Injured Rishabh Pant out: ਦਿੱਲੀ ਕੈਪਿਟਲਸ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਪੱਟ ਦੀਆਂ ਮਾਸਪੇਸ਼ੀਆਂ ਦੇ ਦਬਾਅ ਕਾਰਨ ਘੱਟੋ-ਘੱਟ ਇੱਕ ਹਫਤੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਨਹੀਂ ਖੇਡ ਸਕਣਗੇ। ਟੀਮ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਇਹ ਜਾਣਕਾਰੀ ਦਿੱਤੀ । ਪੰਤ ਸ਼ੁੱਕਰਵਾਰ ਨੂੰ ਰਾਜਸਥਾਨ ਰਾਇਲਜ਼ ਖ਼ਿਲਾਫ਼ ਮੈਚ ਦੌਰਾਨ ਜ਼ਖਮੀ ਹੋ ਗਿਆ ਸੀ ਅਤੇ ਉਹ ਐਤਵਾਰ ਨੂੰ ਮੁੰਬਈ ਇੰਡੀਅਨਜ਼ ਖ਼ਿਲਾਫ਼ ਮੈਚ ਵਿੱਚ ਨਹੀਂ ਖੇਡਿਆ ਸੀ । ਇਸ ਮੈਚ ਵਿੱਚ ਦਿੱਲੀ ਦੀ ਟੀਮ 5 ਵਿਕਟਾਂ ਨਾਲ ਹਾਰ ਗਈ ਸੀ। ਅਈਅਰ ਨੂੰ ਮੈਚ ਤੋਂ ਬਾਅਦ ਪੁੱਛਿਆ ਗਿਆ ਕਿ ਪੰਤ ਕਿੰਨੇ ਸਮੇਂ ਲਈ ਖੇਡਣ ਲਈ ਉਪਲੱਬਧ ਰਹਿਣਗੇ ਤਾਂ ਉਨ੍ਹਾਂ ਨੇ ਜਵਾਬ ਦਿੰਦਿਆਂ ਕਿਹਾ, “ਮੈਨੂੰ ਇਸਦਾ ਨਹੀਂ ਪਤਾ। ਡਾਕਟਰ ਨੇ ਕਿਹਾ ਕਿ ਉਸਨੂੰ ਇੱਕ ਹਫ਼ਤੇ ਆਰਾਮ ਕਰਨਾ ਪਵੇਗਾ ਅਤੇ ਮੈਨੂੰ ਉਮੀਦ ਹੈ ਕਿ ਉਹ ਮਜ਼ਬੂਤ ਵਾਪਸੀ ਕਰੇਗਾ।
ਦਰਅਸਲ, ਦਿੱਲੀ ਦੀ ਟੀਮ ਨੂੰ ਇਸ ਹਫ਼ਤੇ ਬੁੱਧਵਾਰ ਨੂੰ ਰਾਜਸਥਾਨ ਰਾਇਲਜ਼ ਅਤੇ ਸ਼ਨੀਵਾਰ ਨੂੰ ਚੇੱਨਈ ਸੁਪਰ ਕਿੰਗਜ਼ ਨਾਲ ਮੁਕਾਬਲਾ ਕਰਨਾ ਹੈ। ਐਤਵਾਰ ਨੂੰ ਆਸਟ੍ਰੇਲੀਆ ਦੇ ਐਲੈਕਸ ਕੈਰੀ ਨੂੰ ਪੰਤ ਦੀ ਜਗ੍ਹਾ ਪਲੇਇੰਗ ਇਲੈਵਨ ਵਿੱਚ ਸ਼ਾਮਿਲ ਕੀਤਾ ਗਿਆ ਸੀ। ਮੁੰਬਈ ਇੰਡੀਅਨਜ਼ ਦੇ ਖਿਲਾਫ 5 ਵਿਕਟਾਂ ਨਾਲ ਮਾਤ ਪਾਉਣ ਤੋਂ ਬਾਅਦ ਦਿੱਲੀ ਕੈਪਿਟਲਸ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਕਿਹਾ ਹੈ, ‘ਅਸੀਂ 10-15 ਦੌੜਾਂ ਘੱਟ ਬਣਾਈਆਂ। ਮੇਰੇ ਖਿਆਲ ਵਿੱਚ 175 ਦੌੜਾਂ ਦਾ ਸਕੋਰ ਸ਼ਾਨਦਾਰ ਹੁੰਦਾ। ਜਦੋਂ ਮਾਰਕਸ ਸਟੋਨੀਸ ਆਊਟ ਹੋਏ ਤਾਂ ਅਸੀਂ ਬਹੁਤ ਕੁਝ ਗੁਆ ਲਿਆ।
ਇਸ ਤੋਂ ਅੱਗੇ ਅਈਅਰ ਨੇ ਕਿਹਾ, ‘ਇਹ ਅਜਿਹੀ ਚੀਜ਼ ਹੈ, ਜਿਸ ‘ਤੇ ਸਾਨੂੰ ਕੰਮ ਕਰਨਾ ਹੈ। ਸਾਨੂੰ ਆਪਣੀ ਫੀਲਡਿੰਗ ‘ਤੇ ਕੰਮ ਕਰਨਾ ਪਵੇਗਾ। ਕੁੱਲ ਮਿਲਾ ਕੇ, ਉਨ੍ਹਾਂ ਨੇ ਸਾਨੂੰ ਹਰ ਤਰੀਕੇ ਨਾਲ ਹਰਾਇਆ। ਅਗਲੇ ਮੈਚ ਵਿੱਚ ਸਾਨੂੰ ਆਪਣੀ ਮਾਨਸਿਕਤਾ ‘ਤੇ ਵੀ ਕੰਮ ਕਰਨਾ ਪਵੇਗਾ। ਮੈਨੂੰ ਲੱਗਦਾ ਹੈ ਕਿ ਸਾਡੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਕਿਸੇ ਵੀ ਚੀਜ਼ ਨੂੰ ਹਲਕੇ ਤਰੀਕੇ ਨਾਲ ਨਾ ਲਈਏ।