DC vs SRH IPL 2020: IPL ਦੇ 13ਵੇਂ ਸੀਜ਼ਨ ਦੇ 11ਵੇਂ ਮੈਚ ਵਿੱਚ ਸਨਰਾਈਜ਼ਰਸ ਹੈਦਰਾਬਾਦ ਦੀ ਜਿੱਤ ਦਾ ਖਾਤਾ ਖੋਲ੍ਹਿਆ। ਮੰਗਲਵਾਰ ਰਾਤ ਨੂੰ ਅਬੂ ਧਾਬੀ ਵਿੱਚ ਉਸਨੇ ਦਿੱਲੀ ਕੈਪੀਟਲਸ ਨੂੰ 15 ਦੌੜਾਂ ਨਾਲ ਹਰਾਇਆ। 163 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਦਿੱਲੀ ਦੀ ਟੀਮ ਨਿਰਧਾਰਤ ਓਵਰਾਂ ਵਿੱਚ 147/7 ਦੌੜਾਂ ਹੀ ਬਣਾ ਸਕੀ। ਸਨਰਾਈਜ਼ਰਸ ਹੈਦਰਾਬਾਦ ਨੇ ਲਗਾਤਾਰ ਦੋ ਹਾਰ ਤੋਂ ਬਾਅਦ ਪਹਿਲੀ ਜਿੱਤ ਦਾ ਸਵਾਦ ਚੱਕਿਆ, ਜਦੋਂਕਿ ਲਗਾਤਾਰ ਦੋ ਜਿੱਤਾਂ ਤੋਂ ਬਾਅਦ ਇਹ ਦਿੱਲੀ ਦੀ ਪਹਿਲੀ ਹਾਰ ਹੈ। ਸਨਰਾਈਜ਼ਰਜ਼ ਦੀ ਜਿੱਤ ਦੇ ਨਾਇਕ ਫਿਰਕੀ ਦੇ ਫਨਕਾਰ ਰਾਸ਼ਿਦ ਖਾਨ ਰਹੇ, ਜਿਨ੍ਹਾਂ ਨੇ ਚਾਰ ਓਵਰਾਂ ਵਿੱਚ ਸਿਰਫ 14 ਦੌੜਾਂ ਦੇ ਕੇ 3 ਵਿਕਟਾਂ ਲਈਆਂ । ਭੁਵਨੇਸ਼ਵਰ ਕੁਮਾਰ ਨੇ ਚਾਰ ਓਵਰਾਂ ਵਿੱਚ 25 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਇਸ ਤੋਂ ਇਲਾਵਾ ਖਲੀਲ ਅਹਿਮਦ ਅਤੇ ਟੀ ਨਟਰਾਜਨ ਨੇ ਇੱਕ-ਇੱਕ ਸਫਲਤਾ ਹਾਸਿਲ ਕੀਤੀ।
ਰਿਸ਼ਭ ਪੰਤ ਦਿੱਲੀ ਲਈ ਉਮੀਦ ਦੀ ਆਖ਼ਰੀ ਕਿਰਨ ਸੀ, ਜਿਨ੍ਹਾਂ ਨੇ 27 ਗੇਂਦਾਂ ਵਿੱਚ ਇੱਕ ਚੌਕੇ ਅਤੇ ਦੋ ਛੱਕਿਆਂ ਦੀ ਮਦਦ ਨਾਲ 28 ਦੌੜਾਂ ਬਣਾਈਆਂ, ਪਰ 17ਵੇਂ ਓਵਰ ਵਿੱਚ ਰਾਸ਼ਿਦ ਨੇ ਉਸਨੂੰ ਪਵੇਲੀਅਨ ਭੇਜ ਕੇ ਦਿੱਲੀ ਦੀਆਂ ਉਮੀਦਾਂ ਨੂੰ ਠੰਡਾ ਕਰ ਦਿੱਤਾ। ਪੰਤ ਤੋਂ ਇਲਾਵਾ ਸ਼ਿਖਰ ਧਵਨ ਨੇ 31 ਗੇਂਦਾਂ ਵਿੱਚ 34 ਅਤੇ ਸ਼ਿਮਰਨ ਹੇਟਮੇਅਰ ਨੇ 12 ਗੇਂਦਾਂ ਵਿੱਚ 21 ਦੌੜਾਂ ਬਣਾਈਆਂ । ਪਹਿਲੇ ਮੈਚ ਵਿੱਚ ਦਿੱਲੀ ਨੂੰ ਜਿੱਤ ਦਿਵਾਉਣ ਵਾਲੇ ਮਾਰਕਸ ਸਟੋਇਨੀਸ 11 ਦੌੜਾਂ ਬਣਾ ਕੇ ਆਊਟ ਹੋ ਗਏ, ਉੱਥੇ ਹੀ ਪ੍ਰਿਥਵੀ ਸ਼ਾ (2) ਅਤੇ ਕਪਤਾਨ ਸ਼੍ਰੇਅਸ ਅਈਅਰ (17) ਵੀ ਅਸਫਲ ਰਹੇ।
ਸਲਾਮੀ ਬੱਲੇਬਾਜ਼ ਜੋਨੀ ਬੇਅਰਸਟੋ ਨੇ ਟੂਰਨਾਮੈਂਟ ਵਿੱਚ ਆਪਣਾ ਦੂਜਾ ਅਰਧ ਸੈਂਕੜਾ ਬਣਾਇਆ, ਜਿਸ ਦੀ ਮਦਦ ਨਾਲ ਸਨਰਾਈਜ਼ਰਜ਼ ਹੈਦਰਾਬਾਦ (SRH) ਨੇ 4 ਵਿਕਟਾਂ ਦੇ ਨੁਕਸਾਨ ‘ਤੇ 162 ਦੌੜਾਂ ਬਣਾਈਆਂ । ਬੇਅਰਸਟੋ ਨੇ 48 ਗੇਂਦਾਂ ਵਿੱਚ ਦੋ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 53 ਦੌੜਾਂ ਬਣਾਈਆਂ । ਬੇਅਰਸਟੋ ਨੇ ਕਪਤਾਨ ਡੇਵਿਡ ਵਾਰਨਰ (45) ਨਾਲ 57 ਗੇਂਦਾਂ ਵਿੱਚ 77 ਦੌੜਾਂ ਜੋੜੀਆਂ, ਜਦਕਿ ਕੇਨ ਵਿਲੀਅਮਸਨ (41) ਨਾਲ 52 ਦੌੜਾਂ ਦੀ ਸਾਂਝੇਦਾਰੀ ਕੀਤੀ । ਟੂਰਨਾਮੈਂਟ ਦਾ ਪਹਿਲਾ ਮੈਚ ਖੇਡ ਰਹੇ ਵਿਲੀਅਮਸਨ ਨੇ 26 ਗੇਂਦਾਂ ਵਿੱਚ 41 ਦੌੜਾਂ ਬਣਾਈਆਂ, ਜਦਕਿ ਵਾਰਨਰ ਨੇ 33 ਗੇਂਦਾਂ ਵਿੱਚ 45 ਦੌੜਾਂ ਬਣਾਈਆਂ ।
ਪਹਿਲਾਂ ਬੱਲੇਬਾਜ਼ੀ ਲਈ ਭੇਜੇ ਜਾਣ ‘ਤੇ ਸਨਰਾਈਜ਼ਰਸ ਦੇ ਲਈ ਵਾਰਨਰ ਅਤੇ ਬੇਅਰਸਟੋ ਨੇ ਇਸ਼ਾਂਤ ਸ਼ਰਮਾ, ਕੈਗੀਸੋ ਰਬਾਡਾ ਅਤੇ ਐਨਰਿਕ ਨੌਰਟਜੇ ਦਾ ਗੇਂਦਾਂ ਦਾ ਸੰਭਲ ਕੇ ਸਾਹਮਣਾ ਕੀਤਾ। ਰਬਾਡਾ ਨੇ 21 ਦੌੜਾਂ ਦੇ ਕੇ 2 ਵਿਕਟਾਂ ਲਈਆਂ । ਪਾਵਰਪਲੇ ਵਿੱਚ ਸਨਰਾਈਜ਼ਰਜ਼ ਦੇ ਬੱਲੇਬਾਜ਼ 38 ਦੌੜਾਂ ਬਣਾ ਸਕੇ, ਜਿਸ ਵਿੱਚ ਵਾਰਨਰ ਨੇ ਦੋ ਚੌਕੇ ਅਤੇ ਇੱਕ ਛੱਕਾ ਮਾਰਿਆ । ਬੇਅਰਸਟੋ ਨੇ 7ਵੇਂ ਓਵਰ ਵਿੱਚ ਪਹਿਲਾ ਚੌਕਾ ਲਗਾਇਆ, ਜਦੋਂ ਕਿ ਲੈੱਗ ਸਪਿੰਨਰ ਅਮਿਤ ਮਿਸ਼ਰਾ (35 ਦੌੜਾਂ ਦੇ ਕੇ 2) ਨੇ ਇੱਕ ਛੱਕਾ ਜੜਿਆ । ਹੌਲੀ ਵਿਕਟ ‘ਤੇ ਦੋਵਾਂ ਬੱਲੇਬਾਜ਼ਾਂ ਨੇ ਵਿਕਟਾਂ ਦੇ ਵਿਚਕਾਰ ਸਰਬੋਤਮ ਦੌੜ ਦਾ ਪ੍ਰਦਰਸ਼ਨ ਕਰਦਿਆਂ ਦੌੜਾਂ ਬਣਾਈਆਂ। ਵਾਰਨਰ ਨੇ ਇਸ਼ਾਂਤ ਨੂੰ ਦੂਜਾ ਛੱਕਾ ਮਾਰਿਆ ਅਤੇ ਮਿਸ਼ਰਾ ਦੀ ਗੇਂਦ ‘ਤੇ ਦਾ ਰਿਵਰਸ ਸਵੀਪ ਨਾਲ ਚੌਕਾ ਜੜਿਆ । ਮਿਸ਼ਰਾ ਨੇ ਉਨ੍ਹਾਂ ਨੂੰ ਵਿਕਟ ਦੇ ਪਿੱਛੇ ਕੈਚ ਦੇ ਦਿੱਤਾ।
ਦੱਸ ਦੇਈਏ ਕਿ ਸਨਰਾਈਜ਼ਰਜ਼ ਨੇ 10 ਓਵਰਾਂ ਵਿੱਚ 82 ਦੌੜਾਂ ਬਣਾਈਆਂ । ਮਿਸ਼ਰਾ ਨੇ ਮਨੀਸ਼ ਪਾਂਡੇ (3) ਨੂੰ ਵੀ ਸਨਰਾਈਜ਼ਰਸ ਦਾ ਸੈਂਕੜਾ ਬਣਨ ਤੋਂ ਪਹਿਲਾਂ ਹੀ ਪਵੇਲੀਅਨ ਭੇਜ ਦਿੱਤਾ । ਸੱਟ ਤੋਂ ਠੀਕ ਹੋਣ ਤੋਂ ਬਾਅਦ ਸੀਜ਼ਨ ਦਾ ਆਪਣਾ ਪਹਿਲਾ ਮੈਚ ਖੇਡ ਰਹੇ ਵਿਲੀਅਮਸਨ ਨੇ 16ਵੇਂ ਓਵਰ ਵਿੱਚ ਦੋ ਚੌਕੇ ਜੜੇ । ਇਸ ਦੌਰਾਨ ਬੇਅਰਸਟੋ ਨੇ 18ਵੇਂ ਓਵਰ ਵਿੱਚ ਨੌਰਟਜੇ ਦੀ ਗੇਂਦ ‘ਤੇ ਵਿਕਟ ਗਵਾਉਣ ਤੋਂ ਪਹਿਲਾਂ 44 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਵਿਲੀਅਮਸਨ ਵੀ ਅਗਲੇ ਹੀ ਓਵਰ ਵਿਚ ਪਵੇਲੀਅਨ ਪਰਤ ਗਿਆ।