IPL 2020 MI vs KKR: ਨਵੀਂ ਦਿੱਲੀ: ਆਈਪੀਐਲ 2020 ਦੇ 32ਵੇਂ ਮੈਚ ਵਿੱਚ ਮੁੰਬਈ ਇੰਡੀਅਨਜ਼ ਨੇ ਕੋਲਕਾਤਾ ਨਾਈਟ ਰਾਈਡਰ ਨੂੰ ਇੱਕ ਪਾਸੜ 8 ਵਿਕਟਾਂ ਨਾਲ ਹਰਾ ਦਿੱਤਾ । ਕੋਲਕਾਤਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 148 ਦੌੜਾਂ ਬਣਾਈਆਂ ਸਨ ਅਤੇ ਮੁੰਬਈ ਨੇ ਇਹ ਟੀਚਾ 16.5 ਓਵਰਾਂ ਵਿੱਚ ਸਿਰਫ 2 ਵਿਕਟਾਂ ਗੁਆ ਕੇ ਹਾਸਿਲ ਕਰ ਲਿਆ। ਮੁੰਬਈ ਦੀ ਜਿੱਤ ਦੇ ਹੀਰੋ ਕੁਇੰਟਨ ਡੀਕਾਕ ਰਹੇ, ਜਿਨ੍ਹਾਂ ਨੇ ਸ਼ਾਨਦਾਰ ਅਰਧ-ਸੈਂਕੜਾ ਦੀ ਪਾਰੀ ਖੇਡੀ। ਡੀਕੌਕ 78 ਦੌੜਾਂ ਬਣਾ ਕੇ ਅਜੇਤੂ ਰਿਹਾ । ਹਾਰਦਿਕ ਪਾਂਡਿਆ ਨੇ ਵੀ ਨਾਬਾਦ 21 ਦੌੜਾਂ ਬਣਾਈਆਂ । ਕਪਤਾਨ ਰੋਹਿਤ ਸ਼ਰਮਾ ਨੇ 35 ਦੌੜਾਂ ਬਣਾਈਆਂ । ਦੱਸ ਦੇਈਏ ਕਿ ਮੁੰਬਈ ਇੰਡੀਅਨਜ਼ ਨੇ 8 ਮੈਚਾਂ ਵਿੱਚ ਛੇਵੀਂ ਜਿੱਤ ਦਰਜ ਕੀਤੀ । ਇਸ ਜਿੱਤ ਦੇ ਨਾਲ ਉਹ ਪੁਆਇੰਟ ਟੇਬਲ ਵਿੱਚ ਪਹਿਲੇ ਨੰਬਰ ‘ਤੇ ਪਹੁੰਚ ਗਈ।
ਡੀਕਾਕ-ਰੋਹਿਤ ਦੀ ਜੋੜੀ ਨੇ KKR ਤੋਂ ਖੋਹਿਆ ਮੈਚ
148 ਦੌੜਾਂ ਦੇ ਸਕੋਰ ਬਚਾ ਰਹੀ KKR ਨੂੰ ਆਪਣੇ ਗੇਂਦਬਾਜ਼ਾਂ ਦੇ ਜਲਦੀ ਵਿਕਟ ਲੈਣ ਦੀ ਉਮੀਦ ਸੀ ਪਰ ਇਸ ਦੇ ਉਲਟ ਹੋਇਆ । ਰੋਹਿਤ ਸ਼ਰਮਾ ਅਤੇ ਡੀਕਾਕ ਨੇ ਮੁੰਬਈ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਦੋਵਾਂ ਨੇ ਪਾਵਰਪਲੇ ਵਿੱਚ ਟੀਮ ਦੇ ਸਕੋਰ ਨੂੰ 50 ਦੇ ਪਾਰ ਪਹੁੰਚਾਇਆ। ਦੋਵਾਂ ਨੇ 63 ਗੇਂਦਾਂ ਵਿੱਚ 93 ਦੌੜਾਂ ਦੀ ਸਾਂਝੇਦਾਰੀ ਕਰ ਕੋਲਕਾਤਾ ਨੂੰ ਮੈਚ ਤੋਂ ਬਾਹਰ ਕਰ ਦਿੱਤਾ। ਰੋਹਿਤ ਸ਼ਰਮਾ 35 ਦੌੜਾਂ ਬਣਾ ਕੇ ਆਊਟ ਹੋਏ, ਪਰ ਉਸ ਤੋਂ ਬਾਅਦ ਮੁੰਬਈ ਦੀ ਜਿੱਤ ਮਹਿਜ਼ ਰਸਮੀ ਸੀ । ਡੀਕਾਕ ਨੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ ਇਸ ਸਮੇਂ ਦੌਰਾਨ ਹਾਰਦਿਕ ਪਾਂਡਿਆ ਨੇ ਵੀ ਟੀਮ ਨੂੰ ਮੈਚ ਜਿੱਤਣ ਲਈ ਕੁਝ ਸ਼ਾਨਦਾਰ ਸ਼ਾਟ ਖੇਡੇ।
ਕੋਲਕਾਤਾ ਦੀ ਬੱਲੇਬਾਜ਼ੀ
ਮੁੰਬਈ ਇੰਡੀਅਨਜ਼ ਦੀ ਗੇਂਦਬਾਜ਼ੀ ਤੋਂ ਬਾਅਦ ਪੈਟ ਕਮਿੰਸ (ਨਾਬਾਦ 53) ਦੀ ਅਰਧ ਸੈਂਕੜੇ ਦੀ ਪਾਰੀ ਅਤੇ ਕਪਤਾਨ ਅਯਾਨ ਮੋਰਗਨ (ਨਾਬਾਦ 39) ਨਾਲ ਛੇਵੇਂ ਵਿਕਟ ਲਈ ਉਸ ਦੀ 87 ਦੌੜਾਂ ਦੀ ਅਜੇਤੂ ਸਾਂਝੇਦਾਰੀ ਦੇ ਦਮ ‘ਤੇ ਕੋਲਕਾਤਾ ਨਾਈਟ ਰਾਈਡਰਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜ ਵਿਕਟਾਂ ਦੇ ਨੁਕਸਾਨ ‘ਤੇ148 ਦੌੜਾਂ ਬਣਾਈਆਂ । ਕਮਿੰਸ ਅਤੇ ਮੋਰਗਨ ਨੇ ਆਖਰੀ ਦੋ ਓਵਰਾਂ ਵਿੱਚ 35 ਦੌੜਾਂ ਜੋੜ ਕੇ ਸਨਮਾਨਯੋਗ ਸਕੋਰ ਤੱਕ ਪਹੁੰਚਾਇਆ। ਕਮਿੰਸ ਨੇ 36 ਗੇਂਦਾਂ ਦੀ ਪਾਰੀ ਵਿੱਚ ਦੋ ਛੱਕੇ ਅਤੇ ਪੰਜ ਚੌਕੇ ਲਗਾਏ ਜਦਕਿ ਮੋਰਗਨ ਨੇ 29 ਗੇਂਦਾਂ ਦੀ ਪਾਰੀ ਵਿੱਚ 2 ਚੌਕੇ ਅਤੇ 2 ਛੱਕੇ ਲਗਾਏ ।
ਮੋਰਗਨ ਦਾ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਹਾਲਾਂਕਿ ਸਹੀ ਸਾਬਿਤ ਨਹੀਂ ਹੋਇਆ, ਪਰ ਟੀਮ ਪਾਰੀ ਦੀ ਸ਼ੁਰੂਆਤ ਵਿੱਚ ਹੀ ਦੌੜਾਂ ਬਣਾਉਣ ਲਈ ਸੰਘਰਸ਼ ਕਰ ਰਹੀ ਸੀ। ਮੁੰਬਈ ਇੰਡੀਅਨਜ਼ ਦੀ ਤੰਗ ਗੇਂਦਬਾਜ਼ੀ ਦਾ ਫਾਇਦਾ ਉਨ੍ਹਾਂ ਨੂੰ ਤੀਜੇ ਓਵਰ ਦੀ ਆਖਰੀ ਗੇਂਦ ‘ਤੇ ਰਾਹੁਲ ਤ੍ਰਿਪਾਠੀ ਦੀ ਵਿਕਟ ਨਾਲ ਮਿਲਿਆ । ਤ੍ਰਿਪਾਠੀ ਨੇ ਨੌਂ ਗੇਂਦਾਂ ਵਿੱਚ ਸੱਤ ਦੌੜਾਂ ਬਣਾਈਆਂ । ਨਿਤੀਸ਼ ਰਾਣਾ ਵੀ 5 ਦੌੜਾਂ ਦੇ ਨਿੱਜੀ ਸਕੋਰ ‘ਤੇ ਕਲਟਰ ਨਾਈਲ ਦਾ ਸ਼ਿਕਾਰ ਬਣੇ। 8ਵੇਂ ਓਵਰ ਵਿੱਚ ਲੈੱਗ ਸਪਿੰਨਰ ਰਾਹੁਲ ਚਾਹਰ ਨੇ ਸ਼ੁਭਮਨ ਗਿੱਲ ਅਤੇ ਦਿਨੇਸ਼ ਕਾਰਤਿਕ ਨੂੰ ਲਗਾਤਾਰ ਦੋ ਗੇਂਦਾਂ ਵਿੱਚ ਆਊਟ ਕੀਤਾ । 11ਵੇਂ ਓਵਰ ਵਿੱਚ ਬੁਮਰਾਹ ਨੇ ਰਸਲ ਨੂੰ 12 ਦੌੜਾਂ ‘ਤੇ ਆਊਟ ਕੀਤਾ। ਹਾਲਾਂਕਿ, ਇਸਦੇ ਬਾਅਦ ਪੈਟ ਕਮਿੰਸ ਨੇ 35 ਗੇਂਦਾਂ ਵਿੱਚ ਅਰਧ ਸੈਂਕੜਾ ਜੜ ਕੇ KKR ਨੂੰ ਸਨਮਾਨਯੋਗ ਸਕੋਰ ਤੱਕ ਪਹੁੰਚਾਇਆ।