ਏਸ਼ੀਆ ਕੱਪ 2023 ਦੇ ਆਯੋਜਨ ਨੂੰ ਲੈ ਕੇ ਹਾਲੇ ਤੱਕ ਕੁਝ ਵੀ ਸਾਫ਼ ਨਹੀਂ ਹੋ ਸਕਿਆ ਹੈ। ਬੀਸੀਸੀਆਈ ਦੀ ਵਿਸ਼ੇਸ਼ ਜਨਰਲ ਮੀਟਿੰਗ ਦਾ ਆਯੋਜਨ ਸ਼ਨੀਵਾਰ 27 ਮਈ ਨੂੰ ਹੋਇਆ ਸੀ । ਇਸ ਬੈਠਕ ਵਿੱਚ ਵੀ ਏਸ਼ੀਆ ਕੱਪ 2023 ਨੂੰ ਲੈ ਕੇ ਕੋਈ ਫੈਸਲਾ ਨਹੀਂ ਹੋ ਸਕਿਆ । ਇਹ ਟੂਰਨਾਮੈਂਟ ਸਤੰਬਰ ਮਹੀਨੇ ਵਿੱਚ ਪਾਕਿਸਤਾਨ ਦੀ ਮੇਜ਼ਬਾਨੀ ਵਿੱਚ ਖੇਡਿਆ ਜਾਣਾ ਹੈ। ਇਸ ਦੌਰਾਨ ਇਸ ਟੂਰਨਾਮੈਂਟ ਦੇ ਸਥਾਨ ਨੂੰ ਲੈ ਕੇ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ।
ਬੀਸੀਸੀਆਈ ਸਕੱਤਰ ਜੈ ਸ਼ਾਹ ਏਸ਼ੀਅਨ ਕ੍ਰਿਕਟ ਕੌਂਸਲ ਦੇ ਮੁਖੀ ਵੀ ਹਨ। ਉਨ੍ਹਾਂ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਭਾਰਤੀ ਟੀਮ ਕਿਸੇ ਵੀ ਹਾਲਤ ਵਿੱਚ ਪਾਕਿਸਤਾਨ ਦਾ ਦੌਰਾ ਨਹੀਂ ਕਰੇਗੀ । ਇਸ ਦੌਰਾਨ ਖਬਰਾਂ ਆ ਰਹੀਆਂ ਹਨ ਕਿ ਇਹ ਟੂਰਨਾਮੈਂਟ ਸ਼੍ਰੀਲੰਕਾ ਵਿੱਚ ਖੇਡਿਆ ਜਾ ਸਕਦਾ ਹੈ । ਮੀਡੀਆ ਰਿਪੋਰਟਾਂ ਮੁਤਾਬਕ ਬੀਸੀਸੀਆਈ ਵੱਲੋਂ ਪੀਸੀਬੀ ਦੇ ਹਾਈਬ੍ਰਿਡ ਮਾਡਲ ਨੂੰ ਰੱਦ ਕਰਨ ਤੋਂ ਬਾਅਦ ਸ੍ਰੀਲੰਕਾ ਕ੍ਰਿਕਟ ਬੋਰਡ ਹੁਣ ਏਸ਼ੀਆ ਕੱਪ 2023 ਦੀ ਮੇਜ਼ਬਾਨੀ ਲਈ ਦਾਅਵਾ ਪੇਸ਼ ਕਰ ਸਕਦਾ ਹੈ।
ਇਹ ਵੀ ਪੜ੍ਹੋ: UK ‘ਚ ਪੰਜਾਬੀ ਨੇ ਰਚਿਆ ਇਤਿਹਾਸ, ਚਮਨ ਲਾਲ ਬਣੇ ਬਰਮਿੰਘਮ ਦੇ ਪਹਿਲੇ ਬ੍ਰਿਟਿਸ਼ ਇੰਡੀਅਨ ਲਾਰਡ ਮੇਅਰ
ਸ਼੍ਰੀਲੰਕਾ ਬੋਰਡ ਦੇ ਅਧਿਕਾਰੀ ਇਨ੍ਹੀਂ ਦਿਨੀਂ ਅਹਿਮਦਾਬਾਦ ਵਿੱਚ ਹਨ। ਮੀਡੀਆ ਰਿਪੋਰਟਾਂ ਮੁਤਾਬਕ ਸ਼੍ਰੀਲੰਕਾ ਕ੍ਰਿਕਟ ਬੋਰਡ ਏਸ਼ੀਆਈ ਕ੍ਰਿਕਟ ਕੌਂਸਲ ਦੇ ਮੈਂਬਰਾਂ ਦੇ ਸਾਹਮਣੇ ਏਸ਼ੀਆ ਕੱਪ ਦੀ ਮੇਜ਼ਬਾਨੀ ਦਾ ਪ੍ਰਸਤਾਵ ਦੇ ਸਕਦਾ ਹੈ। ਉੱਥੇ ਹੀ ਦੂਜੇ ਪਾਸੇ ਪਾਕਿਸਤਾਨ ਕ੍ਰਿਕਟ ਬੋਰਡ ਪਹਿਲਾਂ ਹੀ ਸਪੱਸ਼ਟ ਕਰ ਚੁੱਕਿਆ ਹੈ ਕਿ ਜੇਕਰ ਏਸ਼ੀਆ ਕੱਪ ਹਾਈਬ੍ਰਿਡ ਮਾਡਲ ਰਾਹੀਂ ਨਹੀਂ ਖੇਡਿਆ ਗਿਆ ਤਾਂ ਉਹ ਟੂਰਨਾਮੈਂਟ ਦਾ ਬਾਈਕਾਟ ਕਰਨ ਲਈ ਤਿਆਰ ਹੈ । ਅਜਿਹੇ ਵਿੱਚ ਏਸ਼ੀਅਨ ਕ੍ਰਿਕਟ ਕੌਂਸਲ ਦੇ ਮੈਂਬਰ ਜਲਦ ਹੀ ਅੰਤਿਮ ਫੈਸਲਾ ਲੈ ਸਕਦੇ ਹਨ।
ਦੱਸ ਦੇਈਏ ਕਿ ਪਾਕਿਸਤਾਨ ਕ੍ਰਿਕਟ ਬੋਰਡ ਨੇ ਏਸ਼ੀਆ ਕੱਪ 2023 ਲਈ ਹਾਈਬ੍ਰਿਡ ਮਾਡਲ ਵਿੱਚ ਦੋ ਵਿਕਲਪ ਪੇਸ਼ ਕੀਤੇ ਹਨ । ਹਾਈਬ੍ਰਿਡ ਮਾਡਲ ਦੇ ਪਹਿਲੇ ਵਿਕਲਪ ਵਿੱਚ, ਪਾਕਿਸਤਾਨ ਸਾਰੀਆਂ ਖੇਡਾਂ ਦੀ ਮੇਜ਼ਬਾਨੀ ਕਰੇਗਾ ਜਦੋਂ ਕਿ ਭਾਰਤ ਆਪਣੇ ਮੈਚ ਨਿਰਪੱਖ ਸਥਾਨਾਂ ‘ਤੇ ਖੇਡੇਗਾ। ਇਸ ਦੇ ਨਾਲ ਹੀ ਦੂਜਾ ਵਿਕਲਪ ਇਹ ਹੈ ਕਿ ਟੂਰਨਾਮੈਂਟ ਨੂੰ ਦੋ ਪੜਾਵਾਂ ਵਿੱਚ ਵੰਡਿਆ ਗਿਆ ਹੈ ਜਿਸ ਵਿੱਚ ਪਾਕਿਸਤਾਨ ਖੇਡਾਂ ਦੇ ਪਹਿਲੇ ਦੌਰ ਦੀ ਮੇਜ਼ਬਾਨੀ ਕਰ ਰਿਹਾ ਹੈ ਜਦੋਂ ਕਿ ਭਾਰਤ ਦੂਜੇ ਪੜਾਅ ਵਿੱਚ ਆਪਣੀਆਂ ਸਾਰੀਆਂ ਖੇਡਾਂ ਨਿਰਪੱਖ ਸਥਾਨਾਂ ‘ਤੇ ਖੇਡਦਾ ਹੈ। ਫਾਈਨਲ ਵੀ ਨਿਰਪੱਖ ਸਥਾਨ ‘ਤੇ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: