Harbhajan Singh quits CSK: ਇੰਡੀਅਨ ਪ੍ਰੀਮੀਅਰ ਲੀਗ (IPL 2021) ਦੀ ਫਰਵਰੀ ਵਿੱਚ ਹੋਣ ਵਾਲੀ ਮਿੰਨੀ ਨਿਲਾਮੀ ਤੋਂ ਪਹਿਲਾਂ ਹਰਭਜਨ ਸਿੰਘ ਦਾ ਸਫ਼ਰ ਚੇੱਨਈ ਸੁਪਰ ਕਿੰਗਜ਼ ਨਾਲ ਖਤਮ ਹੋ ਗਿਆ ਹੈ । ਅਨੁਭਵੀ ਆਫ ਸਪਿਨਰ ਹਰਭਜਨ ਸਿੰਘ ਨੇ ਖ਼ੁਦ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ । 40 ਸਾਲਾਂ ਇਹ ਗੇਂਦਬਾਜ਼ ਪਿਛਲੇ ਦੋ ਸੀਜ਼ਨਾਂ ਤੋਂ CSK ਦਾ ਹਿੱਸਾ ਰਹੇ ਸਨ, ਪਰ ਨਿੱਜੀ ਕਾਰਨਾਂ ਕਰਕੇ IPL 2020 ਵਿੱਚ ਉਹ CSK ਲਈ ਨਹੀਂ ਖੇਡੇ। IPL 2020 ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਪਿਛਲੇ ਸਾਲ UAE ਵਿੱਚ ਖੇਡਿਆ ਗਿਆ ਸੀ।
ਦਰਅਸਲ, ਹਰਭਜਨ ਸਿੰਘ ਨੂੰ ਚੇੱਨਈ ਸੁਪਰ ਕਿੰਗਜ਼ ਵੱਲੋਂ ਆਈਪੀਐਲ 2018 ਵਿੱਚ ਆਪਣੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ । ਹਰਭਜਨ, ਜੋ ਪਹਿਲਾਂ ਮੁੰਬਈ ਇੰਡੀਅਨਜ਼ ਦੀ ਟੀਮ ਦਾ ਹਿੱਸਾ ਸੀ, ਨੂੰ ਚੇੱਨਈ ਸੁਪਰ ਕਿੰਗਜ਼ ਨੇ ਨੀਲਾਮੀ ਵਿੱਚ ਬੇਸ ਕੀਮਤ (2 ਕਰੋੜ ਰੁਪਏ) ਵਿੱਚ ਖਰੀਦਿਆ ਸੀ। CSK ਲਈ ਖੇਡਦੇ ਹੋਏ ਹਰਭਜਨ ਸਿੰਘ ਨੇ IPL 2018 ਵਿੱਚ 13 ਮੈਚਾਂ ਵਿੱਚ 7 ਵਿਕਟਾਂ ਹਾਸਿਲ ਕੀਤੀਆਂ ਸਨ । ਇਸ ਦੇ ਨਾਲ ਹੀ IPL 2019 ਵਿੱਚ ਉਨ੍ਹਾਂ ਨੇ 11 ਮੈਚਾਂ ਵਿੱਚ 16 ਵਿਕਟਾਂ ਲਈਆਂ ਸਨ ।
ਇਸ ਸਬੰਧੀ ਹਰਭਜਨ ਸਿੰਘ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਕਿ ਉਹ ਹੁਣ ਚੇੱਨਈ ਸੁਪਰ ਕਿੰਗਜ਼ ਛੱਡ ਰਹੇ ਹਨ । ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ, “ਚੇੱਨਈ ਸੁਪਰ ਕਿੰਗਜ਼ ਨਾਲ ਮੇਰਾ ਕਰਾਰ ਪੂਰਾ ਹੋ ਗਿਆ ਹੈ । ਇਸ ਟੀਮ ਨਾਲ ਖੇਡਣਾ ਬਹੁਤ ਵਧੀਆ ਤਜਰਬਾ ਸੀ। ਖੂਬਸੂਰਤ ਯਾਦਾਂ ਅਤੇ ਕੁਝ ਸ਼ਾਨਦਾਰ ਦੋਸਤ ਬਣੇ, ਜਿਨ੍ਹਾਂ ਨੇ ਆਉਣ ਵਾਲੇ ਸਾਲਾਂ ਵਿੱਚ ਮੈਂ ਯਾਦ ਰੱਖਾਂਗਾ। ਧੰਨਵਾਦ ਚੇੱਨਈ ਸੁਪਰ ਕਿੰਗਜ਼ ਮੈਨੇਜਮੈਂਟ, ਸਟਾਫ ਅਤੇ ਫੈਂਸ… ਦੋ ਸ਼ਾਨਦਾਰ ਸਾਲ…ਆਲ ਦ ਬੈਸਟ …
ਦੱਸ ਦੇਈਏ ਕਿ ਹਰਭਜਨ ਸਿੰਘ ਨੇ ਆਈਪੀਐਲ ਤੋਂ ਆਪਣਾ ਨਾਮ ਵਾਪਸ ਲੈਣ ਤੋਂ ਬਾਅਦ ਇੱਕ ਭਾਵੁਕ ਟਵੀਟ ਵੀ ਕੀਤਾ ਸੀ। ਹਰਭਜਨ ਸਿੰਘ ਨੇ ਆਪਣੇ ਟਵੀਟ ਵਿੱਚ ਲਿਖਿਆ ਸੀ, “ਦੋਸਤੋ, ਮੈਂ ਇਸ ਵਾਰ ਨਿੱਜੀ ਕਾਰਨਾਂ ਕਰਕੇ ਆਈਪੀਐਲ ਵਿੱਚ ਨਹੀਂ ਖੇਡਾਂਗਾ। ਇਹ ਇੱਕ ਮੁਸ਼ਕਿਲ ਸਮਾਂ ਹੈ ਅਤੇ ਮੈਂ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਂਦੇ ਹੋਏ ਪ੍ਰਾਈਵੇਸੀ ਦੀ ਉਮੀਦ ਕਰਦਾ ਹਾਂ। ਸੀਐਸਕੇ ਮੈਨੇਜਮੈਂਟ ਨੇ ਬਹੁਤ ਸਮਰਥਨ ਕੀਤਾ ਅਤੇ ਮੈਂ ਉਨ੍ਹਾਂ ਨੂੰ ਵਧੀਆ ਆਈਪੀਐਲ ਸੀਜ਼ਨ ਦੀ ਕਾਮਨਾ ਕਰਦਾ ਹਾਂ। ਤੁਸੀਂ ਸੁਰੱਖਿਅਤ ਰਹੋ, ਜੈ ਹਿੰਦ।”
ਗੌਰਤਲਬ ਹੈ ਕਿ ਹਰਭਜਨ IPL ਦੇ ਇਤਿਹਾਸ ਵਿੱਚ 150 ਵਿਕਟਾਂ ਨਾਲ ਸਭ ਤੋਂ ਸਫਲ ਗੇਂਦਬਾਜ਼ਾਂ ਵਿੱਚੋਂ ਇੱਕ ਹਨ। ਉਹ ਇਸ ਲੀਗ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਲਸਿਥ ਮਲਿੰਗਾ (170) ਅਤੇ ਅਮਿਤ ਮਿਸ਼ਰਾ (160), ਪਿਯੂਸ਼ ਚਾਵਲਾ (156) ਅਤੇ ਡਵੇਨ ਬ੍ਰਾਵੋ (153) ਵੀ ਸ਼ਾਮਿਲ ਹਨ।
ਇਹ ਵੀ ਦੇਖੋ: ਬਾਰਡਰ ਤੋਂ ਸਿੱਧਾ ਦਿੱਲੀ ਕਿਸਾਨ ਧਰਨੇ ‘ਚ ਪਹੁੰਚੇ ਇਸ ਫੌਜੀ ਵੀਰ ਦਾ ਗੀਤ ਸੁਣ ਕੇ ਅੱਖਾਂ ਆ ਜਾਣਗੇ ਹੰਝੂ