ਪੰਜਾਬ ਪੁਲਿਸ ਨੇ ਪਹਿਲੀ ਵਾਰ ਸਰਹੱਦ ਪਾਰੋਂ ਆਉਂਦੀ ਹੈਰੋਇਨ ਵਿੱਚੋਂ ਪਾਕਿਸਤਾਨ ਤੋਂ ਆਈ ਆਈਸ (ਮੇਥਾਮਫੇਟਾਮਾਈਨ) ਨਾਮਕ ਡਰੱਗ ਨੂੰ ਬਰਾਮਦ ਕੀਤਾ ਹੈ। ਪੁਲਿਸ ਨੇ ਉਸ ਦੋਸ਼ੀ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਜੋ ਪਾਕਿਸਤਾਨ ਤੋਂ ਇਹ ਖਤਰਨਾਕ ਨਸ਼ੀਲਾ ਪਦਾਰਥ ਲਿਆ ਕੇ ਪੰਜਾਬ ਅਤੇ ਹੋਰ ਰਾਜਾਂ ਵਿੱਚ ਵੰਡਦਾ ਸੀ। ਦੋਸ਼ੀਆਂ ਕੋਲੋਂ ਚੀਨ ਦਾ ਬਣਿਆ ਪਿਸਤੌਲ ਵੀ ਬਰਾਮਦ ਹੋਇਆ ਹੈ, ਜੋ ਕਿ ਇਸ ਖੇਪ ਨਾਲ ਆਇਆ ਸੀ।
ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਦੱਸਿਆ ਕਿ ਫੜੇ ਗਏ ਭਾਰਤੀ ਤਸਕਰ ਦੀ ਪਛਾਣ ਸਿਮਰਨਜੀਤ ਸਿੰਘ ਉਰਫ਼ ਸਿਮਰ ਮਾਨ ਵਾਸੀ ਪਿੰਡ ਗੱਗੜਮਾਲ, ਅੰਮ੍ਰਿਤਸਰ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਆਈਸ ਡਰੱਗ ਦੀ ਖੇਪ ਨੂੰ ਜ਼ਬਤ ਕਰਨ ਤੋਂ ਇਲਾਵਾ ਉਸ ਦੇ ਕਬਜ਼ੇ ਵਿੱਚੋਂ ਇੱਕ ਅਤਿ-ਆਧੁਨਿਕ .30 ਬੋਰ ਦਾ ਚੀਨੀ ਪਿਸਤੌਲ ਅਤੇ ਪੰਜ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਫੜਿਆ ਗਿਆ ਦੋਸ਼ੀ ਪਾਕਿਸਤਾਨ ਸਥਿਤ ਤਸਕਰ ਪਠਾਨ ਅਤੇ ਆਮੇਰ ਦੇ ਸਿੱਧੇ ਸੰਪਰਕ ਵਿੱਚ ਸੀ, ਜੋ ਉਸ ਨੂੰ ਡਰੋਨ ਰਾਹੀਂ ਸਰਹੱਦ ਪਾਰੋਂ ਆਈਸ ਡਰੱਗਜ਼ ਅਤੇ ਹਥਿਆਰ ਸਪਲਾਈ ਕਰ ਰਹੇ ਸਨ। ਦੋਸ਼ੀ ਸੂਬੇ ਭਰ ਵਿੱਚ ਆਈਸ ਡਰੱਗ ਸਪਲਾਈ ਕਰਦੇ ਸਨ।
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪਾਕਿਸਤਾਨ ਸਥਿਤ ਤਸਕਰਾਂ ਵੱਲੋਂ ਆਈਸ ਡਰੱਗਜ਼ ਅਤੇ ਹਥਿਆਰਾਂ ਦੀ ਵੱਡੀ ਖੇਪ ਸੂਬੇ ਵਿੱਚ ਲਿਆਉਣ ਦੀ ਕੋਸ਼ਿਸ਼ ਦੀ ਸੂਚਨਾ ਮਿਲੀ ਸੀ। ਇਸ ਦੇ ਆਧਾਰ ‘ਤੇ ਕਾਰਵਾਈ ਕਰਦੇ ਹੋਏ ਡੀਸੀਪੀ ਹਰਪ੍ਰੀਤ ਮੰਡੇਰ, ਏਡੀਸੀਪੀ ਸਿਟੀ-3 ਅਭਿਮਨਿਊ ਰਾਣਾ ਅਤੇ ਏਸੀਪੀ ਵੈਸਟ ਕਮਲਜੀਤ ਔਲਖ ਦੀ ਅਗਵਾਈ ਵਿੱਚ ਸੀਆਈਏ ਸਟਾਫ-1 ਦੀ ਪੁਲੀਸ ਟੀਮ ਨੇ ਛੇਹਰਟਾ ਇਲਾਕੇ ਵਿੱਚ ਵਿਆਪਕ ਕਾਰਵਾਈ ਕੀਤੀ।
ਸਿਮਰ ਮਾਨ ਉਦੋਂ ਕਾਬੂ ਕਰ ਲਿਆ ਗਿਆ, ਜਦੋਂ ਉਹ ਇਸ ਖੇਪ ਦੀ ਡਿਲਵਰੀ ਕਰਨ ਲਈ ਕਿਸੇ ਬੰਦੇ ਦੀ ਉਡੀਕ ਕਰ ਰਿਹਾ ਸੀ। CP ਭੁੱਲਰ ਨੇ ਦੱਸਿਆ ਕਿ ਡਰੱਗ ਸਪਲਾਇਰਾਂ, ਡੀਲਰਾਂ ਤੇ ਉਨ੍ਹਾਂ ਦੇ ਖਰੀਦਦਾਰਾਂ ਦੇ ਪੂਰੇ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਅਗਲੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਵੱਲੋਂ ਹੁਣ ਤੱਕ ਮਿਲੇ ਨਸ਼ੀਲੇ ਪਦਾਰਥਾਂ ਦੀ ਕੁਲ ਮਾਤਰਾ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਜਗਤਾਰ ਸਿੰਘ ਹਵਾਰਾ ਦੇਸ਼ਧ੍ਰੋਹ ਕੇਸ ‘ਚੋਂ ਵੀ ਬਰੀ, ਲਗਾਤਾਰ ਤੀਜੀ ਵਾਰ ਅਦਾਲਤ ਤੋਂ ਮਿਲੀ ਰਾਹਤ
ਸਰਹੱਦ ਪਾਰ ਤੋਂ ਪੰਜਾਬ ਵਿੱਚ ਆਈਸ ਡਰੱਗ ਦਾ ਇਹ ਪਹਿਲਾ ਮਾਮਲਾ ਹੈ। ਇਸ ਤੋਂ ਪਹਿਲਾਂ ਫੜੇ ਗਏ ਮੁਲਜ਼ਮਾਂ ਕੋਲੋਂ ਸਿਰਫ਼ ਆਮ ਹੈਰੋਇਨ ਬਰਾਮਦ ਹੋਈ ਸੀ। ਇਸ ਤੋਂ ਪਹਿਲਾਂ ਕਰੀਬ 5 ਸਾਲ ਪਹਿਲਾਂ ਅੰਮ੍ਰਿਤਸਰ ਜੇਲ੍ਹ ਵਿੱਚੋਂ ਆਈਸ ਡਰੱਗ ਬਰਾਮਦ ਹੋਈ ਸੀ। ਇਹ ਅਜਿਹਾ ਖ਼ਤਰਨਾਕ ਨਸ਼ਾ ਹੈ ਜਿਸ ਦਾ ਇੱਕ ਵਾਰ ਸੇਵਨ ਕਰਨ ਤੋਂ ਬਾਅਦ ਵਿਅਕਤੀ ਇਸ ਦਾ ਆਦੀ ਹੋ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”