Fresh Covid outbreak in South Australia: ਭਾਰਤੀ ਕ੍ਰਿਕਟ ਟੀਮ ਤਿੰਨ ਵਨਡੇ, ਤਿੰਨ ਟੀ-20 ਅਤੇ ਚਾਰ ਟੈਸਟ ਮੈਚਾਂ ਦੀ ਸੀਰੀਜ਼ ਲਈ ਆਸਟ੍ਰੇਲੀਆ ਪਹੁੰਚ ਗਈ ਹੈ । ਜਿੱਥੇ ਭਾਰਤ ਦਾ ਇਹ ਦੌਰਾ 27 ਨਵੰਬਰ ਤੋਂ ਵਨਡੇ ਸੀਰੀਜ਼ ਨਾਲ ਸ਼ੁਰੂ ਹੋਵੇਗਾ, ਉੱਥੇ ਹੀ ਟੈਸਟ ਸੀਰੀਜ਼ 17 ਦਸੰਬਰ ਤੋਂ ਐਡੀਲੇਡ ਟੈਸਟ ਨਾਲ ਸ਼ੁਰੂ ਹੋਵੇਗੀ । ਚਾਰ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਐਡੀਲੇਡ ਵਿੱਚ ਡੇ-ਨਾਈਟ ਹੋਵੇਗਾ ਅਤੇ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਲਈ ਆਸਟ੍ਰੇਲੀਆ ਖਿਲਾਫ਼ ਇਸ ਦੌਰੇ ‘ਤੇ ਇਹ ਪਹਿਲਾ ਅਤੇ ਆਖਰੀ ਟੈਸਟ ਮੈਚ ਹੋਵੇਗਾ, ਕਿਉਂਕਿ ਉਹ ਆਪਣੇ ਪਹਿਲੇ ਬੱਚੇ ਦੇ ਜਨਮ ਲਈ ਭਾਰਤ ਵਾਪਿਸ ਆ ਜਾਣਗੇ । ਪਰ ਹੁਣ ਐਡੀਲੇਡ ਟੈਸਟ ‘ਤੇ ਸੰਕਟ ਦੇ ਬੱਦਲ ਮੰਡਰਾਉਣ ਲੱਗ ਗਏ ਹਨ।

ਦਰਅਸਲ, ਦੱਖਣੀ ਆਸਟ੍ਰੇਲੀਆ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ। ਅਜਿਹੀ ਸਥਿਤੀ ਵਿੱਚ ਇਹ ਸਵਾਲ ਉੱਠ ਰਿਹਾ ਹੈ ਕਿ ਕੀ ਐਡੀਲੇਡ ਪਹਿਲੇ ਟੈਸਟ ਦੀ ਮੇਜ਼ਬਾਨੀ ਕਰ ਸਕੇਗਾ? ਐਡੀਲੇਡ ਨੇ ਦੂਜੇ ਰਾਜਾਂ ਨੂੰ ਕਿਹਾ ਹੈ ਕਿ ਉਹ ਦੱਖਣੀ ਆਸਟ੍ਰੇਲੀਆ ਨਾਲ ਆਪਣੀਆਂ ਸਰਹੱਦਾਂ ਬੰਦ ਕਰ ਦੇਣ । ਕੋਰੋਨਾ ਦੀ ਵਾਪਸ ਆਈ ਵੇਵ ਕਾਰਨ ਬਹੁਤ ਸਾਰੇ ਲੋਕ ਆਈਸੋਲੇਸ਼ਨ ਵਿੱਚ ਚਲੇ ਗਏ ਹਨ ਅਤੇ ਬਹੁਤ ਸਾਰੇ ਕਾਰੋਬਾਰ ਬੰਦ ਹੋ ਗਏ ਹਨ। ਕ੍ਰਿਕਟ ਆਸਟ੍ਰੇਲੀਆ ਦੱਖਣੀ ਆਸਟ੍ਰੇਲੀਆ ਦੀ ਸਥਿਤੀ ‘ਤੇ ਨਜ਼ਰ ਰੱਖ ਰਿਹਾ ਹੈ। ਕ੍ਰਿਕਟ ਆਸਟ੍ਰੇਲੀਆ ਦੇ ਬੁਲਾਰੇ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ।

ਦੱਸ ਦੇਈਏ ਕਿ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 17 ਦਸੰਬਰ ਨੂੰ ਐਡੀਲੇਡ ਵਿੱਚ ਇੱਕ ਵੱਡਾ ਮੈਚ ਖੇਡਿਆ ਜਾਵੇਗਾ ਅਤੇ ਠੀਕ ਇੱਕ ਮਹੀਨੇ ਪਹਿਲਾਂ ਦੱਖਣੀ ਆਸਟ੍ਰੇਲੀਆ ਵਿੱਚ ਸਥਿਤੀ ਵਿਗੜਦੀ ਦਿਖਾਈ ਦੇ ਰਹੀ ਹੈ । ਪੱਛਮੀ ਆਸਟ੍ਰੇਲੀਆ, ਤਸਮਾਨੀਆ ਅਤੇ ਉੱਤਰੀ ਖੇਤਰਾਂ ਦੀਆਂ ਸਰਕਾਰਾਂ ਨੇ ਸੋਮਵਾਰ ਨੂੰ ਐਡੀਲੇਡ ਤੋਂ ਆਉਣ ਵਾਲੇ ਲੋਕਾਂ ਲਈ ਕੁਈਨਜ਼ਲੈਂਡ ਨਾਲ ਲੱਗਦੀ ਸਰਹੱਦ ਬੰਦ ਕਰਨ ਤੋਂ ਇਲਾਵਾ 14 ਦਿਨਾਂ ਹੋਟਲ ਕੁਆਰੰਟੀਨ ਦੀ ਘੋਸ਼ਣਾ ਕਰ ਦਿੱਤੀ ਹੈ। ਇੱਥੋਂ ਤੱਕ ਕਿ ਆਸਟ੍ਰੇਲੀਆ ਦੇ ਟੈਸਟ ਕਪਤਾਨ ਟਿਮ ਪੇਨ ਸਮੇਤ ਸ਼ੈਫੀਲਡ ਸ਼ੀਲਡ ਖੇਡਣ ਵਾਲੇ ਖਿਡਾਰੀਆਂ ਨੂੰ ਹੋਮ ਕੁਆਰੰਟੀਨ ਲਈ ਕਿਹਾ ਗਿਆ ਹੈ। ਜੇ ਐਡੀਲੇਡ ਪਹਿਲੇ ਟੈਸਟ ਦੀ ਮੇਜ਼ਬਾਨੀ ਕਰਨ ਵਿੱਚ ਅਸਮਰੱਥ ਹੈ ਤਾਂ ਪਹਿਲਾ ਟੈਸਟ ਮੈਚ ਦੋਵਾਂ ਟੀਮਾਂ ਵਿਚਾਲੇ ਸਿਡਨੀ ਵਿੱਚ ਖੇਡਿਆ ਜਾਵੇਗਾ।
ਇਹ ਵੀ ਦੇਖੋ: ਹਰ ਕਿਸੇ ਨੂੰ ਸੁਣਨੀ ਚਾਹੀਦੀ ਹੈ ਇਹ ਇੰਟਰਵਿਊ, ਜ਼ਿੰਮੀਦਾਰਾਂ ਦੇ ਪੁੱਤ ਕਿਉਂ ਨਹੀਂ ਕਰਦੇ ਵਾਹੀ ?






















