BCCI suspends all age group tournaments: ਪੂਰੇ ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦਾ ਕਹਿਰ ਮੁੜ ਵੱਧਦਾ ਜਾ ਰਿਹਾ ਹੈ। ਜਿਸ ਕਾਰਨ ਦੇਸ਼ ਵਿੱਚ ਮੁੜ ਲਾਕਡਾਊਨ ਦੀ ਸਥਿਤੀ ਬਣਦੀ ਦਿਖਾਈ ਦੇ ਰਹੀ ਹੈ। ਇਸਦੇ ਮੱਦੇਨਜ਼ਰ ਹੁਣ BCCI ਦੇ ਅੱਗੇ ਇੱਕ ਚੁਣੌਤੀ ਪੈਦਾ ਹੋ ਗਈ ਹੈ। ਅਗਲੇ ਮਹੀਨੇ ਤੋਂ IPL ਸ਼ੁਰੂ ਹੋਣ ਜਾ ਰਿਹਾ ਹੈ, ਪਰ ਇਸ ਤੋਂ ਪਹਿਲਾਂ BCCI ਹਰਕਤ ਵਿੱਚ ਆ ਗਈ ਹੈ। ਕੋਰੋਨਾ ਦੇ ਵੱਧਦੇ ਕਹਿਰ ਨੂੰ ਦੇਖਦੇ ਹੋਏ BCCI ਵੱਲੋਂ IPL 2021 ਤੋਂ ਪਹਿਲਾਂ ਦੇਸ਼ ਭਰ ਵਿਚ ਚੱਲ ਰਹੇ ਏਜ ਗਰੁੱਪ ਕ੍ਰਿਕਟ ਟੂਰਨਾਮੈਂਟ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ।
ਇਸ ਸਬੰਧੀ BCCI ਦੇ ਸਕੱਤਰ ਜੈ ਸ਼ਾਹ ਨੇ ਸਾਰੇ ਰਾਜ ਦੀਆਂ ਕ੍ਰਿਕਟ ਐਸੋਸੀਏਸ਼ਨਾਂ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਏਜ ਗਰੁੱਪ ਕ੍ਰਿਕਟ ਮੈਚਾਂ ਨੂੰ ਮੁਲਤਵੀ ਕਰਨ ਲਈ ਕਿਹਾ ਹੈ। ਸ਼ਾਹ ਨੇ ਆਪਣੀ ਚਿੱਠੀ ਵਿੱਚ ਲਿਖਿਆ ਹੈ, “ਕੋਰੋਨਾ ਦੇ ਹਾਲਾਤ ਦੇਸ਼ ਭਰ ਵਿੱਚ ਵਿਗੜ ਰਹੇ ਹਨ। ਨਵੇਂ ਕੇਸਾਂ ਦੀ ਗਿਣਤੀ ਵਿੱਚ ਤੇਜ਼ੀ ਦੇਖੀ ਜਾ ਰਹੀ ਹੈ। ਕੋਰੋਨਾ ਦੇ ਤਾਜ਼ਾ ਹਾਲਤਾਂ ਦੇ ਕਾਰਨ ਸਾਨੂੰ ਸਾਰੇ ਏਜ ਗਰੁੱਪ ਟੂਰਨਾਮੈਂਟ ਨੂੰ ਬੰਦ ਕਰਨਾ ਪਵੇਗਾ। ਇਸ ਵਿਗੜਦੀ ਸਥਿਤੀ ਵਿੱਚ ਸਾਰੇ ਖਿਡਾਰੀਆਂ ਨੂੰ ਇੰਟਰਸਿਟੀ ਟਰੈਵਲ, ਕੁਆਰੰਟੀਨ ਅਤੇ ਬਾਇਓ ਸਿਕਿਓਰ ਵਰਗੀਆਂ ਚੀਜ਼ਾਂ ਨੂੰ ਲੈ ਕੇ ਸਮੱਸਿਆ ਹੋ ਸਕਦੀ ਹੈ।”
ਜੈ ਸ਼ਾਹ ਨੇ ਸਟੇਟ ਕ੍ਰਿਕਟ ਐਸੋਸੀਏਸ਼ਨਾਂ ਨੂੰ ਲਿਖੇ ਆਪਣੇ ਪੱਤਰ ਵਿੱਚ ਇਹ ਵੀ ਦੱਸਿਆ ਕਿ ਬੋਰਡ ਦੀਆਂ ਪ੍ਰੀਖਿਆਵਾਂ ਵੀ ਨੇੜੇ ਹਨ। ਅਜਿਹੀ ਸਥਿਤੀ ਵਿੱਚ ਟੂਰਨਾਮੈਂਟ ਦੇ ਮੁਅੱਤਲ ਹੋਣ ਕਾਰਨ ਨੌਜਵਾਨ ਖਿਡਾਰੀਆਂ ਨੂੰ ਆਪਣੀ ਪ੍ਰੀਖਿਆ ਦੀ ਤਿਆਰੀ ਲਈ ਵੀ ਕਾਫ਼ੀ ਸਮਾਂ ਮਿਲੇਗਾ। ਉਨ੍ਹਾਂ ਲਿਖਿਆ, “ਕਿਉਂਕਿ ਕੁਝ ਰਾਜਾਂ ਵਿੱਚ ਸਥਿਤੀ ਚੰਗੀ ਨਹੀਂ ਹੈ। ਇਸ ਤੋਂ ਇਲਾਵਾ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਵੀ ਸਿਰ ‘ਤੇ ਹਨ। ਅਜਿਹੀ ਸਥਿਤੀ ਵਿੱਚ ਏਜ ਗਰੁੱਪ ਕ੍ਰਿਕਟ ਟੂਰਨਾਮੈਂਟ ਦੇ ਮੁਅੱਤਲ ਹੋਣ ਨਾਲ ਨੌਜਵਾਨ ਖਿਡਾਰੀਆਂ ਨੂੰ ਆਪਣੀ ਪ੍ਰੀਖਿਆ ਦੀ ਤਿਆਰੀ ਕਰਨ ਅਤੇ ਇਸ ‘ਤੇ ਧਿਆਨ ਕੇਂਦਰਿਤ ਕਰਨ ਦਾ ਸੁਨਹਿਰੀ ਮੌਕਾ ਮਿਲੇਗਾ।”
ਦੱਸ ਦੇਈਏ ਕਿ ਪੂਰੇ ਦੇਸ਼ ਵਿੱਚ ਜਿਸ ਤਰੀਕੇ ਨਾਲ ਕੋਰੋਨਾ ਦੇ ਕੇਸ ਵੱਧ ਰਹੇ ਹਨ, ਉਸ ਦੇ ਮੱਦੇਨਜ਼ਰ ਇਹ ਏਜ ਗਰੁੱਪ ਟੂਰਨਾਮੈਂਟ ਤਾਂ ਟਲ ਗਿਆ, ਪਰ ਸਾਹਮਣੇ IPL 2021 ਹੈ। ਇਹ ਭਾਰਤ ਦੇ 6 ਸ਼ਹਿਰਾਂ ਵਿੱਚ ਆਯੋਜਿਤ ਹੋਣ ਜਾ ਰਿਹਾ ਹੈ । ਆਯੋਜਨ ਦੇ ਸਾਰੇ 6 ਸ਼ਹਿਰਾਂ ਵਿੱਚ ਕੋਰੋਨਾ ਦਾ ਅਸਰ ਤੇਜ਼ ਹੈ। ਫਿਲਹਾਲ, BCCI ਵੱਲੋਂ ਖਾਲੀ ਸਟੇਡੀਅਮ ਵਿੱਚ ਹੀ IPL ਕਰਵਾਉਣ ਦੀ ਗੱਲ ਕਹੀ ਗਈ ਹੈ ।
ਇਹ ਵੀ ਦੇਖੋ: ਕੈਪਟਨ ਨੂੰ ਵਾਅਦੇ ਯਾਦ ਕਰਾਉਣ ਲਈ ਬਦਾਮ ਲੈ ਕੇ ਆਏ ਮੁਲਾਜ਼ਮ, ਦੇਖ ਕੇ ਗੁੱਸੇ ਚ ਆਇਆ ਸਿੰਘ, ਪਾ ‘ਤਾ ਭੜਥੂ