ਸਿੱਖ ਜਥੇਬੰਦੀ ਵਾਰਿਸ ਪੰਜਾਬ ਦੇ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੱਲੋਂ ਅਜਨਾਲਾ ਪੁਲਿਸ ਨੂੰ ਧਮਕੀ ਦੇਣ ਤੋਂ ਬਾਅਦ ਵੀਰਵਾਰ ਨੂੰ ਅਜਨਾਲਾ ਥਾਣੇ ਦੇ ਬਾਹਰ ਅੰਮ੍ਰਿਤਪਾਲ ਦੇ ਹਜ਼ਾਰਾਂ ਸਮਰਥਕਾਂ ਨੇ ਤਲਵਾਰਾਂ ਅਤੇ ਬੰਦੂਕਾਂ ਨਾਲ ਹੰਗਾਮਾ ਕੀਤਾ। ਸਿੰਘਾਂ ਨੇ ਪੁਲਿਸ ਬੈਰੀਕੇਡ ਤੋੜ ਦਿੱਤੇ। ਭੀੜ ਵਿੱਚ ਸ਼ਾਮਲ ਲੋਕਾਂ ਵੱਲੋਂ ਕੁਝ ਵਾਹਨਾਂ ਦੀ ਭੰਨ-ਤੋੜ ਵੀ ਕੀਤੀ ਗਈ। ਜਿਵੇਂ ਹੀ ਭੀੜ ਨੇ ਪੁਲਿਸ ਨਾਕਿਆਂ ’ਤੇ ਹਮਲਾ ਕੀਤਾ ਤਾਂ ਉਥੇ ਤਾਇਨਾਤ ਪੁਲਿਸ ਮੁਲਾਜ਼ਮ ਪਿੱਛੇ ਹਟ ਗਏ।
ਇਸ ਤੋਂ ਬਾਅਦ ਅੰਮ੍ਰਿਤਪਾਲ ਅਤੇ ਉਸ ਦੇ ਸਮਰਥਕ ਰੋਸ ਮਾਰਚ ਕਰਦੇ ਹੋਏ ਥਾਣੇ ਦੇ ਬਾਹਰ ਹੀ ਪਹੁੰਚ ਗਏ ਅਤੇ ਅੰਮ੍ਰਿਤਪਾਲ ਦੇ ਸਮਰਥਕਾਂ ਨੇ ਥਾਣੇ ਦੇ ਬਾਹਰ ਧਰਨਾ ਦੇਣਾ ਸ਼ੁਰੂ ਕਰ ਦਿੱਤਾ। ਅੰਮ੍ਰਿਤਪਾਲ ਨੇ ਸਰਕਾਰ ਨੂੰ ਇਕ ਘੰਟੇ ਦਾ ਅਲਟੀਮੇਟਮ ਦਿੱਤਾ ਹੈ। ਪੁਲਿਸ ਅਧਿਕਾਰੀ ਅੰਮ੍ਰਿਤਪਾਲ ਦੇ ਸਮਰਥਕਾਂ ਨਾਲ ਗੱਲਬਾਤ ਕਰ ਰਹੇ ਹਨ ਪਰ ਅਜੇ ਤੱਕ ਕੋਈ ਸਿੱਟਾ ਨਹੀਂ ਨਿਕਲਿਆ। ਅੰਮ੍ਰਿਤਪਾਲ ਅਤੇ ਉਸਦੇ ਸਮਰਥਕ ਸਿਰਫ ਇੱਕ ਗੱਲ ‘ਤੇ ਅੜੇ ਹੋਏ ਹਨ ਕਿ ਉਸਦੇ ਖਿਲਾਫ ਦਰਜ FIR ਰੱਦ ਕੀਤੀ ਜਾਵੇ ਅਤੇ ਉਸਦੇ ਫੜੇ ਗਏ ਦੋ ਬੰਦਿਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।
ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਇਹ ਐਫਆਈਆਰ ਸਿਰਫ਼ ਸਿਆਸੀ ਸ਼ਹਿ ‘ਤੇ ਦਰਜ ਕਰਵਾਈ ਗਈ ਹੈ। ਜੇ ਉਨ੍ਹਾਂ ਇੱਕ ਘੰਟੇ ਵਿੱਚ ਕੇਸ ਰੱਦ ਨਾ ਕੀਤਾ ਤਾਂ ਅੱਗੇ ਜੋ ਵੀ ਹੋਵੇਗਾ ਉਸ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਉਹ ਸੋਚਦੇ ਹਨ ਕਿ ਅਸੀਂ ਕੁਝ ਨਹੀਂ ਕਰ ਸਕਦੇ। ਇਸ ਲਈ ਤਾਕਤ ਦਾ ਇਹ ਪ੍ਰਦਰਸ਼ਨ ਜ਼ਰੂਰੀ ਸੀ।
ਇਹ ਵੀ ਪੜ੍ਹੋ : ਫਾਜ਼ਿਲਕਾ ‘ਚ ਸ਼ੱਕੀ ਹਾਲਾਤਾਂ ‘ਚ ਵਿਆਹੁਤਾ ਦੀ ਮੌ.ਤ, ਮਾਪਿਆਂ ਦਾ ਦੋਸ਼ ਬਾਈਕ ਨਾ ਦੇਣ ‘ਤੇ ਧੀ ਦਾ ਕੀਤਾ ਕ.ਤਲ
ਅੰਮ੍ਰਿਤਪਾਲ ਸਿੰਘ ਦੇ ਕੁਝ ਸਮਰਥਕ ਸਵੇਰੇ ਅਜਨਾਲਾ ਥਾਣੇ ਦੇ ਬਾਹਰ ਪੁੱਜੇ ਜਿੱਥੇ ਪਹਿਲਾਂ ਤੋਂ ਤਾਇਨਾਤ ਪੁਲਿਸ ਫੋਰਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਬਾਅਦ ਵਿੱਚ ਜਦੋਂ ਅੰਮ੍ਰਿਤਸਰ ਦਿਹਾਤ ਦੇ SSP ਮੌਕੇ ’ਤੇ ਪੁੱਜੇ ਤਾਂ ਹਿਰਾਸਤ ਵਿੱਚ ਲਏ ਨੌਜਵਾਨਾਂ ਨੂੰ ਰਿਹਾਅ ਕਰ ਦਿੱਤਾ ਗਿਆ। ਅਜਨਾਲਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਤਣਾਅ ਦਾ ਮਾਹੌਲ ਬਣ ਗਿਆ। ਅੰਮ੍ਰਿਤਪਾਲ ਸਿੰਘ ਨੇ ਚਿਤਾਵਨੀ ਦਿੱਤੀ ਸੀ ਕਿ ਜੇ ਬੁੱਧਵਾਰ ਸ਼ਾਮ ਤੱਕ ਉਸ ਦੇ ਅਤੇ ਉਸ ਦੇ ਸਾਥੀਆਂ ਵਿਰੁੱਧ ਦਰਜ ਐੱਫਆਈਆਰ ਰੱਦ ਨਾ ਕੀਤੀ ਗਈ ਤਾਂ ਉਹ ਆਪਣੇ ਸਮਰਥਕਾਂ ਸਮੇਤ ਥਾਣਾ ਅਜਨਾਲਾ ਦਾ ਘਿਰਾਓ ਕਰਨ ਲਈ ਪੁੱਜਣਗੇ।
ਵੀਡੀਓ ਲਈ ਕਲਿੱਕ ਕਰੋ -: