Sri Japji Sahib Second Part : ‘ਜਪੁ’ ਦਾ ਅਰਥ ਹੈ ਸਿਮਰਨ। ਅਕਾਲ ਪੁਰਖ ਦਾ ਸਿਮਰਨ ਹੀ ਆਤਮਾ ਤੇ ਪ੍ਰਮਾਤਮਾ ਵਿਚਲੀ ਦੂਰੀ ਨੂੰ ਮਿਟਾ ਸਕਦਾ ਹੈ। ਬਾਣੀ ‘ਜਪੁ’ ਵਿਚ ਇਸ ਸਿਮਰਨ ਦੀ ਹੀ ਵਿਆਖਿਆ ਕੀਤੀ ਗਈ ਹੈ ਇਸ ਲਈ ਇਸ ਦਾ ਨਾਮ ‘ਜਪੁ’ ਹੈ। ਪਹਿਲਾ ਸਲੋਕ ਅਕਾਲ ਪੁਰਖ ਦੀ ਉਸਤਤਿ ਵਿੱਚ ਲਿਖਿਆ ਗਿਆ ਹੈ ਕਿ ਉਹ ਹੀ ਜੁੱਗੋ-ਜੁੱਗ ਸੱਚ ਹੈ ਅਤੇ ਦੂਜਾ ਸਲੋਕ ਬਾਣੀ ਦੇ ਅਖੀਰ ਵਿੱਚ ਹੈ।
ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥1॥
ਉਸ ਅਕਾਲ ਪੁਰਖ ਦਾ ਨਾਂ ਆਦਿ, ਜੁਗਾਦਿ ਤੋਂ ਸੱਚ ਹੈ, ਹੁਣ ਵੀ ਤੇ ਹਮੇਸ਼ਾ ਹੀ ਸੱਚਾ ਰਹੇਗਾ।
ਸ੍ਰੀ ਜਪੁਜੀ ਸਾਹਿਬ ਦੀ ਪਹਿਲੀ ਪਉੜੀ ਦੇ ਅਰਥ ਸਮਝਣ ਤੋਂ ਪਹਿਲਾਂ ਕੁਝ ਗੱਲਾਂ ‘ਤੇ ਵਿਚਾਰ ਕਰਦੇ ਹਾਂ। ਪਹਿਲੇ ਪਾਤਸ਼ਾਹ ਜੀ ਦੇ ਸਮੇਂ ਦੌਰਾਨ ਹਿੰਦੂ ਤੇ ਮੁਸਲਮਾਨ ਮਤ ਦਾ ਜ਼ੋਰ ਸੀ। ਹਿੰਦੂ ਧਰਮ ਵਿੱਚ ਕਰਮਕਾਂਡ ਪ੍ਰਧਾਨ ਸਨ। ਇਸੇ ਨੂੰ ਲੈ ਕੇ ਗੁਰੂ ਸਾਹਿਬ ਨੇ ਪਹਿਲੀ ਪਉੜੀ ਵਿੱਚ ਜ਼ਿਕਰ ਕੀਤਾ ਹੈ। ਉਸ ਸਮੇਂ ਸੁੱਚਮਤਾ ਦੇ ਨਾਂ ‘ਤੇ ਉੱਚੀ ਜਾਤ ਵਾਲੇ ਜਿਵੇਂ ਪੰਡਤ ਆਦਿ ਨੀਵੀਆਂ ਜਾਤੀਆਂ ਨਾਲ ਬਹੁਤ ਹੀ ਭੇਦਭਾਵ ਵਾਲਾ ਵਤੀਰਾ ਕਰਦੇ ਸਨ। ਇਨ੍ਹਾਂ ਕਰਮਕਾਂਡਾਂ ਵਿੱਚ ਤੀਰਥਾਂ ‘ਤੇ ਇਸ਼ਨਾਨ ਕਰਨਾ ਤੇ ਮੌਨੀ ਹੋ ਜਾਣਾ, ਭਾਵ ਜਬਾਨ ਵੱਲੋਂ ਚੁੱਪ ਕਰ ਜਾਣਾ ਜਿਵੇਂਕਿ ਜੋਗੀ ਲੋਕ ਪ੍ਰਮਾਤਮਾ ਦੀ ਪ੍ਰਾਪਤੀ ਲਈ ਮੌਨ ਧਾਰਨ ਕਰਦੇ ਸਨ, ਵਰਗੇ ਕਰਮਕਾਂਡ ਪ੍ਰਧਾਨ ਸਨ। ਜਪੁਜੀ ਸਾਹਿਬ ਦੀ ਜਿਆਦਾਤਰ ਵਿਆਖਿਆ ਗੁਰੂ ਨਾਨਕ ਦੀ ਸਿੱਧਾਂ ਨਾਲ ਸੁਮੇਰ ਪਰਬਤ ‘ਤੇ ਹੋਈ ਚਰਚਾ ਹੈ। ਜਿਸ ਵਿੱਚ ਸਿਧਾਂ ਵੱਲੋਂ ਗੁਰੂ ਜੀ ਨੂੰ ਕਈ ਸਵਾਲ ਕੀਤੇ ਜਾਂਦੇ ਹਨ ਤੇ ਪਾਤਸ਼ਾਹ ਉਨ੍ਹਾਂ ਦੇ ਜਵਾਬ ਦਿੰਦੇ ਹਨ। ਪਹਿਲੀ ਪਉੜੀ ਵਿੱਚ ਗੁਰੂ ਜੀ ਨੇ ਮਨੁੱਖਤਾ ਨੂੰ ਮੁਕਤੀ ਦਾ ਸਰਲ ਅਤੇ ਸੌਖਾ ਰਾਹ ਦੱਸਿਆ। ਪਹਿਲੀ ਪਉੜੀ ਵਿੱਚ ਗੁਰੂ ਸਾਹਿਬ ਫਰਮਾਉਂਦੇ ਹਨ :
ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥ ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥
ਪਹਿਲੀ ਪਉੜੀ ਵਿੱਚ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਭਾਵੇਂ ਲੱਖਾਂ ਵਾਰ ਤੀਰਥਾਂ ‘ਤੇ ਜਾਕੇ ਇਸ਼ਨਾਨ ਕਰ ਲਵੋ, ਪਰ ਇਸ ਨਾਲ ਤੁਹਾਡਾ ਮਨ ਸੁੱਚਾ ਨਹੀਂ ਹੋ ਸਕਦਾ ਤੇ ਮਨ ਦਾ ਸੁੱਚਾ ਹੋਣਾ ਹੀ ਜ਼ਰੂਰੀ ਹੈ। ਮੂੰਹ ਤੋਂ ਚੁੱਪ ਰਹਿਣਾ, ਮੌਨ-ਵਰਤ ਰਖ ਲੈਣਾ ਆਦਿ ਨਾਲ ਮਨ ਚੁੱਪ ਨਹੀਂ ਹੁੰਦਾ, ਮਨ ਭਟਕਦਾ ਰਹਿੰਦਾ ਹੈ ਬਲਿਕ ਜਿਆਦਾ ਵਿਆਕੁਲ ਹੋ ਜਾਂਦਾ ਹੈ1 ਭਾਵੇਂ ਤੁਸੀਂ ਲੰਮਾਂ ਸਮਾਂ ਇਕਧਾਰ ਚੁੱਪ ਧਾਰੀ ਕਰੀ ਰੱਖੋ।
ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥ ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥1॥
ਇਨਸਾਨ ਦੀ ਭੁੱਖ ਮਤਲਬ ਤ੍ਰਿਸ਼ਨਾ ਕਦੇ ਨਹੀਂ ਮਿਟਦੀ ਚਾਹੇ ਤੁਸੀਂ ਧੰਨ-ਦੌਲਤ ਤੇ ਪਦਾਰਥਾਂ ਦੀਆਂ ਪੰਡਾਂ ਬੰਨ ਲਵੇ। ਆਪਣੇ ਆਪ ਨੂੰ ਸਿਆਣਾ ਸਮਝਣ ਦੀ ਦਰਗਾਹ ‘ਤੇ ਕੋਈ ਕੀਮਤ ਨਹੀਂ ਭਾਵ ਕੋਈ ਦੁਨੀਆਂ ਵਿੱਚ ਕਿੰਨਾ ਵੀ ਚਲਾਕ ਜਾਂ ਸਿਆਣਾ ਬਣ ਜਾਵੇ, ਪਰੰਤੂ ਪ੍ਰਮਾਤਮਾ ਦੀ ਨਜ਼ਰ ਵਿੱਚ ਉਸਦੀਆਂ ਲੱਖਾਂ ਸਿਆਣਪਾਂ ਸਭ ਵਿਅਰਥ ਹਨ। ਅਜਿਹੇ ਇਨਸਾਨ ਦੁਨੀਆ ਦੀ ਨਜ਼ਰ ਵਿੱਚ ਤਾਂ ਘੱਟਾ ਪਾ ਸਕਦੇ ਹਨ ਪਰੰਤੂ ਪ੍ਰਮਾਤਮਾ ਅੱਗੇ ਸਚੇ ਤੇ ਸੁਚੇ ਨਹੀਂ ਹੋ ਸਕਦੇ। ਇਹ ਕੂੜ ਦੀ ਪਾਲ ਹੀ ਜੀਵ ਤੋਂ ਪ੍ਰਮਾਤਮਾ ਨੂੰ ਅਲਗ ਕਰਦੀ ਹੈ। ਅਕਾਲ ਪੁਰਖ ਦੀ ਰਜ਼ਾ ਵਿੱਚ ਰਹਿ ਕੇ ਹੀ ਕੂੜ (ਝੂਠ) ਦਾ ਪਰਦਾ ਟੁੱਟ ਸਕਦਾ ਹੈ। (ਚਲਦਾ…)