਲ ਪੁਰਖ ਦਾ ਹੁਕਮ ਹੀ ਜਨਮ ਤੋਂ ਮੁਕਤ ਕਰਦਾ ਹੈ। ਇਸ ਹੁਕਮ ਨੂੰ ਸਮਝ ਕੇ ਹੀ ਹਉਮੈ ਤੋਂ ਮੁਕਤ ਹੋ ਸਕਦੇ ਹਾਂ। ਆਓ ਜਾਣੀਏ ਅਗਲੀ ਪਉੜੀ ਦੇ ਅਰਥ :
ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ॥ ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ॥ ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥ ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥
ਦੂਜੀ ਪਉੜੀ ਵਿੱਚ ਗੁਰੂ ਸਾਹਿਬ ਫਰਮਾਉਂਦੇ ਹਨ ਅਕਾਲ ਪੁਰਖ ਦੇ ਹੁਕਮ ਨਾਲ ਇਹ ਸਰੀਰ ਬਣਦੇ ਹਨ ਤੇ ਅਸੀਂ ਅਕਾਰ ਵਿਚ ਆਉਂਦੇ ਹਾਂ। ਉਸਦੇ ਹੁਕਮ ਨਾਲ ਸਾਨੂੰ ਜਸ (ਵਡਿਆਈ) ਮਿਲਦਾ ਹੈ। ਮਨੁੱਖ ਚੰਗੇ ਜਾਂ ਮੰਦੇ ਬਣਦੇ ਹਾਂ। ਉਸ ਦੇ ਹੁਕਮ ਨਾਲ ਹੀ ਜੀਵ ਨੂੰ ਦੁਖ ਜਾਂ ਸੁਖ ਮਿਲਦੇ ਹਨ। ਕਈ ਮੁਕਤ ਹੋ ਜਾਂਦੇ ਹਨ ਤੇ ਕਈ ਭਟਕਦੇ ਰਹਿ ਜਾਂਦੇ ਹਨ।
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥2॥
ਜਦ ਸਾਰੇ ਉਸਦੇ ਹੁਕਮ ਨਾਲ ਚਲਦੇ ਹਨ ਫਿਰ ਸੁਆਰਥ ਕਿਓਂ , ਹੰਕਾਰ ਕਿਓਂ, ਇਨਸਾਨ ਮੈਂ-ਮੈਂ ਕਿਓਂ ਕਰਦਾ ਹੈ। ਗੁਰੂ ਜੀ ਫਰਮਾਂਦੇ ਹਨ ਕਿ ਕੂੜ ਦੀ ਪਾਲ ਜੋ ਪ੍ਰਮਾਤਮਾ ਤੇ ਜੀਵ ਨੂੰ ਅਲੱਗ ਕਰਦੀ ਹੈ, ਉਸ ਹਉਮੈ ਨੂੰ ਤੋੜਨ ਲਈ ਸਿਰਫ ਇਕੋ ਹੀ ਸਾਧਨ ਹੈ ਕਿ ਉਸ ਪ੍ਰਮਾਤਮਾ ਪਿਆਰੇ ਦੇ ਹੁਕਮ ਅੰਦਰ ਰਹਿਣਾ ਚਾਹੀਦਾ ਹੈ ,ਕਿੰਤੂ, ਪਰੰਤੂ ਨਹੀਂ।
ਅਕਾਲ ਪੁਰਖ ਦਾ ਹੁਕਮ ਕੀ ਹੈ ਅਤੇ ਅਸੀਂ ਕਿਸ ‘ਤੇ ਚੱਲ ਕੇ ਪ੍ਰਮਾਤਮਾ ਦੀ ਪ੍ਰਾਪਤੀ ਕਰ ਸਕਦੇ ਹਾਂ ਇਹ ਦੱਸਣ ਤੋਂ ਪਹਿਲਾਂ ਗੁਰੂ ਸਾਹਿਬ ਨੇ ਤੀਸਰੀ ਪਉੜੀ ਵਿੱਚ ਉਸ ਪ੍ਰਮਾਤਮਾ ਦੇ ਗੁਣਾਂ ਦਾ ਵਰਣਨ ਕੀਤਾ ਹੈ।
ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ ॥ ਗਾਵੈ ਕੋ ਦਾਤਿ ਜਾਣੈ ਨੀਸਾਣੁ ॥ ਗਾਵੈ ਕੋ ਗੁਣ ਵਡਿਆਈਆ ਚਾਰ ॥ ਗਾਵੈ ਕੋ ਵਿਦਿਆ ਵਿਖਮੁ ਵੀਚਾਰੁ ॥ ਗਾਵੈ ਕੋ ਸਾਜਿ ਕਰੇ ਤਨੁ ਖੇਹ ॥ ਗਾਵੈ ਕੋ ਜੀਅ ਲੈ ਫਿਰਿ ਦੇਹ ॥ ਗਾਵੈ ਕੋ ਜਾਪੈ ਦਿਸੈ ਦੂਰਿ ॥ ਗਾਵੈ ਕੋ ਵੇਖੈ ਹਾਦਰਾ ਹਦੂਰਿ ॥
ਕੋਈ ਉਸਦੇ ਬਲ ਕਰਕੇ ਉਸਦੇ ਗੀਤ ਗਾਉਂਦਾ ਹੈ। ਕੋਈ ਉਸਦੀਆਂ ਬਖਸ਼ਿਸ਼ਾਂ ਕਰਕੇ, ਕੋਈ ਉਸਦੇ ਗਿਆਨ ਕਰਕੇ, ਕੋਈ ਉਸਨੂੰ ਇਸ ਲਈ ਗਾਉਂਦਾ ਹੈ ਕੀ ਉਹ ਸਰੀਰ ਰਚ ਕੇ ਮਿਟੀ ਕਰ ਦਿੰਦਾ ਹੈ, ਜਿੰਦ ਦਿੰਦਾ ਹੈ ਤੇ ਫਿਰ ਲੈਂਦਾ ਹੈ। ਕੋਈ ਉਸ ਨੂੰ ਦੂਰ ਤੇ ਕੋਈ ਉਸਨੂੰ ਨੇੜੇ ਸਮਝ ਕੇ ਗਾਉਂਦਾ ਹੈ।
ਕਥਨਾ ਕਥੀ ਨ ਆਵੈ ਤੋਟਿ ॥ ਕਥਿ ਕਥਿ ਕਥੀ ਕੋਟੀ ਕੋਟਿ ਕੋਟਿ ॥ ਦੇਦਾ ਦੇ ਲੈਦੇ ਥਕਿ ਪਾਹਿ ॥ ਜੁਗਾ ਜੁਗੰਤਰਿ ਖਾਹੀ ਖਾਹਿ ॥ ਹੁਕਮੀ ਹੁਕਮੁ ਚਲਾਏ ਰਾਹੁ ॥ ਨਾਨਕ ਵਿਗਸੈ ਵੇਪਰਵਾਹੁ ॥3॥
ਕਰੋੜਾਂ ਲੋਕ ਉਸ ਅਕਾਲ ਪੁਰਖ ਨੂੰ ਗਾ-ਗਾ ਕੇ ਥਕ ਗਏ ਹਨ ਪਰ ਕੋਈ ਉਸਦੇ ਗੁਣਾਂ ਦਾ ਅੰਤ ਨਹੀਂ ਪਾ ਸਕਿਆ। ਉਹ ਅਕਾਲ ਪੁਰਖ ਦਿੰਦਾ ਹੋਇਆ ਨਹੀਂ ਥਕਦਾ ਜੁਗਾਂ ਜੁਗੰਤਰ ਤੋਂ ਦਿੰਦਾ ਚਲਿਆ ਆਇਆ ਹੈ ਪਰ ਲੈਣ ਵਾਲੇ ਹਾਰ ਹੁਟ ਦੁਨੀਆ ਤੋਂ ਚਲੇ ਜਾਂਦੇ ਹਨ। ਪਰ ਉਹ ਦੇ ਦੇ ਕੇ ਵੀ ਸਦਾ ਖੇੜੇ ਵਿਚ ਰਹਿੰਦਾ ਹੈ। (ਚੱਲਦਾ…)