ਸ੍ਰੀ ਗੁਰੂ ਤੇਗ ਬਹਾਦਰ ਜੀ ਆਨੰਦਪੁਰ ਦੀ ਉਸਾਰੀ ਕਰਵਾ ਰਹੇ ਸਨ। ਉਨ੍ਹਾਂ ਦਿਨਾਂ ਵਿਚ ਰੋਪੜ ਦਾ ਰਹਿਣ ਵਾਲਾ ਸੱਯਦ ਮੂਸਾ ਅਨੰਦਪੁਰ ਦੇ ਕੋਲ ਦੀ ਲੰਘਿਆ। ਉਸ ਨੇ ਵੱਡੇ ਉੱਚੇ ਮਕਾਨ ਬਣਦੇ ਦੇਖ ਕੇ ਇਕ ਸਿੱਖ ਨੂੰ ਪੁੱਛਿਆ ਕਿ ਇਹ ਮਹਿਲਾਂ ਵਰਗੇ ਵੱਡੇ ਅਤੇ ਸੋਹਣੇ ਮਕਾਨ ਕੌਣ ਬਣਵਾ ਰਿਹਾ ਹੈ ? ਸਿੱਖ ਨੇ ਜਵਾਬ ਦਿੱਤਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਇਥੇ ਨਵਾਂ ਸ਼ਹਿਰ ਵਸਾ ਰਹੇ ਹਨ। ਸੱਯਦ ਮੂਸਾ ਨੇ ਬਹੁਤ ਹੈਰਾਨ ਹੋ ਕੇ ਪੁੱਛਿਆ ਜੇ ਉਹ ਵੈਰਾਗੀ ਹਨ ਤਾਂ ਇਹ ਵੱਡੇ ਵੱਡੇ ਮਹਿਲ ਕਿਉਂ ਬਣਵਾ ਰਹੇ ਹਨ ।
ਸੱਯਦ ਮੂਸਾ ਨੇ ਕਿਹਾ ਮੈਂ ਉਨ੍ਹਾਂ ਨੂੰ ਮਿਲ ਕੇ ਆਪਣੇ ਮਨ ਦਾ ਸ਼ੰਕਾ ਦੂਰ ਕਰਨਾ ਚਾਹੁੰਦਾ ਹਾਂ ਕਿ ਕਿਵੇਂ ਇਕ ਗ੍ਰਿਹਸਤੀ ਦੁਨੀਆ ਦੀ ਮਾਇਆ ਵਿਚ ਰਹਿੰਦਾ ਹੋਇਆ ਮਾਇਆ ਦਾ ਮੋਹ ਤਿਆਗ ਸਕਦਾ ਹੈ ਅਤੇ ਵੈਰਾਗੀ ਹੋ ਸਕਦਾ ਹੈ। ਸਿੱਖ ਸੱਯਦ ਮੂਸਾ ਨੂੰ ਗੁਰੂ ਜੀ ਪਾਸ ਲੈ ਗਿਆ। ਗੁਰੂ ਜੀ ਨੇ ਸੱਯਦ ਮੂਸਾ ਨੂੰ ਆਪਣੇ ਪਾਸ ਬੜੇ ਸਤਿਕਾਰ ਨਾਲ ਬਿਠਾ ਕੇ ਪੁੱਛਿਆ, “ਮੈਨੂੰ ਆਪਣਾ ਸਵਾਲ ਦੱਸੋ, ਮੈਂ ਆਪ ਦੇ ਮਨ ਦਾ ਭਰਮ ਦੂਰ ਕਰਾਂਗਾ। ਸੱਯਦ ਮੂਸਾ ਨੇ ਗੁਰੂ ਜੀ ਨੂੰ ਸਵਾਲ ਕੀਤਾ ਆਪ ਗ੍ਰਸਤੀ ਹੋ ਅਤੇ ਵੱਡੇ-ਵੱਡੇ ਮਹਿਲ ਉਸਾਰ ਰਹੇ ਹੋ। ਜੋ ਆਪ ਨੂੰ ਮਾਇਆ ਨਾਲ ਮੋਹ ਨਹੀਂ ਤਾਂ ਫਿਰ ਇਹ ਵੱਡੇ-ਵੱਡੇ ਮਕਾਨ ਕਿਉਂ ਬਣਵਾ ਰਹੇ ਹੋ ? ਗੁਰੂ ਜੀ ਨੇ ਕਿਹਾ, “ਅੱਜ ਦੀ ਰਾਤ ਤੁਸੀਂ ਸਾਡੇ ਪਾਸ ਰਹੋ, ਸਵੇਰੇ ਚਲੇ ਜਾਣਾ। ਸਵੇਰ ਤੱਕ ਆਪ ਦੇ ਸਵਾਲ ਦਾ ਉੱਤਰ ਆਪ ਨੂੰ ਮਿਲ ਜਾਵੇਗਾ
ਸ਼ਾਮ ਨੂੰ ਸੱਯਦ ਮੂਸਾ ਨੇ ਲੰਗਰ ਵਿਚ ਪ੍ਰਸ਼ਾਦ ਛਕਿਆ। ਸੇਵਾਦਾਰ ਨੇ ਉਸ ਨੂੰ ਮੰਜਾ ਅਤੇ ਬਿਸਤਰਾ ਦੇ ਦਿੱਤਾ। ਉਹ ਇਕ ਕਮਰੇ ਵਿਚ ਮੰਜੇ ਉੱਪਰ ਬਿਸਤਰਾ ਵਿੱਛਾ ਕੇ ਆਰਾਮ ਨਾਲ ਸੌਂ ਗਿਆ ਰਾਤ ਨੂੰ ਬੜੇ ਜ਼ੋਰਾਂ ਦੀ ਬਾਰਸ਼ ਹੋਣ ਲੱਗੀ ਅਤੇ ਹਵਾ ਚੱਲਣ ਲੱਗੀ। ਮੀਂਹ ਅਤੇ ਹਵਾ ਦੇ ਰੌਲੋ ਨਾਲ ਉਸ ਦੀ ਨੀਂਦ ਖੁੱਲ੍ਹ ਗਈ। ਜਾਗ ਆਉਣ ਤੇ ਉਹ ਸੋਚਣ ਲੱਗਾ ਕਿ ਜੇ ਉਹ ਇਸ ਮੀਂਹ ਵਿਚ ਬਾਹਰ ਹੁੰਦਾ ਤਾਂ ਉਸ ਦਾ ਕਿੰਨਾ ਬੁਰਾ ਹਾਲ ਹੋਣਾ ਸੀ। ਇਹ ਕਮਰਾ, ਮੰਜਾ ਅਤੇ ਬਿਸਤਰਾ, ਆਦਿ ਵਸਤੁਆਂ, ਸਭ ਗ੍ਰਹਿਸਤੀਆਂ ਦੀ ਹੀ ਦੇਣ ਹਨ। ਗੁਰੂ, ਗ੍ਰਹਿਸਤੀਆਂ ਪਾਸੋਂ ਇਕੱਠੀ ਹੁੰਦੀ ਮਾਇਆ ਸਾਰਿਆਂ ਦੇ ਭਲੇ ਲਈ ਖ਼ਰਚ ਕਰਦੇ ਹਨ। ਇਨ੍ਹਾਂ ਨੂੰ ਮਾਇਆ ਇਕੱਠੀ ਕਰਨ ਦਾ ਕੋਈ ਲਾਲਚ ਨਹੀਂ। ਇਹ ਗ੍ਰਿਹਸਤੀ ਹੁੰਦੇ ਹੋਏ ਵੀ ਤਿਆਗੀ ਹਨ। ਸਵੇਰ ਨੂੰ ਜਾਣ ਲੱਗੇ ਸੱਯਦ ਮੂਸਾ ਨੇ ਗੁਰੂ ਜੀ ਨੂੰ ਕਿਹਾ ਮੇਰੇ ਮਨ ਦਾ ਸ਼ੰਕਾ ਦੂਰ ਹੋ ਗਿਆ ਹੈ। ਮੈਨੂੰ ਪਤਾ ਚੱਲ ਗਿਆ ਹੈ ਕਿ ਗ੍ਰਿਹਸਤੀ ਹੀ ਰਿਸ਼ੀਆਂ-ਮੁਨੀਆਂ ਦੇ ਜਨਮਦਾਤਾ ਹਨ, ਸਾਰਿਆਂ ਦੇ ਅੰਨਦਾਤਾ ਅਤੇ ਆਰਾਮਦਾਤਾ ਹਨ।
ਇਹ ਵੀ ਪੜ੍ਹੋ : ਗੁਰੂ ਸਾਹਿਬ ਵੱਲੋਂ ਭਾਈ ਸੰਗਤ ਜੀ ਦੇ ਸੀਸ ‘ਤੇ ਕਲਗੀ ਸਜਾ ਕੇ ਖਾਲਸੇ ਨੂੰ ਗੁਰੂਤਾ ਬਖਸ਼ਣਾ