IPL 2020 KXIP vs RR: ਇੰਡੀਅਨ ਪ੍ਰੀਮੀਅਰ ਲੀਗ ਵਿੱਚ ਐਤਵਾਰ ਨੂੰ ਕਿੰਗਜ਼ ਇਲੈਵਨ ਪੰਜਾਬ ਆਪਣਾ ਤੀਜਾ ਮੈਚ ਖੇਡਣ ਉਤਰੇਗੀ ਤਾਂ ਉਨ੍ਹਾਂ ਦੇ ਸਾਹਮਣੇ ਜੋਸ਼ ਨਾਲ ਭਰੀ ਰਾਜਸਥਾਨ ਰਾਇਲਜ਼ ਹੋਵੇਗੀ। ਜਿਸਨੇ ਆਪਣੇ ਪਹਿਲੇ ਮੈਚ ਵਿੱਚ ਚੇੱਨਈ ਸੁਪਰ ਕਿੰਗਜ਼ ਨੂੰ ਹਰਾਇਆ ਸੀ । ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਲੋਕੇਸ਼ ਰਾਹੁਲ ਨੇ ਰਾਇਲ ਚੈਲੇਂਜਰਜ਼ ਬੰਗਲੌਰ ਖ਼ਿਲਾਫ਼ 97 ਦੌੜਾਂ ਦੀ ਜਿੱਤ ਦੌਰਾਨ ਸਿਰਫ 69 ਗੇਂਦਾਂ ਵਿੱਚ 7 ਛੱਕਿਆਂ ਦੀ ਮਦਦ ਨਾਲ ਨਾਬਾਦ 132 ਦੌੜਾਂ ਦੀ ਰਿਕਾਰਡ ਪਾਰੀ ਖੇਡੀ ਸੀ । ਹਾਲਾਂਕਿ, ਇਸ ਦੌਰਾਨ ਵਿਰੋਧੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੋਂ ਦੋ ਵਾਰ ਕੈਚ ਛੁੱਟਣ ਨਾਲ ਜੀਵਨ ਦਾਨ ਪ੍ਰਾਪਤ ਕੀਤਾ।
ਦਰਅਸਲ, 28 ਸਾਲਾਂ ਰਾਹੁਲ ਨੇ IPL ਦੇ ਇਤਿਹਾਸ ਵਿੱਚ ਇੱਕ ਭਾਰਤੀ ਖਿਡਾਰੀ ਦੇ ਸਰਬੋਤਮ ਸਕੋਰ ਦਾ ਰਿਕਾਰਡ ਆਪਣੇ ਨਾਂ ਕੀਤਾ ਹੈ ਅਤੇ ਉਹ ਇਸ ਫਾਰਮ ਨੂੰ ਅਜਿਹੇ ਮੈਦਾਨ ਵਿੱਚ ਜਾਰੀ ਰੱਖਣਾ ਚਾਹੇਗਾ ਜਿਸ ਦੀਆਂ ਹੱਦਾਂ ਹਰ ਪਾਸਿਓਂ ਛੋਟੀਆਂ ਹਨ । ਇਸ ਮੁਕਾਬਲੇ ਦੌਰਾਨ ਪਿਛਲੇ ਦੋ ਮੈਚਾਂ ਤੋਂ ਰੰਗ ਵਿੱਚ ਦਿਖਾਈ ਦੇਣ ਵਾਲੇ ਮਯੰਕ ਅਗਰਵਾਲ ‘ਤੇ ਵੀ ਨਜ਼ਰ ਹੋਵੇਗੀ । ਆਸਟ੍ਰੇਲੀਆ ਦੇ ਆਲਰਾਊਂਡਰ ਗਲੇਨ ਮੈਕਸਵੈਲ ਪਿਛਲੇ ਮੈਚ ਵਿੱਚ ਆਪਣੇ ਪੰਜ ਦੌੜਾਂ ਦੇ ਸਕੋਰ ਨੂੰ ਪੂਰਾ ਕਰਨਾ ਚਾਹੁਣਗੇ । ਗੇਂਦਬਾਜ਼ੀ ਵਿਭਾਗ ਵਿੱਚ ਵੈਸਟਇੰਡੀਜ਼ ਦੇ ਮੁਹੰਮਦ ਸ਼ਮੀ ਅਤੇ ਸ਼ੈਲਡਨ ਕੋਟਲਰ ਨੇ ਕਿੰਗਜ਼ ਇਲੈਵਨ ਪੰਜਾਬ ਲਈ ਤੇਜ਼ ਗੇਂਦਬਾਜ਼ੀ ਵਿਭਾਗ ਦੀ ਅਗਵਾਈ ਕੀਤੀ ਸੀ ਜਦੋਂ ਕਿ ਲੈੱਗ ਸਪਿੰਨਰ ਰਵੀ ਬਿਸ਼ਨੋਈ ਅਤੇ ਮੁਰੂਗਨ ਅਸ਼ਵਿਨ ਨੇ ਰਾਇਲ ਚੈਲੇਂਜਰਜ਼ ਬੰਗਲੌਰ ਖ਼ਿਲਾਫ਼ ਤਿੰਨ-ਤਿੰਨ ਵਿਕਟਾਂ ਲਈਆਂ ਸਨ ।
ਉੱਥੇ ਹੀ ਦੂਜੇ ਪਾਸੇ ਜੇਕਰ ਰਾਜਸਥਾਨ ਦੀ ਟੀਮ ਦੀ ਗੱਲ ਕੀਤੀ ਜਾਵੇ ਤਾਂ ਪਹਿਲੇ ਮੈਚ ਦੇ ਹੀਰੋ ਸੰਜੂ ਸੈਮਸਨ ਅਤੇ ਜੋਸ ਬਟਲਰ ਦੀ ਵਾਪਸੀ ਰਾਜਸਥਾਨ ਰਾਇਲਜ਼ ਟੀਮ ਨੂੰ ਹੋਰ ਮਜ਼ਬੂਤ ਕਰੇਗੀ । ਕਿੰਗਜ਼ ਇਲੈਵਨ ਪੰਜਾਬ ਅਤੇ ਰਾਜਸਥਾਨ ਰਾਇਲਜ਼ ਮਨੋਬਲ ਨੂੰ ਵਧਾਉਣ ਵਾਲੀ ਇੱਕ ਜਿੱਤ ਦਰਜ ਕਰਨ ਤੋਂ ਬਾਅਦ ਇਸ ਜੇਤੂ ਤਾਲ ਨੂੰ ਜਾਰੀ ਰੱਖਣਾ ਚਾਹੁਣਗੀਆਂ । ਦੋਵਾਂ ਵਿਚਾਲੇ ਸਭ ਤੋਂ ਵੱਧ ਛੱਕੇ ਲਗਾਉਣ ਲਈ ਮੁਕਾਬਲਾ ਵੀ ਹੋਵੇਗਾ । ਯੰਗ ਸੈਮਸਨ ਨੇ CSK ਖਿਲਾਫ 32 ਗੇਂਦਾਂ ‘ਤੇ 74 ਦੌੜਾਂ ਦੀ ਪਾਰੀ ਦੌਰਾਨ ਨੌਂ ਛੱਕੇ ਮਾਰ ਕੇ ਵਧੀਆ ਪਾਰੀ ਖੇਡੀ ਸੀ ਅਤੇ ਫਿਰ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੇ ਵੀ ਆਖਰੀ ਓਵਰ ‘ਚ 4 ਛੱਕੇ ਲਗਾਏ ਸਨ ।
ਇਸ ਤੋਂ ਇਲਾਵਾ ਰਾਜਸਥਾਨ ਦੇ ਕਪਤਾਨ ਸਟੀਵ ਸਮਿਥ ਨੇ ਵੀ 47 ਗੇਂਦਾਂ ‘ਤੇ 69 ਦੌੜਾਂ ਦੀ ਪਾਰੀ ਖੇਡੀ ਸੀ, ਉਸ ਤੋਂ ਉਮੀਦ ਹੈ ਕਿ ਉਹ ਪਾਰੀ ਦੀ ਸ਼ੁਰੂਆਤ ਯਾਸਾਸ਼ਵੀ ਜੈਸਵਾਲ ਨਾਲ ਕਰਨਗੇ, ਜਦਕਿ ਸਮਿਥ ਬੱਲੇਬਾਜ਼ੀ ਕ੍ਰਮ ਵਿੱਚ ਡੇਵਿਡ ਮਿਲਰ ਦੀ ਜਗ੍ਹਾ ਉਤਰਨਗੇ । ਟੌਮ ਕਰਨ ਅਤੇ ਜੋਫਰਾ ਆਰਚਰ ਫਿਰ ਚਾਰ ਵਿਦੇਸ਼ੀ ਖਿਡਾਰੀਆਂ ਦੇ ਸੁਮੇਲ ਵਿੱਚ ਸ਼ਾਮਿਲ ਹੋਣਗੇ। ਰਾਇਲਜ਼ ਦੀ ਟੀਮ ਡੈਥ ਓਵਰ ਵਿੱਚ ਆਰਚਰ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਆਪਣੇ 216 ਦੌੜਾਂ ਦੇ ਸਕੋਰ ਦਾ ਬਚਾਅ ਕਰਨ ਵਿੱਚ ਕਾਮਯਾਬ ਰਹੀ ਅਤੇ ਲੈੱਗ ਸਪਿੰਨਰ ਰਾਹੁਲ ਤੇਵਤੀਆ ਨੇ ਟਾਪ ਆਰਡਰ ਨੂੰ ਪਵੇਲੀਅਨ ਭੇਜਿਆ ਸੀ।
ਦੋਨੋਂ ਟੀਮਾਂ ਇਸ ਤਰ੍ਹਾਂ ਹਨ:
ਕਿੰਗਜ਼ ਇਲੈਵਨ ਪੰਜਾਬ(KXIP) : ਲੋਕੇਸ਼ ਰਾਹੁਲ (ਕਪਤਾਨ), ਮਯੰਕ ਅਗਰਵਾਲ, ਸ਼ੈਲਡਨ ਕੋਟਰੇਲ, ਕ੍ਰਿਸ ਗੇਲ, ਗਲੇਨ ਮੈਕਸਵੈਲ, ਮੁਹੰਮਦ ਸ਼ਮੀ, ਮੁਜੀਬ ਉਰ ਰਹਿਮਾਨ, ਕਰੁਣ ਨਾਇਰ, ਜੇਮਜ਼ ਨੀਸ਼ਮ, ਨਿਕੋਲਸ ਪੂਰਨ (ਵਿਕਟਕੀਪਰ), ਈਸ਼ਾਨ ਪੋਰੇਲ, ਅਰਸ਼ਦੀਪ ਸਿੰਘ, ਮੁਰੂਗਨ ਅਸ਼ਵਿਨ, ਕ੍ਰਿਸ਼ਨਾੱਪਾ ਗੌਤਮ, ਹਰਪ੍ਰੀਤ ਬਰਾੜ, ਦੀਪਕ ਹੁੱਡਾ, ਕ੍ਰਿਸ ਜਾਰਡਨ, ਸਰਫਰਾਜ਼ ਖਾਨ, ਮਨਦੀਪ ਸਿੰਘ, ਦਰਸ਼ਨ ਨਲਕੰਡੇ, ਰਵੀ ਬਿਸ਼ਨੋਈ, ਸਿਮਰਨ ਸਿੰਘ (ਵਿਕਟਕੀਪਰ), ਜਗਦੀਸ਼ ਸੁਚਿੱਤ, ਤਜਿੰਦਰ ਸਿੰਘ, ਹਾਰਡਸ ਵਿਲਜੋਨ।
ਰਾਜਸਥਾਨ ਰਾਇਲਜ਼(RR) : ਸਟੀਵ ਸਮਿਥ (ਕਪਤਾਨ), ਜੋਸ ਬਟਲਰ, ਰੋਬਿਨ ਉਥੱਪਾ, ਸੰਜੂ ਸੈਮਸਨ, ਜੋਫਰਾ ਆਰਚਰ, ਯਸ਼ਸਵੀ ਜੈਸ਼ਵਾਲ, ਮਨਨ ਵੋਹਰਾ, ਕਾਰਤਿਕ ਤਿਆਗੀ, ਅਕਾਸ਼ ਸਿੰਘ, ਓਸ਼ੇਨ ਥਾਮਸ, ਐਂਡਰਿਊ ਟਾਇ, ਡੇਵਿਡ ਮਿਲਰ, ਟੌਮ ਕਰਨ, ਅਨਿਰੁੱਧ ਜੋਸ਼ੀ, ਸ਼੍ਰੇਅਸ ਗੋਪਾਲ , ਰਿਆਨ ਪਰਾਗ, ਵਰੁਣ ਆਰੋਨ, ਸ਼ਸ਼ਾਂਕ ਸਿੰਘ, ਅਨੁਜ ਰਾਵਤ, ਮਹੀਪਾਲ ਲੋਮਰ, ਮਯੰਕ ਮਾਰਕੰਡੇਆ।