Sri Sukhmani Sahib (Part Fifth) : ਸੁਖਮਨੀ ਸਾਹਿਬ ਸਿੱਖ ਧਰਮ ਦੇ ਮੁੱਖ ਸਿਧਾਂਤਾਂ ਦਾ ਕਥਨ ਹੈ ਜਿਸ ਨੂੰ ਸ਼ਰਧਾ-ਭਰਪੂਰ ਕਾਵਿਕ ਰੂਪ ਵਿੱਚ ਪ੍ਰਗਟ ਕੀਤਾ ਗਿਆ ਹੈ। ਸਿੱਖ ਸਵੇਰ ਦੀਆਂ ਨਿਤਨੇਮ ਬਾਣੀਆਂ ਵਾਂਗ ਇਸ ਦਾ ਪਾਠ ਕਰਦੇ ਹਨ ਅਤੇ ਇਹ ਗੁਰੂ ਗ੍ਰੰਥ ਸਾਹਿਬ ਵਿਚਲੀਆਂ ਸੌਖੀਆਂ ਬਾਣੀਆਂ ਵਿੱਚੋਂ ਇੱਕ ਹੈ। ਇਹ ਸ਼ਬਦ-ਰੂਪਾਂ ਅਤੇ ਰਚਨਾ ਪੱਖੋਂ ਸੌਖੀ ਬਾਣੀ ਹੈ ਪਰ ਇਸ ਦੇ ਅਸਲੀ ਅਰਥ ਉਸ ਮਨੁੱਖ ਨਹੀੰ ਸਮਝ ਨਹੀਂ ਆਉਂਦੇ ਜੋ ਅਧਿਆਤਮਿਕ ਅਨੁਭਵ ਅਤੇ ਗੁਰਬਾਣੀ ਦੀ ਸ਼ਬਦਾਵਲੀ ਅਤੇ ਮੁਹਾਵਰੇ ਦਾ ਜਾਣਕਾਰੀ ਨਹੀਂ ਹੈ। ਇਸ ਦੀ ਭਾਸ਼ਾ ਖੜੀ ਬੋਲੀ ਦੇ ਨੇੜੇ ਹੈ।
ਪ੍ਰਭ ਕਉ ਸਿਮਰਹਿ ਸੇ ਪਰਉਪਕਾਰੀ ॥ ਪ੍ਰਭ ਕਉ ਸਿਮਰਹਿ ਤਿਨ ਸਦ ਬਲਿਹਾਰੀ ॥ ਪ੍ਰਭ ਕਉ ਸਿਮਰਹਿ ਸੇ ਮੁਖ ਸੁਹਾਵੇ ॥ ਪ੍ਰਭ ਕਉ ਸਿਮਰਹਿ ਤਿਨ ਸੂਖਿ ਬਿਹਾਵੈ ॥ ਪ੍ਰਭ ਕਉ ਸਿਮਰਹਿ ਤਿਨ ਆਤਮੁ ਜੀਤਾ ॥ ਪ੍ਰਭ ਕਉ ਸਿਮਰਹਿ ਤਿਨ ਨਿਰਮਲ ਰੀਤਾ ॥ ਪ੍ਰਭ ਕਉ ਸਿਮਰਹਿ ਤਿਨ ਅਨਦ ਘਨੇਰੇ ॥ ਪ੍ਰਭ ਕਉ ਸਿਮਰਹਿ ਬਸਹਿ ਹਰਿ ਨੇਰੇ ॥ ਸੰਤ ਕ੍ਰਿਪਾ ਤੇ ਅਨਦਿਨੁ ਜਾਗਿ ॥ ਨਾਨਕ ਸਿਮਰਨੁ ਪੂਰੈ ਭਾਗਿ ॥੬॥ {ਪੰਨਾ 263}
ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹ ਦੂਜਿਆਂ ਨਾਲ ਭਲਾਈ ਕਰਨ ਵਾਲੇ ਬਣ ਜਾਂਦੇ ਹਨ, ਉਹਨਾਂ ਤੋਂ ਮੈਂ ਸਦਾ ਸਦਕੇ ਹਾਂ। ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਉਹਨਾਂ ਦੇ ਮੂੰਹ ਸੋਹਣੇ ਲੱਗਦੇ ਹਨ, ਉਹਨਾਂ ਦੀ ਉਮਰ ਸੁਖ ਵਿਚ ਗੁਜ਼ਰਦੀ ਹੈ। ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹ ਆਪਣੇ ਆਪ ਨੂੰ ਜਿੱਤ ਲੈਂਦੇ ਹਨ ਅਤੇ ਉਹਨਾਂ ਦੀ ਜ਼ਿੰਦਗੀ ਗੁਜ਼ਾਰਨ ਦਾ ਤਰੀਕਾ ਪਵਿੱਤਰ ਹੋ ਜਾਂਦਾ ਹੈ। ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹਨਾਂ ਨੂੰ ਖ਼ੁਸ਼ੀਆਂ ਹੀ ਖ਼ੁਸ਼ੀਆਂ ਹਨ, ਕਿਉਂਕਿ ਉਹ ਪ੍ਰਭੂ ਦੀ ਹਜ਼ੂਰੀ ਵਿਚ ਵੱਸਦੇ ਹਨ। ਸੰਤਾਂ ਦੀ ਕ੍ਰਿਪਾ ਨਾਲ ਹੀ ਇਹ ਹਰ ਵੇਲੇ ਸਿਮਰਨ ਦੀ ਜਾਗ ਆ ਸਕਦੀ ਹੈ; ਹੇ ਨਾਨਕ! ਸਿਮਰਨ ਦੀ ਦਾਤਿ ਵੱਡੀ ਕਿਸਮਤ ਨਾਲ ਮਿਲਦੀ ਹੈ ।6।
ਪ੍ਰਭ ਕੈ ਸਿਮਰਨਿ ਕਾਰਜ ਪੂਰੇ ॥ ਪ੍ਰਭ ਕੈ ਸਿਮਰਨਿ ਕਬਹੁ ਨ ਝੂਰੇ ॥ ਪ੍ਰਭ ਕੈ ਸਿਮਰਨਿ ਹਰਿ ਗੁਨ ਬਾਨੀ ॥ ਪ੍ਰਭ ਕੈ ਸਿਮਰਨਿ ਸਹਜਿ ਸਮਾਨੀ ॥ ਪ੍ਰਭ ਕੈ ਸਿਮਰਨਿ ਨਿਹਚਲ ਆਸਨੁ ॥ ਪ੍ਰਭ ਕੈ ਸਿਮਰਨਿ ਕਮਲ ਬਿਗਾਸਨੁ ॥ ਪ੍ਰਭ ਕੈ ਸਿਮਰਨਿ ਅਨਹਦ ਝੁਨਕਾਰ ॥ ਸੁਖੁ ਪ੍ਰਭ ਸਿਮਰਨ ਕਾ ਅੰਤੁ ਨ ਪਾਰ ॥ ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਇਆ ॥ ਨਾਨਕ ਤਿਨ ਜਨ ਸਰਨੀ ਪਇਆ ॥੭॥ {ਪੰਨਾ 263}
ਪ੍ਰਭੂ ਦਾ ਸਿਮਰਨ ਕਰਨ ਨਾਲ ਮਨੁੱਖ ਦੇ (ਸਾਰੇ) ਕੰਮ ਪੂਰੇ ਹੋ ਜਾਂਦੇ ਹਨ (ਭਾਵ, ਉਹ ਲੋੜਾਂ ਦੇ ਅਧੀਨ ਨਹੀਂ ਰਹਿੰਦਾ) ਅਤੇ ਕਦੇ ਚਿੰਤਾ ਦੇ ਵੱਸ ਨਹੀਂ ਹੁੰਦਾ। ਪ੍ਰਭੂ ਦਾ ਸਿਮਰਨ ਕਰਨ ਨਾਲ, ਮਨੁੱਖ ਅਕਾਲ ਪੁਰਖ ਦੇ ਗੁਣ ਹੀ ਉਚਾਰਦਾ ਹੈ (ਭਾਵ, ਉਸ ਨੂੰ ਸਿਫ਼ਤਿ-ਸਾਲਾਹ ਦੀ ਆਦਤ ਪੈ ਜਾਂਦੀ ਹੈ) ਅਤੇ ਸਹਜ ਅਵਸਥਾ ਵਿਚ ਟਿਕਿਆ ਰਹਿੰਦਾ ਹੈ। ਪ੍ਰਭੂ ਦਾ ਸਿਮਰਨ ਕਰਨ ਨਾਲ ਮਨੁੱਖ ਦਾ ਮਨ ਰੂਪੀ ਆਸਨ ਡੋਲਦਾ ਨਹੀਂ ਅਤੇ ਉਸ ਦੇ ਹਿਰਦੇ ਦਾ ਕਉਲ-ਫੁੱਲ ਖਿੜਿਆ ਰਹਿੰਦਾ ਹੈ। ਪ੍ਰਭੂ ਦਾ ਸਿਮਰਨ ਕਰਨ ਨਾਲ ਮਨੁੱਖ ਦੇ ਅੰਦਰ ਇਕ-ਰਸ ਸੰਗੀਤ ਜਿਹਾ ਹੁੰਦਾ ਰਹਿੰਦਾ ਹੈ ਭਾਵ ਪ੍ਰਭੂ ਦੇ ਸਿਮਰਨ ਤੋਂ ਜੋ ਸੁਖ ਉਪਜਦਾ ਹੈ ਉਹ ਕਦੇ ਮੁੱਕਦਾ ਨਹੀਂ। ਉਹੀ ਮਨੁੱਖ (ਪ੍ਰਭੂ ਨੂੰ) ਸਿਮਰਦੇ ਹਨ, ਜਿਨ੍ਹਾਂ ਉਤੇ ਪ੍ਰਭੂ ਦੀ ਮੇਹਰ ਹੁੰਦੀ ਹੈ; ਹੇ ਨਾਨਕ! (ਕੋਈ ਵਡਭਾਗੀ) ਉਹਨਾਂ (ਸਿਮਰਨ ਕਰਨ ਵਾਲੇ) ਜਨਾਂ ਦੀ ਸਰਣੀ ਪੈਂਦਾ ਹੈ।7।