IPL 2020 Qualifier 2: ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਸਹੀ ਸਮੇਂ ‘ਤੇ ਲੈਅ ਹਾਸਿਲ ਕਰਨ ਵਾਲੀ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਐਤਵਾਰ ਨੂੰ ਟੂਰਨਾਮੈਂਟ ਦੇ ਦੂਜੇ ਕੁਆਲੀਫਾਇਰ ਵਿੱਚ ਦਿੱਲੀ ਕੈਪਿਟਲਸ ਖਿਲਾਫ ਮੈਦਾਨ ‘ਤੇ ਉਤਰੇਗੀ ਤਾਂ ਉਸ ਦਾ ਪਲੜਾ ਭਾਰੀ ਹੋਵੇਗਾ। ਇਸ ਮੈਚ ਦੀ ਜੇਤੂ ਟੀਮ ਦਾ ਮੁਕਾਬਲਾ ਫਾਈਨਲ ਵਿੱਚ ਮੁੰਬਈ ਇੰਡੀਅਨਜ਼ ਨਾਲ ਹੋਵੇਗਾ । ਸਨਰਾਈਜ਼ਰਸ ਹੈਦਰਾਬਾਦ ਲਈ ਆਖਰੀ ਚਾਰ ਮੈਚ ਕਰੋ ਜਾਂ ਮਰੋ ਵਾਲੇ ਸੀ, ਪਰ ਟੀਮ ਨੇ ਸਾਰਿਆਂ ਵਿੱਚ ਜਿੱਤ ਦਰਜ ਕੀਤੀ ਤਾਂ ਉੱਥੇ ਹੀ ਸ਼ੁਰੂਆਤੀ ਮੈਚਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਦਿੱਲੀ ਕੈਪਿਟਲਸ ਦੀ ਟੀਮ ਟੂਰਨਾਮੈਂਟ ਦੇ ਆਖਰੀ ਪੜਾਅ ਤੱਕ ਪਹੁੰਚਦੇ-ਪਹੁੰਚਦੇ ਲੈਅ ਤੋਂ ਭਟਕ ਗਈ।
ਸ਼ੁਰੂਆਤੀ ਪੜਾਅ ਵਿੱਚ ਮਾੜਾ ਪ੍ਰਦਰਸ਼ਨ ਕਰਨ ਵਾਲੀ ਹੈਦਰਾਬਾਦ ਦੀ ਟੀਮ ਦੀ ਵਾਪਸੀ ਦਾ ਕ੍ਰੇਡਿਟ ਕਪਤਾਨ ਡੇਵਿਡ ਵਾਰਨਰ ਨੂੰ ਜਾਂਦਾ ਹੈ, ਜਿਨ੍ਹਾਂ ਨੇ ਆਪਣੇ ਖਿਡਾਰੀਆਂ ਦੀ ਚੰਗੀ ਵਰਤੋਂ ਕੀਤੀ। ਦੂਜੇ ਪਾਸੇ, ਸ਼ੁਰੂਆਤੀ ਮੈਚਾਂ ਵਿੱਚ ਨੌਂ ਮੈਚਾਂ ਵਿੱਚੋਂ 7 ਮੈਚ ਜਿੱਤਣ ਵਾਲੀ ਦਿੱਲੀ ਕੈਪਿਟਲਸ ਦੀ ਪਿਛਲੇ 6 ਮੈਚਾਂ ਵਿੱਚ ਪੰਜ ਹਾਰਾਂ ਨਾਲ ਕਪਤਾਨ ਸ਼੍ਰੇਅਸ ਅਈਅਰ ਦੀਆਂ ਯੋਜਨਾਵਾਂ ਨੂੰ ਝਟਕਾ ਲੱਗਿਆ ਹੈ । ਯੁਵਾ ਕਪਤਾਨ ਅਈਅਰ ਟੂਰਨਾਮੈਂਟ ਦੇ 13ਵੇਂ ਸੀਜ਼ਨ ਵਿੱਚ ਪਹਿਲੀ ਵਾਰ ਫਾਈਨਲ ਵਿੱਚ ਲਿਜਾਣਾ ਚਾਹੁੰਦੇ ਹਨ, ਜਦਕਿ ਵਾਰਨਰ ਇੱਕ ਵਾਰ ਫਿਰ 2016 ਦੀ ਸਫਲਤਾ ਨੂੰ ਦੁਹਰਾ ਕੇ ਦੂਜੀ ਵਾਰ ਚੈਂਪੀਅਨ ਬਣਨਾ ਚਾਹੁੰਦੇ ਹਨ। ਜੇ ਵਾਰਨਰ ਅਗਲੇ ਦੋ ਮੈਚ ਜਿੱਤਣ ਵਿੱਚ ਕਾਮਯਾਬ ਹੋ ਜਾਂਦੇ ਹਨ ਤਾਂ ਟੂਰਨਾਮੈਂਟ ਵਿੱਚ ਘੱਟ ਤਜ਼ਰਬੇ ਵਾਲੇ ਖਿਡਾਰੀਆਂ ਦੇ ਸਿਰ ਸਿਹਰਾ ਸਜੇਗਾ।
ਉੱਥੇ ਹੀ ਦਿੱਲੀ ਦੀ ਟੀਮ ਲਈ ਸਭ ਤੋਂ ਵੱਡੀ ਚਿੰਤਾ ਉਨ੍ਹਾਂ ਦੇ ਟਾਪ ਆਰਡਰ ਦੇ ਬੱਲੇਬਾਜ਼ਾਂ ਦੀ ਹੈ। ਸ਼ਿਖਰ ਧਵਨ (15 ਮੈਚਾਂ ਵਿੱਚ 525) ਨੇ ਵਧੀਆ ਪ੍ਰਦਰਸ਼ਨ ਕੀਤਾ ਪਰ ਪਿਛਲੇ ਕੁਝ ਮੈਚਾਂ ਵਿੱਚ ਵੱਡੀ ਪਾਰੀ ਖੇਡਣ ਵਿੱਚ ਅਸਫਲ ਰਹੇ । ਹਾਲਾਂਕਿ ਬਿਹਤਰ ਤੇਜ਼ ਗੇਂਦਬਾਜ਼ੀ ਵਿਰੁੱਧ ਨੌਜਵਾਨ ਪ੍ਰਿਥਵੀ ਸ਼ਾਅ (13 ਮੈਚਾਂ ਵਿਚੋਂ 228) ਦੀਆਂ ਕਮਜ਼ੋਰੀਆਂ ਦਾ ਖੁਲਾਸਾ ਹੋਇਆ, ਤਜਰਬੇਕਾਰ ਅਜਿੰਕਿਆ ਰਹਾਣੇ (7 ਮੈਚਾਂ ਵਿਚੋਂ 111) ਨੇ ਹੁਣ ਤੱਕ ਸਿਰਫ ਇੱਕ ਮੈਚ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ। ਟੀਮ ਦੇ ਕੋਚ ਰਿੱਕੀ ਪੋਂਟਿੰਗ ਬਿਨ੍ਹਾਂ ਖਾਤਾ ਖੋਲ੍ਹਣ ਦੇ ਸਲਾਮੀ ਬੱਲੇਬਾਜ਼ਾਂ ਦੇ ਆਊਟ ਹੋਣ ਤੋਂ ਨਾਰਾਜ਼ ਹੈ ।
ਸੰਭਾਵਿਤ ਪਲੇਇੰਗ XI
ਦਿੱਲੀ ਕੈਪਿਟਲਸ: ਸ਼ਿਖਰ ਧਵਨ, ਪ੍ਰਿਥਵੀ ਸ਼ਾ, ਸ਼੍ਰੇਅਸ ਅਈਅਰ (ਕਪਤਾਨ), ਰਿਸ਼ਭ ਪੰਤ, ਮਾਰਕਸ ਸਟੋਨੀਸ, ਸ਼ਿਮਰਨ ਹੇਟਮੇਅਰ, ਆਰ ਅਸ਼ਵਿਨ, ਐਨੀਰਿਕ ਨੌਰਟਜੇ, ਹਰਸ਼ੇਲ ਪਟੇਲ, ਕਾਗੀਸੋ ਰਬਾਡਾ, ਪ੍ਰਵੀਨ ਦੂਬੇ।
ਸਨਰਾਈਜ਼ਰਸ ਹੈਦਰਾਬਾਦ: ਡੇਵਿਡ ਵਾਰਨਰ (ਕਪਤਾਨ), ਰਿਧੀਮਾਨ ਸਾਹਾ, ਮਨੀਸ਼ ਪਾਂਡੇ, ਕੇਨ ਵਿਲੀਅਮਸਨ, ਜੇਸਨ ਹੋਲਡਰ, ਪ੍ਰੀਅਮ ਗਰਗ, ਅਬਦੁਲ ਸਮਦ, ਰਾਸ਼ਿਦ ਖਾਨ, ਸੰਦੀਪ ਸ਼ਰਮਾ, ਟੀ ਨਟਰਾਜਨ, ਸ਼ਾਹਬਾਜ਼ ਨਦੀਮ।