ਪਾਕਿਸਤਾਨ ਦੀ ਹਾਈਕੋਰਟ ਵੱਲੋਂ ਇਕ ਆਦੇਸ਼ ਜਾਰੀ ਕਰਕੇ ਸਿੱਖਾਂ ਦੇ ਕ੍ਰਿਪਾਨ ਪਹਿਣਨ ‘ਤੇ ਪਾਬੰਦੀ ਲਾ ਦਿੱਤੀ ਗਈ ਹੈ। ਸਿੱਖਾਂ ਨੂੰ ਕ੍ਰਿਪਾਨ ਪਹਿਣਨ ਲਈ ਪਹਿਲਾਂ ਪ੍ਰਸ਼ਾਸਨ ਕੋਲੋਂ ਮਨਜ਼ੂਰੀ ਲੈਣੀ ਪਵੇਗੀ। ਪ੍ਰਵਾਸੀ ਭਾਰਤੀਆਂ ਵੱਲੋਂ ਇੱਕ ਪ੍ਰੈੱਸ ਕਾਨਫਰੰਸ ਕਰਕੇ ਇਸ ਹੁਕਮ ਦਾ ਵਿਰੋਧ ਕੀਤਾ ਗਿਆ।
ਐੱਨ.ਆਰ.ਆਈ. ਭਾਰਤੀ ਬੂਟਾ ਸਿੰਘ ਬਾਸੀ ਵਾਸੀ ਕੈਲੀਫੋਰਨੀਆ, ਅਮਰੀਕਾ ਨੇ ਇਸ ਹੁਕਮ ਲਈ ਪਾਕਿਸਤਾਨੀ ਸਰਕਾਰ ਦੀ ਨਿੰਦਾ ਕੀਤੀ। ਉਸ ਨੇ ਕਿਹਾ ਕਿ ਪਹਿਲਾਂ ਹੀ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਦੀਆਂ ਧੀਆਂ-ਭੈਣਾਂ ਸੁਰੱਖਿਅਤ ਨਹੀਂ ਹਨ ਤੇ ਉਨ੍ਹਾਂ ਦੇ ਧਰਮ ਤਬਦੀਲ ਕਰਵਾ ਕੇ ਜਬਰਨ ਮੁਸਲਮਾਨਾਂ ਨਾਲ ਨਿਕਾਹ ਕਰਵਾਏ ਜਾ ਰਹੇ ਹਨ। ਪਿਛਲੇ ਦਿਨੀਂ ਪਾਕਿਸਤਾਨ ਦੇ ਇਕ ਗੁਰੂਘਰ ਵਿਚੋਂ 1.25 ਲੱਖ ਰੁਪਏ ਚੋਰੀ ਕਰ ਲਏ ਗਏ।
ਪਾਸੀ ਨੇ ਕਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰਾ ਸਾਹਿਬ ਸ੍ਰੀ ਕਰਤਾਰ ਸਾਹਿਬ ਵਿਚ ਇਕ ਮਾਡਲ ਨੇ ਨੰਗੇ ਸਿਰ ਫੋਟੋਆਂ ਖਿਚਵਾ ਕੇ ਸਿੱਖਾਂ ਦੇ ਇਸ ਪਵਿੱਤਰ ਸਥਾਨ ਦੀ ਬੇਅਦਬੀ ਕੀਤੀ ਪਰ ਇਸ ਮਾਮਲੇ ਵਿਚ ਪਾਕਿਸਤਾਨ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਨਾ ਹੀ ਕੋਈ ਪ੍ਰਤੀਕਰਮ ਪ੍ਰਗਟ ਕੀਤਾ।
ਸਿੱਖਸ ਫਾਰ ਜਸਟਿਸ ਦੇ ਕਰਤਾਧਰਤਾ ਗੁਰਪਤਵੰਤ ਸਿੰਘ ਪੰਨੂ ‘ਤੇ ਨਿਸ਼ਾਨਾ ਵਿਨ੍ਹਦਿਆਂ ਪਵਾਸੀ ਭਾਰਤੀ ਨੇ ਕਿਹਾ ਕਿ ਪੰਨੂ ਪਾਕਿਸਤਾਨ ਦਾ ਪਿੱਠੂ ਬਣਿਆ ਹੋਇਆ ਹੈ। ਉਸ ਨੇ ਦੋਸ਼ ਲਾਇਆ ਕਿ ਪੰਨੂ ਨੇ ਇਕ ਚਿੱਠੀ ਲਿਖ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਖਾਲਿਸਤਾਨ ਬਣਾਉਣ ਵਿਚ ਉਨ੍ਹਾਂ ਦੀ ਮਦਦ ਕਰਨ ਲਈ ਕਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਬਾਸੀ ਨੇ ਪੰਨੂ ਨੂੰ ਸਵਾਲ ਕੀਤਾ ਹੈ ਕਿ ਜਿਹੜੀ ਸਰਕਾਰ ਸਿੱਖਾਂ ‘ਤੇ ਕ੍ਰਿਪਾਣ ਪਹਿਣਨ ਵਰਗੀਆਂ ਪਾਬੰਦੀਆਂ ਲਾ ਰਹੀ ਹੈ, ਉਸ ਕੋਲੋਂ ਹੋਰ ਕੋਈ ਮਦਦ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ? ਬਾਸੀ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਤੇ ਆਈ.ਐੱਸ.ਆਈ. ਪੰਨੂ ਵਰਗੇ ਲੋਕਾਂ ਨੂੰ ਵਰਤ ਰਹੀ ਹੈ ਤੇ ਪੰਨੂ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਲਈ ਪਾਕਿਸਤਾਨੀ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਣ ਵਰਗੇ ਢੋਂਗ ਰਚਦਾ ਹੈ ਜਦਕਿ ਪਾਕਿਸਤਾਨ ਵਿਚ ਸਿੱਖਾਂ ਸਮੇਤ ਸਾਰੇ ਘੱਟਗਿਣਤੀਆਂ ਦਾ ਜੀਊਣਾ ਮੁਹਾਲ ਹੋਇਆ ਪਿਆ ਹੈ।