IPL 2020 Indian players: ਆਈਪੀਐਲ 2020 ਦੇ ਫਾਈਨਲ ਮੈਚ ਵਿੱਚ ਦਿੱਲੀ ਕੈਪਿਟਲਸ ਨੂੰ 5 ਵਿਕਟਾਂ ਨਾਲ ਹਰਾ ਕੇ ਮੁੰਬਈ ਇੰਡੀਅਨਜ਼ ਨੇ ਪੰਜਵੀਂ ਵਾਰ ਆਈਪੀਐਲ ਦਾ ਖਿਤਾਬ ਆਪਣੇ ਨਾਂ ਕੀਤਾ । ਰੋਹਿਤ ਸ਼ਰਮਾ ਦੀ ਕਪਤਾਨੀ ਵਿੱਚ ਮੁੰਬਈ ਨੇ ਲਗਾਤਾਰ ਦੂਜੇ ਸਾਲ ਇਸ ਖਿਤਾਬ ‘ਤੇ ਆਪਣਾ ਕਬਜ਼ਾ ਕੀਤਾ । ਉੱਥੇ ਹੀ ਦਿੱਲੀ ਦਾ ਪਹਿਲੀ ਵਾਰ ਇਸ ਟਰਾਫੀ ਨੂੰ ਆਪਣੇ ਨਾਮ ਕਰਨ ਦਾ ਸੁਪਨਾ ਚਕਨਾਚੂਰ ਹੋ ਗਿਆ। UAE ਵਿੱਚ ਖੇਡੇ ਗਏ ਇਸ ਟੂਰਨਾਮੈਂਟ ਵਿੱਚ ਭਾਰਤੀ ਖਿਡਾਰੀਆਂ ਦਾ ਜਲਵਾ ਰਿਹਾ ਅਤੇ ਬਹੁਤ ਸਾਰੇ ਨੌਜਵਾਨ ਖਿਡਾਰੀਆਂ ਨੇ ਵੀ ਇਸ ਫਟਾਫਟ ਲੀਗ ਵਿੱਚ ਆਪਣੀ ਪਛਾਣ ਬਣਾਈ । ਦੇਵਦਤ ਪਡਿਕਲ ਤੋਂ ਲੈ ਕੇ ਈਸ਼ਾਨ ਕਿਸ਼ਨ ਵਰਗੇ ਬੱਲੇਬਾਜ਼ਾਂ ਨੇ ਇਸ ਸੀਜ਼ਨ ਵਿੱਚ ਆਪਣੀ ਪ੍ਰਤਿਭਾ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਬਹੁਤ ਸਾਰੇ ਅਵਾਰਡ ਆਪਣੇ ਨਾਮ ਕੀਤੇ ਹਨ।
ਕੇਐਲ ਰਾਹੁਲ ਨੇ ਓਰੇਂਜ ਕੈਪ ‘ਤੇ ਕੀਤਾ ਕਬਜ਼ਾ
ਇਸ ਸੀਜ਼ਨ ਵਿੱਚ ਕਿੰਗਜ਼ ਇਲੈਵਨ ਪੰਜਾਬ ਦੀ ਕਪਤਾਨੀ ਕਰਨ ਵਾਲੇ ਕੇਐਲ ਰਾਹੁਲ ਦਾ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਰਿਹਾ ਅਤੇ ਉਸਨੇ ਇਸ ਸੀਜ਼ਨ ਦੀ ਓਰੇਂਜ ਕੈਪ ਹਾਸਿਲ ਕੀਤੀ। ਰਾਹੁਲ ਨੇ ਆਈਪੀਐਲ 2020 ਵਿੱਚ ਖੇਡੇ ਗਏ 14 ਮੈਚਾਂ ਵਿੱਚ 129.34 ਦੀ ਸਟ੍ਰਾਈਕ ਰੇਟ ਨਾਲ ਟੂਰਨਾਮੈਂਟ ਵਿੱਚ 670 ਦੌੜਾਂ ਬਣਾਈਆਂ । ਉਨ੍ਹਾਂ ਨੇ ਇਸ ਸੀਜ਼ਨ ਵਿੱਚ 1 ਸੈਂਕੜਾ ਅਤੇ 5 ਅਰਧ ਸੈਂਕੜੇ ਲਗਾਏ । ਪੰਜਾਬ ਦੇ ਕਪਤਾਨ ਨੂੰ ਇਸ ਸੀਜ਼ਨ ਦਾ ‘ਗੇਮ ਚੇਂਜਰ’ ਖਿਡਾਰੀ ਵੀ ਚੁਣਿਆ ਗਿਆ । ਰਾਹੁਲ ਹਾਲਾਂਕਿ ਆਪਣੀ ਟੀਮ ਨੂੰ ਪਲੇਆਫ ਵਿੱਚ ਪਹੁੰਚਾਉਣ ਤੱਕ ਨਾਕਾਮ ਰਹੇ ।
ਈਸ਼ਾਨ ਕਿਸ਼ਨ ਨੇ ਲਗਾਏ ਸਭ ਤੋਂ ਵੱਧ ਛੱਕੇ
ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ ਈਸ਼ਾਨ ਕਿਸ਼ਨ ਨੇ ਵੀ ਇਸ ਸੀਜ਼ਨ ਵਿੱਚ ਆਪਣੇ ਮਜ਼ਬੂਤ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਈਸ਼ਾਨ ਨੇ UAE ਵਿੱਚ ਖੇਡੇ ਗਏ ਆਈਪੀਐਲ ਵਿੱਚ ਸਭ ਤੋਂ ਵੱਧ ਛੱਕੇ ਲਗਾਏ ਅਤੇ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਦਾ ਅਵਾਰਡ ਜਿੱਤਿਆ । ਈਸ਼ਾਨ ਨੇ ਇਸ ਸੀਜ਼ਨ ਵਿੱਚ 14 ਮੈਚਾਂ ਵਿੱਚ ਕੁੱਲ 30 ਛੱਕੇ ਜੜੇ । ਇਸਦੇ ਨਾਲ ਹੀ ਉਸਨੇ 14 ਮੈਚਾਂ ਵਿੱਚ 145.76 ਦੇ ਸਟ੍ਰਾਈਕ ਰੇਟ ਨਾਲ 516 ਦੌੜਾਂ ਬਣਾਈਆਂ । ਸੀਜ਼ਨ ਦੇ ਵੱਧ ਤੋਂ ਵੱਧ ਛੱਕਿਆਂ ਦੀ ਸੂਚੀ ਵਿੱਚ ਦੂਸਰਾ ਸਥਾਨ ਰਾਜਸਥਾਨ ਰਾਇਲਜ਼ ਦਾ ਬੱਲੇਬਾਜ਼ ਸੰਜੂ ਸੈਮਸਨ ਦਾ ਸੀ, ਜਿਸ ਨੇ 14 ਮੈਚਾਂ ਵਿੱਚ 26 ਛੱਕੇ ਜੜੇ।
ਦੇਵਦੱਤ ਪਡਿਕਲ ਇਮਰਜਿੰਗ ਪਲੇਅਰ ਆਫ ਦਿ ਈਅਰ
ਰਾਇਲ ਚੈਲੇਂਜਰਜ਼ ਬੈਂਗਲੁਰੂ ਵੱਲੋਂ ਆਈਪੀਐਲ ਵਿੱਚ ਆਪਣਾ ਡੈਬਿਊ ਖੇਡਣ ਵਾਲੇ ਦੇਵਦੱਤ ਪਡਿਕਲ ਉਨ੍ਹਾਂ ਬੱਲੇਬਾਜ਼ਾਂ ਵਿੱਚੋਂ ਇੱਕ ਸਨ, ਜਿਨ੍ਹਾਂ ਨੂੰ ਆਪਣੇ ਪ੍ਰਦਰਸ਼ਨ ਤੋਂ ਕਾਫ਼ੀ ਪ੍ਰਸ਼ੰਸਾ ਮਿਲੀ । ਪਡਿਕਲ ਨੂੰ ਟੂਰਨਾਮੈਂਟ ਲਈ ਇਮਰਜਿੰਗ ਪਲੇਅਰ ਆਫ ਦਿ ਈਅਰ ਚੁਣਿਆ ਗਿਆ । ਉਨ੍ਹਾਂ ਨੇ ਇਸ ਸੀਜ਼ਨ ਵਿੱਚ 124.80 ਦੀ ਸਟ੍ਰਾਈਕ ਰੇਟ ਨਾਲ ਖੇਡੇ 15 ਮੈਚਾਂ ਵਿੱਚ 473 ਦੌੜਾਂ ਬਣਾਈਆਂ ਅਤੇ ਬੈਂਗਲੁਰੂ ਦੀ ਟੀਮ ਵਿੱਚ ਸਭ ਤੋਂ ਵੱਧ ਦੌੜਾਂ ਬਣਾਈਆਂ ।
ਇਹ ਵੀ ਦੇਖੋ: ਕੋਰੋਨਾ ਕਾਰਨ 30 ਫੀਸਦ ਸਿਲੇਬਸ ‘ਚ ਕਟੌਤੀ, PSEB ਦਾ ਵੱਡਾ ਫੈਸਲਾ, ਪ੍ਰਸ਼ਨ-ਪੱਤਰਾਂ ‘ਚ ਬਦਲਾਅ