ਟੀਮ ਇੰਡੀਆ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਨੂੰ ਭਾਰਤੀ ਟੀਮ ਪ੍ਰਬੰਧਨ ਨੇ ਅਚਾਨਕ ਟੀਮ ਤੋਂ ਬਾਹਰ ਕਰ ਦਿੱਤਾ ਹੈ। ਇਸ ਤੋਂ ਬਾਅਦ ਰਿਧੀਮਾਨ ਸਾਹਾ ਨੇ ਮੁੱਖ ਕੋਚ ਰਾਹੁਲ ਦ੍ਰਾਵਿੜ ਤੋਂ ਲੈ ਕੇ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਨੂੰ ਲੈ ਕੇ ਇਕ ਤੋਂ ਬਾਅਦ ਇਕ ਖੁਲਾਸੇ ਕਰਕੇ ਹੰਗਾਮਾ ਮਚਾ ਦਿੱਤਾ ਹੈ। ਹੁਣ ਰਾਹੁਲ ਦ੍ਰਵਿੜ ਨੇ ਮੀਡੀਆ ਦੇ ਸਾਹਮਣੇ ਇਸ ਵਿਵਾਦ ‘ਤੇ ਸਪੱਸ਼ਟੀਕਰਨ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਲਈ ਟੀਮ ਇੰਡੀਆ ਦੇ ਦਰਵਾਜ਼ੇ ਲਗਭਗ ਬੰਦ ਹੋ ਚੁੱਕੇ ਹਨ। ਇਸ ਖਿਡਾਰੀ ਨੂੰ ਸ਼੍ਰੀਲੰਕਾ ਖਿਲਾਫ 4 ਮਾਰਚ ਤੋਂ ਸ਼ੁਰੂ ਹੋਣ ਵਾਲੀ 2 ਮੈਚਾਂ ਦੀ ਟੈਸਟ ਸੀਰੀਜ਼ ਲਈ ਟੀਮ ਇੰਡੀਆ ਤੋਂ ਬਾਹਰ ਕਰ ਦਿੱਤਾ ਗਿਆ ਹੈ।
ਰਿਧੀਮਾਨ ਸਾਹਾ ਨੇ ਮੁੱਖ ਕੋਚ ਰਾਹੁਲ ਦ੍ਰਾਵਿੜ ਅਤੇ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ‘ਤੇ ਵੱਡੇ ਦੋਸ਼ ਲਾਏ ਹਨ। ਸਾਹਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ‘ਕੋਚ ਰਾਹੁਲ ਦ੍ਰਾਵਿੜ ਨੇ ਕਿਹਾ ਸੀ ਕਿ ਮੈਨੂੰ ਸੰਨਿਆਸ ਲੈਣ ਬਾਰੇ ਸੋਚਣਾ ਚਾਹੀਦਾ ਹੈ। ਜਦੋਂ ਕਿ ਸੌਰਵ ਗਾਂਗੁਲੀ ਨੇ ਕਿਹਾ ਸੀ ਕਿ ਜਦੋਂ ਤੱਕ ਮੈਂ ਬੀਸੀਸੀਆਈ ਦਾ ਪ੍ਰਧਾਨ ਹਾਂ, ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਬੋਰਡ ਪ੍ਰਧਾਨ ਦੀਆਂ ਇਹ ਗੱਲਾਂ ਸੁਣ ਕੇ ਮੇਰਾ ਆਤਮਵਿਸ਼ਵਾਸ ਕਾਫੀ ਵਧ ਗਿਆ ਸੀ।
ਹੁਣ ਰਾਹੁਲ ਦ੍ਰਵਿੜ ਨੇ ਮੀਡੀਆ ਦੇ ਸਾਹਮਣੇ ਇਸ ਵਿਵਾਦ ‘ਤੇ ਸਪੱਸ਼ਟੀਕਰਨ ਦਿੱਤਾ ਹੈ। ਰਾਹੁਲ ਦ੍ਰਾਵਿੜ ਦਾ ਮੰਨਣਾ ਹੈ ਕਿ ਅਨੁਭਵੀ ਵਿਕਟਕੀਪਰ ਬੱਲੇਬਾਜ਼ “ਸੱਚਾਈ ਅਤੇ ਸਪਸ਼ਟਤਾ” ਦੇ ਹੱਕਦਾਰ ਸਨ। ਦ੍ਰਾਵਿੜ ਨੇ ਕਿਹਾ ਕਿ ਸਾਹਾ ਨਾਲ ਗੱਲ ਕਰਨ ਦਾ ਮਕਸਦ ਇਹ ਯਕੀਨੀ ਬਣਾਉਣਾ ਸੀ ਕਿ ਉਸ ਨੂੰ ਟੀਮ ‘ਚ ਆਪਣੀ ਸਥਿਤੀ ਦਾ ਸਪੱਸ਼ਟ ਅੰਦਾਜ਼ਾ ਹੋਵੇ ਅਤੇ ਉਸ ਨੂੰ ਇਸ ‘ਤੇ ਪਛਤਾਵਾ ਨਾ ਹੋਵੇ। ਵੈਸਟਇੰਡੀਜ਼ ਖਿਲਾਫ ਟੀ-20 ਸੀਰੀਜ਼ ‘ਚ ਭਾਰਤ ਦੀ 3-0 ਨਾਲ ਜਿੱਤ ਤੋਂ ਬਾਅਦ ਦ੍ਰਾਵਿੜ ਨੇ ਕਿਹਾ, ‘ਮੈਨੂੰ ਅਸਲ ‘ਚ ਸੱਟ ਨਹੀਂ ਲੱਗੀ ਹੈ। ਮੈਂ ਸਾਹਾ ਅਤੇ ਭਾਰਤੀ ਕ੍ਰਿਕਟ ਵਿੱਚ ਉਨ੍ਹਾਂ ਦੀਆਂ ਉਪਲਬਧੀਆਂ ਅਤੇ ਯੋਗਦਾਨ ਲਈ ਬਹੁਤ ਸਤਿਕਾਰ ਕਰਦਾ ਹਾਂ। ਮੇਰੀ ਗੱਲਬਾਤ ਇਸੇ ਸੰਦਰਭ ਵਿੱਚ ਸੀ। ਮੈਨੂੰ ਲਗਦਾ ਹੈ ਕਿ ਉਹ ਸੱਚਾਈ ਅਤੇ ਸਪਸ਼ਟਤਾ ਦਾ ਹੱਕਦਾਰ ਹੈ।
ਵੀਡੀਓ ਲਈ ਕਲਿੱਕ ਕਰੋ -: