ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਆਪਣੀ ਬੱਲੇਬਾਜ਼ੀ ਦੇ ਵਧੀਆ ਪ੍ਰਦਰਸ਼ਨ ਨਾਲ ਸਭ ਨੂੰ ਪ੍ਰਭਾਵਿਤ ਕੀਤਾ ਹੈ। ਬਾਬਰ ਆਜ਼ਮ ਨੂੰ ਪਾਕਿਸਤਾਨ ਦਾ ਵਿਰਾਟ ਕੋਹਲੀ ਕਿਹਾ ਜਾਂਦਾ ਹੈ, ਪਰ 27 ਸਾਲਾ ਪਾਕਿਸਤਾਨੀ ਬੱਲੇਬਾਜ਼ ਨੇ ਵਨਡੇ ਵਿੱਚ ਸਭ ਤੋਂ ਤੇਜ਼ ਇੱਕ ਹਜ਼ਾਰ ਦੌੜਾਂ ਬਣਾਉਣ ਵਾਲੇ ਕਪਤਾਨਾਂ ਦੀ ਸੋਚੀ ਵਿੱਚ ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਬੁੱਧਵਾਰ ਰਾਤ ਵੈਸਟਇੰਡੀਜ਼ ਦੇ ਖਿਲਾਫ਼ ਸੱਜੇ ਹੱਥ ਦੇ ਇਸ ਬੱਲੇਬਾਜ਼ ਬਾਬਰ ਆਜ਼ਮ ਨੇ 17ਵਾਂ ਸੈਂਕੜਾ ਲਗਾਇਆ।
ਉਸ ਦੀ ਇਸ ਪਾਰੀ ਦੀ ਬਦੌਲਤ ਪਾਕਿਸਤਾਨ ਨੇ ਵੈਸਟਇੰਡੀਜ਼ ‘ਤੇ 5 ਵਿਕਟਾਂ ਦੀ ਰੋਮਾਂਚਕ ਜਿੱਤ ਦਰਜ ਕੀਤੀ । ਇਸ ਜਿੱਤ ਨਾਲ ਪਾਕਿਸਤਾਨ ਨੇ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ। ਇਸ ਮੈਚ ਵਿੱਚ ਵੈਸਟਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਲਾਮੀ ਬੱਲੇਬਾਜ਼ ਸ਼ੇਅ ਹੋਪ ਦੇ ਸੈਂਕੜੇ ਦੇ ਦਮ ‘ਤੇ 305 ਦੌੜਾਂ ਬਣਾਈਆਂ, ਇਹ ਸਕੋਰ ਪਾਕਿਸਤਾਨ ਨੇ 4 ਗੇਂਦਾਂ ਬਾਕੀ ਰਹਿੰਦਿਆਂ ਹੀ ਹਾਸਿਲ ਕਰ ਲਿਆ।
ਇਹ ਵੀ ਪੜ੍ਹੋ: ਮੂਸੇਵਾਲਾ ਕਤਲਕਾਂਡ ‘ਚ 2 ਹੋਰ ਗ੍ਰਿਫ਼ਤਾਰੀਆਂ, ਹਮਲੇ ਲਈ ਹਥਿਆਰ ਸਪਲਾਈ ਕਰਨ ਵਾਲੇ ਬਠਿੰਡਾ ਤੋਂ ਕਾਬੂ
ਦਰਅਸਲ, ਮੁਲਤਾਨ ਵਿੱਚ 14 ਸਾਲਾ ਬਾਅਦ ਇਸ ਮੈਚ ਦੇ ਜ਼ਰੀਏ ਅੰਤਰਰਾਸ਼ਟਰੀ ਕ੍ਰਿਕਟ ਦੀ ਵਾਪਸੀ ਹੋਈ ਹੈ। ਬਾਬਰ ਆਜ਼ਮ ਨੇ ਆਪਣੇ ਪ੍ਰਸ਼ੰਸਕਾਂ ਨੂੰ ਸੈਂਕੜੇ ਦਾ ਤੋਹਫ਼ਾ ਦਿੱਤਾ । ਇਸ ਤੋਂ ਪਹਿਲਾਂ ਇਸ ਮੈਦਾਨ ਨੇ 2008 ਵਿੱਚ ਬੰਗਲਾਦੇਸ਼ ਦੀ ਮੇਜ਼ਬਾਨੀ ਕੀਤੀ ਸੀ। ਇਸ ਪਾਰੀ ਨਾਲ ਪਾਕਿਸਤਾਨ ਦੇ ਕਪਤਾਨ ਨੇ ਬਤੌਰ ਕਪਤਾਨ ਵਨਡੇ ਕ੍ਰਿਕਟ ਵਿੱਚ 1000 ਦੌੜਾਂ ਵੀ ਪੂਰੀਆਂ ਕਰ ਲਈਆਂ ਹਨ । ਬਾਬਰ ਨੂੰ ਇਸ ਅੰਕੜੇ ਨੂੰ ਛੂਹਣ ਲਈ 13 ਪਾਰੀਆਂ ਲੱਗੀਆਂ ਅਤੇ ਉਹ ਇਹ ਉਪਲਬਧੀ ਹਾਸਲ ਕਰਨ ਵਾਲਾ ਵਿਸ਼ਵ ਕ੍ਰਿਕਟ ਦਾ ਸਭ ਤੋਂ ਤੇਜ਼ ਕਪਤਾਨ ਬਣ ਗਿਆ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਨਾਂ ਸੀ, ਜਿਨ੍ਹਾਂ ਨੇ ਬਤੌਰ ਕਪਤਾਨ 17 ਪਾਰੀਆਂ ਵਿੱਚ ਸਭ ਤੋਂ ਤੇਜ਼ 1000 ਦੌੜਾਂ ਬਣਾਈਆਂ ਸਨ।
ਦੱਸ ਦੇਈਏ ਕਿ ਬਾਬਰ ਨੇ ਵਨਡੇ ਵਿੱਚ ਦੂਜੀ ਵਾਰ ਸੈਂਕੜਿਆਂ ਦੀ ਹੈਟ੍ਰਿਕ ਲਗਾਈ ਹੈ । ਵਨਡੇ ਕ੍ਰਿਕਟ ਵਿੱਚ ਇਹ ਉਸਦਾ ਲਗਾਤਾਰ ਤੀਜਾ ਸੈਂਕੜਾ ਹੈ। ਪਾਕਿਸਤਾਨੀ ਕਪਤਾਨ ਨੇ ਵੈਸਟਇੰਡੀਜ਼ ਤੋਂ ਪਹਿਲਾਂ ਆਸਟ੍ਰੇਲੀਆ ਖਿਲਾਫ ਬੈਕ-ਟੂ-ਬੈਕ ਸੈਂਕੜੇ ਲਗਾਏ ਸਨ । ਉਸ ਨੇ 2016 ਵਿੱਚ ਸੈਂਕੜਿਆਂ ਦੀ ਹੈਟ੍ਰਿਕ ਬਣਾਈ ਸੀ। ਫਿਰ ਉਸ ਨੇ ਕੈਰੇਬੀਆਈ ਟੀਮ ਵਿਰੁੱਧ ਬੈਕ ਟੂ ਬੈਕ ਤਿੰਨ ਸੈਂਕੜੇ ਲਗਾਏ ਸਨ।
ਵੀਡੀਓ ਲਈ ਕਲਿੱਕ ਕਰੋ -: