ਕ੍ਰਿਕਟ ਪ੍ਰੇਮੀਆਂ ਦੇ ਲਈ ਵੱਡੀ ਤੇ ਚੰਗੀ ਖਬਰ ਸਾਹਮਣੇ ਆਈ ਹੈ। ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਇੱਕ ਵਾਰ ਫਿਰ ਕ੍ਰਿਕਟ ਮੈਦਾਨ ‘ਤੇ ਭਿੜਣਗੀਆਂ। ਇਸ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿੱਚ ਭਾਰਤ ਤੇ ਪਾਕਿਸਤਾਨ ਵਿਚਾਲੇ ਕੜੀ ਟੱਕਰ ਹੋਵੇਗੀ।
ਦਰਅਸਲ, ਭਾਰਤ ਤੇ ਪਾਕਿਸਤਾਨ ਦੋਵੇ ਟੀਮਾਂ 24 ਅਕਤੂਬਰ ਨੂੰ ਆਹਮੋ-ਸਾਹਮਣੇ ਹੋ ਸਕਦੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਐਤਵਾਰ ਵਾਲੇ ਦਿਨ ਇਨ੍ਹਾਂ ਟੀਮਾਂ ਦਾ ਮੁਕਾਬਲਾ ਹੋ ਸਕਦਾ ਹੈ, ਜਿਸ ਕਾਰਣ ਇਹ ਦਿਨ ਰੋਮਾਂਚ ਨਾਲ ਭਰਪੂਰ ਹੋ ਜਾਵੇਗਾ। ਹਾਲਾਂਕਿ ICC ਵੱਲੋਂ ਵਿਸ਼ਵ ਕੱਪ ਦਾ ਪੂਰਾ ਸ਼ਡਿਊਲ ਜਾਰੀ ਨਹੀਂ ਕੀਤਾ ਗਿਆ ਹੈ, ਪਰ ਭਾਰਤ ਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਪੱਕਾ ਹੋਵੇਗਾ।
ਜ਼ਿਕਰਯੋਗ ਹੈ ਕਿ ICC ਵੱਲੋਂ ਪਿਛਲੇ ਮਹੀਨੇ ਹੀ ਵਿਸ਼ਵ ਕੱਪ ਦੇ ਗਰੁੱਪ ਦਾ ਐਲਾਨ ਕੀਤਾ ਗਿਆ ਸੀ। ਇਨ੍ਹਾਂ ਗਰੁੱਪ ਵਿੱਚ ਭਾਰਤ ਤੇ ਪਾਕਿਸਤਾਨ ਦੂਜੇ ਗਰੁੱਪ ਦਾ ਹਿੱਸਾ ਹਨ। ਇਸ ਵਾਰ ਦਾ ਟੀ-20 ਵਿਸ਼ਵ ਕੱਪ 17 ਅਕਤੂਬਰ ਤੋਂ 14 ਨਵੰਬਰ ਤੱਕ ਖੇਡਿਆ ਜਾਣਾ ਹੈ।
ਦੱਸ ਦੇਈਏ ਕਿ ਟੀ-20 ਵਿਸ਼ਵ ਕੱਪ ਦੀਆਂ ਸੁਪਰ 12 ਟੀਮਾਂ ਵਿੱਚ ਭਾਰਤ ਗਰੁੱਪ 2 ਦਾ ਹਿੱਸਾ ਹੈ। ਇਸ ਗਰੁੱਪ ਵਿੱਚ ਭਾਰਤ, ਪਾਕਿਸਤਾਨ, ਨਿਊਜ਼ੀਲੈਂਡ ਤੇ ਅਫ਼ਗ਼ਾਨਿਸਤਾਨ ਵੀ ਸ਼ਾਮਿਲ ਹੈ। ਇਸ ਤੋਂ ਇਲਾਵਾ ਕੁਆਲੀਫਾਇਰ ਗਰੁੱਪ ਨੂੰ ਪਾਰ ਕਰ ਅੱਗੇ ਆਉਣ ਵਾਲੀਆਂ ਦੋ ਟੀਮਾਂ ਵੀ ਇਸਦਾ ਹਿੱਸਾ ਹੋਣਗੀਆਂ। ਇਸ ਸਾਲ ਦਾ ਟੀ-20 ਵਿਸ਼ਵ ਕੱਪ UAE ਅਤੇ ਓਮਾਨ ਵਿੱਚ ਖੇਡਿਆ ਜਾਵੇਗਾ। ਪਹਿਲਾਂ ਇਹ ਵਿਸ਼ਵ ਕੱਪ ਭਾਰਤ ਵਿੱਚ ਖੇਡਿਆ ਜਾਣਾ ਸੀ, ਪਰ ਕੋਰੋਨਾ ਸੰਕਟ ਦੇ ਮੱਦੇਨਜ਼ਰ ICC ਨੇ ਜਗ੍ਹਾ ਨੂੰ ਬਦਲ ਦਿੱਤਾ।