IPL 2020 KXIP vs DC: IPL-13 ਵਿੱਚ ਕਿੰਗਜ਼ ਇਲੈਵਨ ਪੰਜਾਬ ਅਤੇ ਦਿੱਲੀ ਰਾਜਧਾਨੀ ਵਿਚਕਾਰ ਐਤਵਾਰ ਨੂੰ ਦੁਬਈ ਵਿੱਚ ਖੇਡਿਆ ਗਿਆ ਮੈਚ ਸੁਪਰ ਓਵਰ ਵਿੱਚ ਪਹੁੰਚ ਗਿਆ ਅਤੇ ਦਿੱਲੀ ਦੀ ਟੀਮ ਨੇ ਪੰਜਾਬ ਤੋਂ ਜਿੱਤ ਖੋਹ ਲਈ । ਇਸ ਮੈਚ ਵਿੱਚ ਕਿੰਗਜ਼ ਇਲੈਵਨ ਪੰਜਾਬ ਦੀ ਜਿੱਤ ਨਿਸ਼ਚਤ ਦਿਖਾਈ ਦਿੱਤੀ ਸੀ, ਪਰ ਆਖਰੀ ਓਵਰ ਵਿੱਚ ਮਯੰਕ ਅਗਰਵਾਲ (89) ਦੇ ਆਊਟ ਹੋਣ ਤੋਂ ਬਾਅਦ ਸਾਰਾ ਪਾਸਾ ਪਲਟ ਗਿਆ। ਦਿੱਲੀ ਕੈਪੀਟਲਸ ਦੀ ਟੀਮ ਨੇ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ‘ਤੇ 157 ਦੌੜਾਂ ਬਣਾਈਆਂ ਸਨ। ਪੰਜਾਬ ਦੀ ਟੀਮ ਨੂੰ 158 ਦੌੜਾਂ ਦਾ ਟੀਚਾ ਮਿਲਿਆ । ਪਰ ਪੰਜਾਬ ਦੀ ਟੀਮ 20 ਓਵਰਾਂ ਵਿੱਚ ਅੱਠ ਵਿਕਟਾਂ ਦੇ ਨੁਕਸਾਨ ‘ਤੇ 157 ਦੌੜਾਂ ਹੀ ਬਣਾ ਸਕੀ । ਜਿਸ ਕਾਰਨ ਮੈਚ ਟਾਈ ਹੋ ਗਿਆ। ਇਸ ਤੋਂ ਬਾਅਦ ਸੁਪਰ ਓਵਰ ਵਿੱਚ ਕਿੰਗਜ਼ ਇਲੈਵਨ ਪੰਜਾਬ ਨੇ ਸਿਰਫ ਦੋ ਦੌੜਾਂ ਬਣਾਈਆਂ ।
ਜਿਸ ਤੋਂ ਬਾਅਦ ਦਿੱਲੀ ਦੀ ਟੀਮ ਨੇ ਸੁਪਰ ਓਵਰ ਵਿੱਚ 3 ਦੌੜਾਂ ਦਾ ਆਸਾਨ ਟੀਚਾ ਹਾਸਿਲ ਕਰਕੇ ਜਿੱਤ ਦਰਜ ਕੀਤੀ । ਮਯੰਕ ਅਗਰਵਾਲ ਨੇ 60 ਗੇਂਦਾਂ ਵਿੱਚ ਆਪਣੀ ਪਾਰੀ ਵਿੱਚ 7 ਚੌਕੇ ਅਤੇ 4 ਛੱਕੇ ਜੜੇ । ਦਿੱਲੀ ਲਈ ਕੈਗੀਸੋ ਰਬਾਡਾ, ਰਵੀਚੰਦਰਨ ਅਸ਼ਵਿਨ ਅਤੇ ਮਾਰਕਸ ਸਟੋਨੀਸ ਨੇ 2-2 ਵਿਕਟਾਂ ਹਾਸਿਲ ਕੀਤੀਆਂ, ਜਦਕਿ ਮੋਹਿਤ ਸ਼ਰਮਾ ਅਤੇ ਅਕਸ਼ਰ ਪਟੇਲ ਨੇ 1-1 ਵਿਕਟ ਹਾਸਿਲ ਕੀਤੀ ।
ਇਸ ਤੋਂ ਪਹਿਲਾਂ ਦਿੱਲੀ ਕੈਪੀਟਲਸ ਨੇ ਆਪਣੇ ਆਲਰਾਊਂਡਰ ਮਾਰਕਸ ਸਟੋਨੀਸ ਦੀ ਬੱਲੇਬਾਜ਼ੀ ਨਾਲ ਕਿੰਗਜ਼ ਇਲੈਵਨ ਪੰਜਾਬ ਖਿਲਾਫ ਅੱਠ ਵਿਕਟਾਂ ‘ਤੇ 157 ਦੌੜਾਂ ਬਣਾਈਆਂ ਸਨ । ਦਿੱਲੀ ਕੈਪੀਟਲਸ ਆਖਰੀ ਤਿੰਨ ਓਵਰਾਂ ਵਿੱਚ 57 ਦੌੜਾਂ ਬਣਾਉਣ ਵਿੱਚ ਕਾਮਯਾਬ ਰਹੀ, ਜਿਸ ਵਿੱਚ ਸਟੋਨੀਸ ਦਾ ਯੋਗਦਾਨ ਰਿਹਾ । ਉਸਨੇ 21 ਗੇਂਦਾਂ ਵਿੱਚ 53 ਦੌੜਾਂ ਬਣਾਈਆਂ ਜਿਸ ਵਿੱਚ ਸੱਤ ਚੌਕੇ ਅਤੇ ਤਿੰਨ ਛੱਕੇ ਸ਼ਾਮਿਲ ਸਨ।
ਦਰਅਸਲ, ਪਾਵਰਪਲੇ ਵਿੱਚ ਦਿੱਲੀ ਕੈਪੀਟਲਸ ਤਿੰਨ ਵਿਕਟਾਂ ‘ਤੇ 23 ਦੌੜਾਂ ਬਣਾਉਣ ਵਿੱਚ ਕਾਮਯਾਬ ਰਹੀ। ਪੰਤ ਅਤੇ ਅਈਅਰ ਦਸ ਓਵਰਾਂ ਵਿੱਚ ਸਿਰਫ 49 ਦੌੜਾਂ ਹੀ ਬਣਾ ਸਕੇ। ਇਨ੍ਹਾਂ ਵਿੱਚ ਅਈਅਰ ਦਾ ਗੌਤਮ ‘ਤੇ ਲੌਂਗ ਆਨ ‘ਤੇ ਲਗਾਇਆ ਗਿਆ ਛੱਕਾ ਸ਼ਾਮਿਲ ਸੀ। ਉਸੇ ਗੇਂਦਬਾਜ਼ ‘ਤੇ ਉਨ੍ਹਾਂ ਨੇ ਬਾਅਦ ਵਿੱਚ ਲਗਾਤਾਰ ਦੋ ਛੱਕੇ ਲਗਾ ਕੇ ਦੌੜ ਦੀ ਰਫਤਾਰ ਵਧਾ ਦਿੱਤੀ, ਪਰ ਬਾਅਦ ਵਿੱਚ ਇਹ ਦੋਵੇਂ ਬੱਲੇਬਾਜ਼ ਤਿੰਨ ਗੇਂਦਾਂ ਵਿੱਚ ਆਊਟ ਹੋ ਗਏ ਤੇ ਦਿੱਲੀ ਬੈਕਫੁੱਟ ‘ਤੇ ਚਲਾ ਗਿਆ।