ਭਾਈ ਕਲਿਆਣਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਦੇ ਇੱਕ ਪ੍ਰਸਿੱਧ ਅਤੇ ਵਿਦਵਾਨ ਸਿੱਖ ਸਨ। ਜਦੋਂ ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ ਤਾਂ ਗੁਰੂ ਜੀ ਨੇ ਇਕ ਵਾਰੀ ਇਨ੍ਹਾਂ ਨੂੰ ਧਨ ਇਕੱਠਾ ਕਰਨ ਅਤੇ ਇਮਾਰਤੀ ਲੱਕੜੀ ਲਿਆਉਣ ਲਈ ਪਹਾੜੀ ਇਲਾਕੇ ਵਿਖੇ ਭੇਜਿਆ।
ਜਦੋਂ ਭਾਈ ਕਲਿਆਣਾ ਮੰਡੀ ਨਾਂ ਦੀ ਪਹਾੜੀ ਰਿਆਸਤ ਦੀ ਰਾਜਧਾਨੀ ਮੰਡੀ ਸ਼ਹਿਰ ਪਹੁੰਚੇ ਤਾਂ ਇਨ੍ਹਾਂ ਨੂੰ ਪਤਾ ਲੱਗਾ ਕਿ ਇਹ ਕ੍ਰਿਸ਼ਨ ਮਹਾਰਾਜ ਦੇ ਜਨਮ ਉਤਸਵ, ਭਾਵ ਜਨਮ ਅਸ਼ਟਮੀ ਦਾ ਦਿਨ ਸੀ। ਰਿਆਸਤ ਦੇ ਸ਼ਾਸਕ ਰਾਜਾ ਹਰੀ ਸੇਨ ਨੇ ਸਭ ਨੂੰ ਵਰਤ ਰੱਖਣ ਦਾ ਹੁਕਮ ਦਿੱਤਾ ਸੀ। ਭਾਈ ਕਲਿਆਣਾ ਅਤੇ ਇਨ੍ਹਾਂ ਦੇ ਸਾਥੀ ਸਿੱਖਾਂ ਨੇ ਆਪਣੇ ਆਪ ਨੂੰ ਇਸ ਨਿਰੋਲ ਧਾਰਮਿਕ ਗੱਲ ਵਿਚ ਰਾਜੇ ਦੇ ਹੁਕਮ ਦਾ ਪਾਬੰਦ ਨਾ ਮੰਨਿਆ ਅਤੇ ਨਾ ਹੀ ਵਰਤ ਰੱਖਿਆ।
ਇਸ ਧਾਰਮਿਕ ਬੇ-ਹੁਰਮਤੀ ਲਈ ਰਾਜੇ ਨੇ ਇਨ੍ਹਾਂ ਨੂੰ ਤਾੜਿਆ ਪਰੰਤੂ ਇਨ੍ਹਾਂ ਨੇ ਰਾਜੇ ਦੇ ਸਨਮੁਖ ਧਾਰਮਿਕ ਕਾਰਜਾਂ ਵਿਚ ਜ਼ਬਰਦਸਤੀ ਕਰਨ ਦੇ ਵਿਰੁੱਧ ਇਸ ਤਰ੍ਹਾਂ ਦਲੀਲ ਨਾਲ ਗੱਲ ਕੀਤੀ ਕਿ ਰਾਜਾ ਹਰੀ ਸੇਨ ਸਿੱਖਾਂ ਅਤੇ ਉਨ੍ਹਾਂ ਦੇ ਗੁਰੂਆਂ ਬਾਰੇ ਹੋਰ ਜ਼ਿਆਦਾ ਜਾਨਣ ਦਾ ਚਾਹਵਾਨ ਹੋ ਗਿਆ। ਉਸ ਨੇ ਭਾਈ ਕਲਿਆਣਾ ਨੂੰ ਲੋੜ ਦੀਆਂ ਸਭ ਵਸਤਾਂ ਦੇ ਕੇ ਸਹਾਇਤਾ ਹੀ ਨਹੀਂ ਕੀਤੀ ਸਗੋਂ ਆਪ ਵੀ ਚੱਲ ਕੇ ਇਹਨਾਂ ਦੇ ਨਾਲ ਅੰਮ੍ਰਿਤਸਰ ਆਇਆ ਸੀ। ਉਸਨੇ (ਰਾਜਾ ਨੇ) ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕੀਤੇ ਅਤੇ ਉਨ੍ਹਾਂ ਤੋਂ ਉਪਦੇਸ਼ ਪ੍ਰਾਪਤ ਕੀਤਾ ਸੀ।
ਇਹ ਵੀ ਪੜ੍ਹੋ : ਅਸੂਲਵਾਨ ਸਿੱਖ ਹਰੀ ਸਿੰਘ ਨਲੂਆ- ਇਸ ਤਰ੍ਹਾਂ ਪੂਰੀ ਕੀਤੀ ਬੇਗਮ ਬਾਨੋ ਦੀ ਅਨੋਖੀ ਮੰਗ