IPL 2020 MI vs RR: ਨਵੀਂ ਦਿੱਲੀ: ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਮੁੰਬਈ ਇੰਡੀਅਨਜ਼ ਨੇ ਆਪਣੀ ਜੇਤੂ ਮੁਹਿੰਮ ਨੂੰ ਜਾਰੀ ਰੱਖਦਿਆਂ ਰਾਜਸਥਾਨ ਰਾਇਲਜ਼ ਨੂੰ ਆਈਪੀਐਲ ਦੇ 20ਵੇਂ ਮੈਚ ਵਿੱਚ 57 ਦੌੜਾਂ ਨਾਲ ਹਰਾਇਆ । ਜਿੱਤ ਦੀ ਹੈਟ੍ਰਿਕ ਲਗਾ ਕੇ ਮੁੰਬਈ ਦੀ ਟੀਮ ਪੁਆਇੰਟ ਟੇਬਲ ਦੇ ਸਿਖਰ ‘ਤੇ ਪਹੁੰਚ ਗਈ ਹੈ। ਮੁੰਬਈ ਨੇ 5 ਸਾਲ, 5 ਮਹੀਨੇ, 5 ਦਿਨਾਂ ਬਾਅਦ ਰਾਜਸਥਾਨ ‘ਤੇ ਜਿੱਤ ਦਰਜ ਕੀਤੀ ਹੈ। ਮੁੰਬਈ ਦੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਤੋਂ ਇਲਾਵਾ ਫੀਲਡਿੰਗ ਵੀ ਸ਼ਾਨਦਾਰ ਰਹੀ ।
ਇਸ ਮੈਚ ਵਿੱਚ ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸੂਰਯਕੁਮਾਰ ਯਾਦਵ ਦੀ ਨਾਬਾਦ ਅਰਧ ਸੈਂਕੜਾ ਦੀ ਪਾਰੀ ਦੇ ਨਿਰਧਾਰਤ ਓਵਰ ਵਿੱਚ 4 ਵਿਕਟਾਂ ਦੇ ਨੁਕਸਾਨ ‘ਤੇ 193 ਦੌੜਾਂ ਬਣਾਈਆਂ ਅਤੇ ਰਾਜਸਥਾਨ ਦੇ ਸਾਹਮਣੇ ਜਿੱਤ ਲਈ 194 ਦੌੜਾਂ ਦਾ ਟੀਚਾ ਰੱਖਿਆ, ਪਰ ਟ੍ਰੇਂਟ ਬੋਲਟ, ਜਸਪ੍ਰੀਤ ਬੁਮਰਾਹ ਵਰਗੇ ਖਤਰਨਾਕ ਗੇਂਦਬਾਜ਼ਾਂ ਤੋਂ ਅੱਗੇ ਸਟੀਵ ਸਮਿਥ ਦੀ ਟੀਮ 136 ਦੌੜਾਂ ‘ਤੇ ਢੇਰੀ ਹੋ ਗਈ। ਜਸਪ੍ਰੀਤ ਬੁਮਰਾਹ ਨੇ ਚਾਰ ਵਿਕਟਾਂ ਲਈਆਂ ।
ਟੀਚੇ ਦਾ ਪਿੱਛਾ ਉਤਰੀ ਰਾਜਸਥਾਨ ਰਾਇਲਜ਼ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਮੁੰਬਈ ਇੰਡੀਅਨਜ਼ ਖ਼ਿਲਾਫ਼ ਯਸ਼ਾਸਵੀ ਜੈਸਵਾਲ ਨੂੰ ਮੌਕਾ ਮਿਲਿਆ ਸੀ, ਪਰ ਉਹ ਪਾਰੀ ਦੀ ਦੂਜੀ ਗੇਂਦ ’ਤੇ ਟ੍ਰੇਂਟ ਬੋਲਟ ਦਾ ਸ਼ਿਕਾਰ ਹੋ ਗਿਆ । ਉਸ ਸਮੇਂ ਤੱਕ ਰਾਜਸਥਾਨ ਦਾ ਖਾਤਾ ਵੀ ਨਹੀਂ ਖੁਲ੍ਹਿਆ ਸੀ। ਇਸ ਤੋਂ ਬਾਅਦ ਕਪਤਾਨ ਸਟੀਵ ਸਮਿਥ ਕ੍ਰੀਜ਼ ‘ਤੇ ਆਏ ਅਤੇ ਉਨ੍ਹਾਂ ਨੇ ਚੌਕਿਆਂ ਦੀ ਮਦਦ ਨਾਲ ਟੀਮ ਦਾ ਖਾਤਾ ਖੋਲ੍ਹਿਆ, ਪਰ ਬੁਮਰਾਹ ਨੇ ਸਮਿਥ ਨੂੰ ਆਊਟ ਕਰ ਕੇ ਰਾਜਸਥਾਨ ਨੂੰ 7 ਦੌੜਾਂ ‘ਤੇ ਦੂਜਾ ਵੱਡਾ ਝਟਕਾ ਦੇ ਦਿੱਤਾ । ਸਮਿਥ ਤੋਂ ਬਾਅਦ ਸੰਜੂ ਸੈਮਸਨ ਵੀ ਬਿਨ੍ਹਾਂ ਖਾਤਾ ਖੋਲ੍ਹੇ ਬੋਲਟ ਦਾ ਸ਼ਿਕਾਰ ਹੋ ਗਿਆ । 12 ਦੌੜਾਂ ‘ਤੇ ਤਿੰਨ ਵਿਕਟਾਂ ਗੁਆਉਣ ਤੋਂ ਬਾਅਦ ਰਾਜਸਥਾਨ ਨੂੰ ਸਲਾਮੀ ਬੱਲੇਬਾਜ਼ ਜੋਸ ਬਟਲਰ ਨੇ ਮਹੀਪਾਲ ਲੋਮਰੋਰ ਨਾਲ ਮਿਲ ਕੇ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ 42 ਦੌੜਾਂ ‘ਤੇ ਰਾਹੁਲ ਚਾਹਰ ਨੇ ਲੋਮਰੋਰ ਨੂੰ ਆਊਟ ਕਰ ਕੇ ਰਾਜਸਥਾਨ ਨੂੰ ਚੌਥਾ ਝਟਕਾ ਦਿੱਤਾ।
ਬਟਲਰ ਦੇ ਆਊਟ ਹੁੰਦਿਆਂ ਟੁੱਟੀ ਉਮੀਦ
ਸ਼ੁਰੂਆਤ ਵਿੱਚ ਹੀ ਵੱਡੀਆਂ ਵਿਕਟਾਂ ਦੇ ਨੁਕਸਾਨ ਨਾਲ ਰਾਜਸਥਾਨ ਦੀਆਂ ਜਿੱਤ ਦੀਆਂ ਉਮੀਦਾਂ ਇਸੇ ਤਰ੍ਹਾਂ ਘੱਟ ਗਈਆਂ, ਪਰ ਜੋਸ ਬਟਲਰ ਨੇ ਹਮਲਾਵਰ ਬੱਲੇਬਾਜ਼ੀ ਕਰਦਿਆਂ ਜਿੱਤ ਦੀ ਕੁਝ ਉਮੀਦ ਬਚਾਈ ਹੋਈ ਸੀ, ਪਰ ਜੇਮਸ ਪੈਟਿਨਸਨ ਦੀ ਗੇਂਦ ‘ਤੇ ਕੀਰੋਨ ਪੋਲਾਰਡ ਨੇ ਉਸ ਦਾ ਸ਼ਾਨਦਾਰ ਕੈਚ ਫੜ ਕੇ ਰਹਿੰਦੀ ਉਮੀਦ ਵੀ ਖਤਮ ਕਰ ਦਿੱਤੀ। ਬਟਲਰ ਨੇ 44 ਗੇਂਦਾਂ ਵਿੱਚ 4 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ 70 ਦੌੜਾਂ ਬਣਾਈਆਂ । ਰਾਜਸਥਾਨ ਨੂੰ ਬਟਲਰ ਵਜੋਂ 98 ਦੌੜਾਂ ‘ਤੇ ਪੰਜਵਾਂ ਝਟਕਾ ਲੱਗਿਆ। ਇਸ ਤੋਂ ਬਾਅਦ, ਬਾਕੀ ਪੰਜ ਵਿਕਟਾਂ ਵੇਖਦਿਆਂ ਹੀ ਢੇਰੀ ਹੋ ਗਈਆਂ। ਟੌਮ ਕੁਰੇਨ 15, ਰਾਹੁਲ ਤੇਵਤੀਆ 5, ਸ਼੍ਰੇਅਸ ਗੋਪਾਲ 1, ਜੋਫਰਾ ਆਰਚਰ 24 ਅਤੇ ਅੰਕਿਤ ਰਾਜਪੂਤ ਨੇ ਸਿਰਫ 2 ਦੌੜਾਂ ਬਣਾਈਆਂ।
ਮੁੰਬਈ ਇੰਡੀਅਨਜ਼ ਦੀ ਬੇਹਤਰੀਨ ਸ਼ੁਰੂਆਤ
ਇਸ ਤੋਂ ਪਹਿਲਾਂ ਸ਼ੁਰੂਆਤੀ ਬੱਲੇਬਾਜ਼ ਕੁਇੰਟਨ ਡੀਕੌਕ ਅਤੇ ਰੋਹਿਤ ਸ਼ਰਮਾ ਨੇ ਮਿਲ ਕੇ ਮੁੰਬਈ ਇੰਡੀਅਨਜ਼ ਨੂੰ ਚੰਗੀ ਸ਼ੁਰੂਆਤ ਦਿੱਤੀ । ਡੀਕੌਕ ਦੇ ਰੂਪ ਵਿੱਚ 49 ਦੌੜਾਂ ‘ਤੇ ਵਿਕਟ ਡਿੱਗਣ ਤੋਂ ਬਾਅਦ ਰੋਹਿਤ ਦਾ ਸਾਥ ਸੂਰਯਕੁਮਾਰ ਯਾਦਵ ਨੇ ਦਿੱਤਾ ਅਤੇ ਦੋਨਾਂ ਵਿਚਾਲੇ ਵੱਡੀ ਸਾਂਝੇਦਾਰੀ ਬਣ ਰਹੀ ਸੀ ਕਿ 88 ਦੌੜਾਂ ‘ਤੇ ਸ਼੍ਰੇਅਸ ਗੋਪਾਲ ਨੇ ਰੋਹਿਤ ਨੂੰ ਪਵੇਲੀਅਨ ਭੇਜ ਦਿੱਤਾ। ਰੋਹਿਤ ਦੇ ਆਊਟ ਹੋਣ ਤੋਂ ਬਾਅਦ ਈਸ਼ਾਨ ਕਿਸ਼ਨ ਅਗਲੀ ਗੇਂਦ ‘ਤੇ ਆਊਟ ਹੋ ਗਏ। ਮੁੰਬਈ ਨੇ 88 ਦੌੜਾਂ ‘ਤੇ ਤਿੰਨ ਵੱਡੀਆਂ ਵਿਕਟਾਂ ਗੁਆ ਦਿੱਤੀਆਂ । ਹਾਲਾਂਕਿ, ਸੂਰਯਕੁਮਾਰ ਯਾਦਵ ਟਿਕੇ ਹੋਏ ਸਨ ਅਤੇ ਦੂਜੇ ਸਿਰੇ ‘ਤੇ ਉਨ੍ਹਾਂ ਪਹਿਲਾਂ ਤਾਂ ਕ੍ਰੂਨਲ ਪਾਂਡਿਆ ਅਤੇ ਫਿਰ ਹਾਰਦਿਕ ਪਾਂਡਿਆ ਦਾ ਸਾਥ ਮਿਲਿਆ ਅਤੇ ਮੁੰਬਈ ਦੇ ਸਕੋਰ ਨੂੰ ਤਹਿ ਕੀਤੇ ਓਵਰ ਵਿਚ 193 ਦੌੜਾਂ ‘ਤੇ ਪਹੁੰਚਾਇਆ । ਸੂਰਯਕੁਮਾਰ ਨੇ ਨਾਬਾਦ 79 ਦੌੜਾਂ ਬਣਾਈਆਂ, ਜਦੋਂਕਿ ਕ੍ਰੂਨਲ ਨੇ 12 ਅਤੇ ਹਾਰਦਿਕ ਪਾਂਡਿਆ ਨੇ ਨਾਬਾਦ 30 ਦੌੜਾਂ ਬਣਾਈਆਂ।