Government decides to give visas: ਪਾਕਿਸਤਾਨ ਦੀ ਕ੍ਰਿਕਟ ਟੀਮ ਨੂੰ ਇਸ ਸਾਲ ਅਕਤੂਬਰ-ਨਵੰਬਰ ਵਿੱਚ ਹੋਣ ਵਾਲੇ ICC ਵਰਲਡ ਟੀ-20 ਲਈ ਭਾਰਤ ਆਉਣ ਵਿੱਚ ਕੋਈ ਮੁਸ਼ਕਿਲ ਨਹੀਂ ਹੋਵੇਗੀ । ਭਾਰਤ ਸਰਕਾਰ ਨੇ ਪਾਕਿਸਤਾਨੀ ਖਿਡਾਰੀਆਂ ਅਤੇ ਮੀਡੀਆ ਨੂੰ ਵੀਜ਼ਾ ਦੇਣ ਲਈ ਤਿਆਰ ਹੋ ਗਈ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸ਼ੁੱਕਰਵਾਰ ਨੂੰ ਆਯੋਜਿਤ ਇੱਕ ਵਰਚੁਅਲ ਮੀਟਿੰਗ ਰਾਹੀਂ ਅਪੈਕਸ ਕੌਂਸਲ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ । ਮੰਨਿਆ ਜਾ ਰਿਹਾ ਹੈ ਕਿ ਬੋਰਡ ਸੈਕਟਰੀ ਜੈ ਸ਼ਾਹ ਨੇ ਖੁਦ ਐਪੈਕਸ ਕੌਂਸਲ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ ।
ਬੋਰਡ ਦੇ ਅਨੁਸਾਰ ਸਰਕਾਰ ਤੋਂ ਪਾਕਿਸਤਾਨੀ ਖਿਡਾਰੀਆਂ ਦੇ ਵੀਜ਼ਾ ਦੀ ਮਨਜ਼ੂਰੀ ਮਿਲ ਗਈ ਹੈ। ਹਾਲਾਂਕਿ, ਪ੍ਰਸ਼ੰਸਕਾਂ ਨੂੰ ਲੈ ਕੇ ਹਾਲੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਇਸ ਸਬੰਧੀ ਮੰਤਰਾਲੇ ਵੱਲੋਂ ਜਲਦ ਹੀ ਕੋਈ ਫੈਸਲਾ ਲਿਆ ਜਾਵੇਗਾ । ਵਰਚੁਅਲ ਬੈਠਕ ਵਿੱਚ ਸ਼ਾਮਿਲ BCCI ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਟੀ-20 ਵਰਲਡ ਕੱਪ ICC ਦਾ ਆਯੋਜਨ ਹੈ। ਇਸ ਦੇ ਮੱਦੇਨਜ਼ਰ ਸਰਕਾਰ ਨੇ ਪਾਕਿਸਤਾਨੀ ਖਿਡਾਰੀਆਂ ਅਤੇ ਮੀਡੀਆ ਲਈ ਵੀਜ਼ੇ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਸ ਤੋਂ ਪਹਿਲਾਂ PCB ਦੇ ਚੇਅਰਮੈਨ ਅਹਿਸਾਨ ਮਨੀ ਨੇ ਇੱਕ ਅਲਟੀਮੇਟਮ ਦਿੱਤਾ ਸੀ ਕਿ BCCI ਨੂੰ 31 ਮਾਰਚ ਤੱਕ ਪਾਕਿਸਤਾਨੀ ਟੀਮ ਲਈ ਵੀਜ਼ਾ ਦੀ ਮਨਜ਼ੂਰੀ ਨੂੰ ਲੈ ਕੇ ਆਪਣਾ ਰੁਖ ਸਾਫ ਕਰਨਾ ਚਾਹੀਦਾ ਹੈ । ਇਸ ਤੋਂ ਇੱਕ ਦਿਨ ਬਾਅਦ ਯਾਨੀ 1 ਅਪ੍ਰੈਲ ਨੂੰ ICC ਨੇ ਬੋਰਡ ਮੀਟਿੰਗ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਇਹ ਵਿਵਾਦ ਇੱਕ ਮਹੀਨੇ ਦੇ ਅੰਦਰ ਹੱਲ ਕਰ ਲਿਆਜਾਵੇਗਾ ।
ਦੱਸ ਦੇਈਏ ਕਿ BCCI ਨੇ ਵਿਸ਼ਵ ਕੱਪ ਲਈ 9 ਥਾਵਾਂ ਤੈਅ ਕੀਤੀਆਂ ਹਨ। ਫਾਈਨਲ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ । ਇਸ ਤੋਂ ਇਲਾਵਾ ਦਿੱਲੀ, ਮੁੰਬਈ, ਚੇੱਨਈ, ਬੈਂਗਲੋਰ, ਹੈਦਰਾਬਾਦ, ਧਰਮਸ਼ਾਲਾ, ਕੋਲਕਾਤਾ ਅਤੇ ਲਖਨਊ ਦੇ ਸਟੇਡੀਅਮ ਵੀ ਸ਼ਾਮਿਲ ਹਨ ।