IPL 2020 KKR vs SRH: ਸ਼ਨੀਵਾਰ ਨੂੰ ਸ਼ੇਖ ਜ਼ਾਯੇਦ ਸਟੇਡੀਅਮ ਵਿੱਚ ਖੇਡੇ ਗਏ IPL ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੇ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ 20 ਓਵਰਾਂ ਵਿੱਚ 4 ਵਿਕਟਾਂ ਗੁਆ ਕੇ 142 ਦੌੜਾਂ ਬਣਾਈਆਂ । ਜਿਸ ਤੋਂ ਬਾਅਦ ਕੋਲਕਾਤਾ ਨਾਈਟ ਰਾਈਡਰਜ਼ ਨੇ 143 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸ਼ੁਭਮਨ ਗਿੱਲ ਦੀ ਧਮਾਕੇਦਾਰ ਬੱਲੇਬਾਜ਼ੀ ਦੀ ਮਦਦ ਨਾਲ 7 ਵਿਕਟਾਂ ਨਾਲ ਜਿੱਤ ਹਾਸਿਲ ਕੀਤੀ । KKR ਲਈ ਇਹ ਸੀਜ਼ਨ ਦੀ ਪਹਿਲੀ ਜਿੱਤ ਹੈ। ਉੱਥੇ ਹੀ ਹੈਦਰਾਬਾਦ ਨੂੰ ਲਗਾਤਾਰ ਦੂਜੀ ਹਾਰ ਮਿਲੀ ਹੈ।
ਹੈਦਰਾਬਾਦ ਦੀ ਪਾਰੀ
ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਪਰ KKR ਦੀ ਖਤਰਨਾਕ ਗੇਂਦਬਾਜ਼ੀ ਦੇ ਸਾਹਮਣੇ ਹੈਦਰਾਬਾਦ ਦੇ ਬੱਲੇਬਾਜ਼ 17 ਓਵਰਾਂ ਤੱਕ 7 ਦੇ ਰਨ ਰੇਟ ਨੂੰ ਨਹੀਂ ਛੂਹ ਸਕੇ । ਇਹੀ ਕਾਰਨ ਹੈ ਕਿ KKR ਨੇ ਹੈਦਰਾਬਾਦ ਨੂੰ 142 ਦੌੜਾਂ ‘ਤੇ ਰੋਕ ਦਿੱਤਾ । ਹੈਦਰਾਬਾਦ ਲਈ ਮਨੀਸ਼ ਪਾਂਡੇ ਨੇ 38 ਗੇਂਦਾਂ ‘ਤੇ 51 ਦੌੜਾਂ ਬਣਾਈਆਂ । ਉਸ ਦੀ ਪਾਰੀ ਵਿੱਚ ਤਿੰਨ ਚੌਕੇ ਅਤੇ ਦੋ ਛੱਕੇ ਸ਼ਾਮਿਲ ਰਹੇ। ਰਿਧੀਮਾਨ ਸਾਹਾ ਨੇ 31 ਗੇਂਦਾਂ ‘ਤੇ 1 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 30 ਦੌੜਾਂ ਬਣਾਈਆਂ।
ਕੋਲਕਾਤਾ ਦੇ ਕਪਤਾਨ ਦਿਨੇਸ਼ ਕਾਰਤਿਕ ਨੇ ਇਸ ਮੈਚ ਵਿੱਚ 7 ਗੇਂਦਬਾਜ਼ਾਂ ਨੂੰ ਅਜ਼ਮਾਇਆ ਅਤੇ ਸਾਰੇ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਕੋਲਕਾਤਾ ਲਈ ਆਂਦਰੇ ਰਸੇਲ, ਪੈਟ ਕਮਿੰਸ, ਵਰੁਣ ਚੱਕਰਵਰਤੀ ਨੇ 1-1 ਵਿਕਟ ਲਈ । KKR ਨੇ ਸ਼ੁਰੂ ਤੋਂ ਹੀ ਚੰਗੀ ਗੇਂਦਬਾਜ਼ੀ ਕੀਤੀ ਅਤੇ ਹੈਦਰਾਬਾਦ ਦੇ ਬੱਲੇਬਾਜ਼ਾਂ ਨੂੰ ਕਾਬੂ ਵਿੱਚ ਰੱਖਣ ਵਿੱਚ ਸਫਲ ਸਾਬਿਤ ਹੋਏ । ਹੈਦਰਾਬਾਦ ਵੱਲੋਂ ਪੈਟ ਕਮਿੰਸ ਅਤੇ ਵਰੁਣ ਚੱਕਰਵਰਤੀ ਨੇ ਚੰਗੀ ਗੇਂਦਬਾਜ਼ੀ ਕੀਤੀ। ਪੈਟ ਕਮਿੰਸ ਨੇ 4 ਓਵਰਾਂ ਵਿੱਚ ਸਿਰਫ 19 ਦੌੜਾਂ ਦੇ ਕੇ ਇੱਕ ਵਿਕਟ ਲਈ ।
ਕੋਲਕਾਤਾ ਦੀ ਪਾਰੀ
143 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਕੋਲਕਾਤਾ ਦੀ ਟੀਮ ਦੀ ਸ਼ੁਰੂਆਤ ਖਰਾਬ ਰਹੀ ਅਤੇ ਸੁਨੀਲ ਨਾਰਾਇਣ ਬਿਨ੍ਹਾਂ ਕੋਈ ਖਾਤਾ ਖੋਲ੍ਹੇ ਪਵੇਲੀਅਨ ਵਾਪਸ ਪਰਤ ਗਿਆ। ਉਸਨੂੰ ਖਲੀਲ ਅਹਿਮਦ ਨੇ ਵਾਰਨਰ ਦੇ ਹੱਥੋਂ ਕੈਚ ਕਰਵਾਇਆ। ਇਸ ਤੋਂ ਬਾਅਦ ਨਿਤੀਸ਼ ਰਾਣਾ ਅਤੇ ਸ਼ੁਬਮਨ ਗਿੱਲ ਨੇ ਕੁਝ ਵੱਡੇ ਸ਼ਾਟ ਲਗਾਏ । ਪਰ ਉਦੋਂ ਨਟਰਾਜਨ ਨੇ ਖਤਰਨਾਕ ਦਿਖ ਰਹੇ ਨਿਤੀਸ਼ ਰਾਣਾ ਨੂੰ ਆਪਣਾ ਸ਼ਿਕਾਰ ਬਣਾਇਆ । ਰਾਣਾ ਨੇ 13 ਗੇਂਦਾਂ ਵਿੱਚ 6 ਚੌਕਿਆਂ ਦੀ ਮਦਦ ਨਾਲ 26 ਦੌੜਾਂ ਬਣਾਈਆਂ । ਉਸ ਦੇ ਆਊਟ ਹੋਣ ਤੋਂ ਬਾਅਦ ਕਪਤਾਨ ਦਿਨੇਸ਼ ਕਾਰਤਿਕ ਬੱਲੇਬਾਜ਼ੀ ਕਰਨ ਆਇਆ ਅਤੇ ਕੋਈ ਖਾਤਾ ਖੋਲ੍ਹਣ ਤੋਂ ਬਿਨ੍ਹਾਂ ਰਾਸ਼ਿਦ ਖਾਨ ਦਾ ਸ਼ਿਕਾਰ ਹੋ ਗਿਆ। ਇਸ ਤੋਂ ਬਾਅਦ ਮੋਰਗਨ ਅਤੇ ਗਿੱਲ ਨੇ ਸਾਂਝੇ ਤੌਰ ‘ਤੇ ਕੋਲਕਾਤਾ ਦੀ ਪਾਰੀ ਨੂੰ ਜਾਰੀ ਰੱਖਿਆ । ਗਿੱਲ ਨੇ ਸਹੀ ਪਾਰੀ ਖੇਡਦਿਆਂ ਅਰਧ ਸੈਂਕੜਾ ਪੂਰਾ ਕੀਤਾ । ਇਸਦੇ ਨਾਲ ਹੀ ਮੋਰਗਨ ਨੇ 50 ਗੇਂਦਾਂ ਵਿੱਚ ਅਰਧ-ਸੈਂਕੜਾ ਲਗਾਇਆ। ਇਸਦੇ ਬਾਅਦ ਵੀ ਇਹ ਜੋੜੀ ਨਹੀਂ ਰੁਕੀ ਅਤੇ 92 ਦੌੜਾਂ ਦੀ ਸਾਂਝੇਦਾਰੀ ਨਾਲ ਟੀਮ ਨੇ 7 ਵਿਕਟਾਂ ਨਾਲ ਜਿੱਤ ਹਾਸਿਲ ਕਰ ਲਈ।