ਮੁੱਖ ਮੰਤਰੀ ਭਗਵੰਤ ਮਾਨ ਪਵਿੱਤਰ ਵੇਈਂ ਦੀ ਕਾਰ ਸੇਵਾ ਦੀ 22ਵੀਂ ਵਰ੍ਹੇਗੰਢ ਮੌਕੇ ਸੁਲਤਾਨਪੁਰ ਲੋਧੀ ਪਹੁੰਚੇ। ਇਸ ਦੌਰਾਨ ਆਪਣੇ ਸੰਬੋਧਨ ਵਿੱਚ ਸੀ.ਐੱਮ. ਮਾਨ ਨੇ ਕਿਹਾ ਕਿ ਬਾਬੇ ਨਾਨਕ ਦੀ ਚਰਨ ਛੋਹ ਪ੍ਰਾਪਤ ਇਸ ਪਵਿੱਤਰ ਵੇਈਂ ਨੂੰ ਵੀ ਜੇਕਰ ਸਾਫ ਤੇ ਸਵੱਛ ਨਹੀਂ ਕਰ ਸਕਦੇ ਤਾਂ ਹੋਰ ਕੀ ਕਰਾਂਗੇ। ਉਨ੍ਹਾਂ ਕਿਹਾ ਕਿ ਸਾਨੂੰ ਅੱਜ ਵਾਤਾਵਰਣ ਸੰਭਾਲਣ ਦੀ ਲੋੜ ਹੈ ਤਾਂ ਜੋ ਅਸੀਂ ਆਪਣਾ ਜੀਵਨ ਜੀ ਸਕੀਏ।
ਜਿਹੜੇ ਮਾਲੀਆਂ ਨੂੰ ਬਾਗ ਦੀ ਰਾਖੀ ਲਈ ਲਗਾਇਆ ਸੀ ਉਹਨਾਂ ਨੇ ਹੀ ਬਾਗ ਉਜਾੜ ਦਿੱਤੇ ਤੇ ਵੇਚ ਦਿੱਤੇ। ਸਭ ਤੋਂ ਪਹਿਲਾਂ ਅਸੀਂ ਫੈਸਲਾ ਲਿਆ ਕਿ ਧਰਤੀ ਹੇਠਲਾ ਪਾਣੀ ਕਿਵੇਂ ਬਚਾਉਣਾ ਹੈ, ਅਸੀਂ ਦਿਨ-ਰਾਤ ਕੋਸ਼ਿਸ਼ਾਂ ਅਰੰਭ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਲਈ ਹਰੇਕ ਕਿਸਾਨ ਆਪਣੇ ਖੂਹ ਤੇ 5-5 ਬੂਟੇ ਜ਼ਰੂਰ ਲਗਾਉਣ। ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ ਤੁਹਾਡਾ ਸਭ ਦਾ ਸਾਥ ਚਾਹੀਦਾ ਹੈ ਤਾਂ ਜੋ ਅਸੀਂ ਆਪਣੀ ਪੰਜਾਬ ਦੀ ਪਵਿੱਤਰ ਧਰਤੀ ਨੂੰ ਬਚਾ ਸਕੀਏ।
ਸੰਤ ਸੀਚੇਵਾਲ ਦੇ ਰਾਜ ਸਭਾ ਮੈਂਬਰ ਬਣਨ ‘ਤੇ ਖੁਸ਼ੀ ਪ੍ਰਗਟਾਉਂਦਿਆਂ ਸੀ.ਐੱਮ. ਮਾਨ ਨੇ ਕਿਹਾ ਕਿ ਉਹ ਰਾਜ ਸਭਾ ਵਿਚ ਜਾ ਕੇ ਪੰਜਾਬ ਦੇ ਮੁੱਦਿਆਂ ਦੀ ਗੱਲ ਨੂੰ ਵਿਸਥਾਰ ਪੂਰਵਕ ਪੇਸ਼ ਕਰਨਗੇ। ਉਨ੍ਹਾਂ ਕਿਹਾ ਕਿ ਸਭ ਰਲ ਮਿਲ ਕੇ ਵਾਤਾਵਰਣ ਨੂੰ ਬਚਾਉਣ ਲਈ ਇੱਕ ਮੁੱਠ ਹੋ ਕੇ ਵੱਧ ਤੋਂ ਵੱਧ ਰੁੱਖ ਲਗਾਈਏ ਤੇ ਬਾਬਾ ਸੀਚੇਵਾਲ ਤੇ ਸਰਕਾਰ ਦਾ ਸਾਥ ਦੇਈਏ। ਉਨ੍ਹਾਂ ਕਿਹਾ ਕਿ ਅਸੀਂ ਕੁਦਰਤ ਦੀ ਦੇਣ ਨਾਲ ਲਗਾਤਾਰ ਖਿਲਵਾੜ ਕੀਤਾ ਜਾ ਰਿਹਾ ਹੈ ਤੇ ਸਾਨੂੰ ਕੁਦਰਤ ਨਾਲ ਛੇੜਛਾੜ ਨਹੀਂ ਕਰਨੀ ਚਾਹੀਦੀ ਨਹੀਂ ਤਾਂ ਇੱਕ ਦਿਨ ਕੁਦਰਤ ਵੀ ਸਾਨੂੰ ਸਬਕ ਸਿਖਾਏਗੀ।
ਇਹ ਵੀ ਪੜ੍ਹੋ : CM ਮਾਨ ਨੇ ਪਵਿੱਤਰ ਵੇਈਂ ਦੀ ਕਾਰ ਸੇਵਾ ਨੂੰ ਕੀਤਾ ਸਲਾਮ, ਛਕਿਆ ਜਲ, ਫਿਲਟਰ ਦੇ ਪਾਣੀ ਨੂੰ ਵੀ ਦਿੰਦਾ ਮਾਤ
ਪਵਿੱਤਰ ਕਾਲੀ ਵੇਈਂ ਦਾ ਪਾਣੀ ਪੀਣ ਦਾ ਅੱਜ ਸਭਾਗ ਪ੍ਰਾਪਤ ਹੋਇਆ ਹੈ ਤੇ ਆਪਣੇ ਆਪ ਨੂੰ ਧੰਨ ਸਮਝਦਾ ਹਾਂ ਕਿ ਇਸ ਪਵਿੱਤਰ ਵੇਈਂ ਦਾ ਪਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਪੀਂਦੇ ਰਹੇ ਹਨ। ਅਸੀਂ ਪੰਜਾਬ ਦੇ ਹਰੇਕ ਇਲਾਕੇ ਵਿੱਚ ਜਾ ਕੇ ਲੋਕਾਂ ਦੇ ਦੁੱਖ-ਸੁੱਖ ਸੁਣ ਕੇ ਹਰ ਤਰ੍ਹਾਂ ਦੀ ਸਹਾਇਤਾ ਉਪਲੱਬਧ ਕਰਵਾਉਣ ਦੀ ਕੋਸ਼ਿਸ਼ ਕਰਾਂਗੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਪਵਿੱਤਰ ਵੇਈਂ ਨਦੀ ਦਾ ਪਵਿੱਤਰ ਜਲ ਛਕਿਆ ਅਤੇ ਨਦੀ ਕੰਢੇ ਬੂਟਾ ਲਾਇਆ।
ਵੀਡੀਓ ਲਈ ਕਲਿੱਕ ਕਰੋ -: