IPL 2020 RCB vs KKR: ਸ਼ਾਰਜਾਹ: ਲਗਾਤਾਰ ਦੋ ਕਰੀਬੀ ਮੈਚਾਂ ਵਿੱਚ ਜਿੱਤ ਨਾਲ ਆਤਮ-ਵਿਸ਼ਵਾਸ ਨਾਲ ਭਰੀ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਸੋਮਵਾਰ ਯਾਨੀ ਕਿ ਅੱਜ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਰਾਇਲ ਚੈਲੇਂਜਰਜ਼ ਬੈਂਗਲੁਰੂ ਦੇ ਖਿਲਾਫ ਮੈਚ ਵਿੱਚ ਇਸ ਤਾਲ ਨੂੰ ਕਾਇਮ ਰੱਖਣਾ ਚਾਹੇਗੀ। ਦੋਵੇਂ ਟੀਮਾਂ ਦੇ ਨਾਮ ਛੇ ਮੈਚਾਂ ਵਿੱਚ ਚਾਰ ਜਿੱਤਾਂ ਦੇ ਨਾਲ ਅੱਠ ਪੁਆਇੰਟ ਹਨ, ਪਰ KKR ਬਿਹਤਰੀਨ ਨੈੱਟ ਰਨ ਰੇਟ ਕਾਰਨ ਬੰਗਲੌਰ ਤੋਂ ਇੱਕ ਸਥਾਨ ਉੱਪਰ ਤੀਜੇ ਸਥਾਨ ‘ਤੇ ਹੈ।
ਬੱਲੇਬਾਜ਼ੀ ਹੈ ਦੋਨਾਂ ਦੀ ਕਮਜ਼ੋਰ ਕੜੀ
KKR ਅਤੇ RCB ਦੋਵਾਂ ਨੂੰ ਬੱਲੇਬਾਜ਼ੀ ਕਰਨ ਵਿੱਚ ਦਿੱਕਤ ਆਉਂਦੀ ਹੈ, ਇਨ੍ਹਾਂ ਟੀਮਾਂ ਦੇ ਮੁੱਖ ਬੱਲੇਬਾਜ਼ ਲੈਅ ਕਾਇਮ ਰੱਖਣ ਵਿੱਚ ਅਸਫਲ ਰਹੇ ਹਨ । ਹਾਲਾਂਕਿ, KKR ਨੇ ਚੇਨਈ ਸੁਪਰ ਕਿੰਗਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਆਖਰੀ ਦੋ ਮੈਚਾਂ ਵਿੱਚ ਆਖਰੀ ਓਵਰਾਂ ਵਿੱਚ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਖੇਡ ਨੂੰ ਮੋੜ ਦਿੱਤਾ ਜਿਸ ਨਾਲ ਟੀਮ ਦਾ ਮਨੋਬਲ ਕਾਫ਼ੀ ਵੱਧ ਗਿਆ।
ਰਸਲ ਦੀ ਸੱਟ ਦੇ ਸਕਦੀ ਹੈ ਝਟਕਾ
KKR ਲਈ ਸਭ ਤੋਂ ਵੱਡੀ ਚਿੰਤਾ ਵੱਡੇ ਸ਼ਾਟ ਲਗਾਉਣ ਵਾਲੇ ਆਂਦਰੇ ਰਸੇਲ ਦੀ ਉਪਲਬਧਤਾ ਹੋਵੇਗੀ ਜੋ ਸ਼ਨੀਵਾਰ ਨੂੰ ਪੰਜਾਬ ਖਿਲਾਫ ਕੈਚ ਲੈਣ ਦੀ ਕੋਸ਼ਿਸ਼ ਵਿੱਚ ਜ਼ਖਮੀ ਹੋ ਗਿਆ ਸੀ। ਕਪਤਾਨ ਦਿਨੇਸ਼ ਕਾਰਤਿਕ ਨੇ ਹਾਲਾਂਕਿ ਮੈਚ ਤੋਂ ਬਾਅਦ ਉਸਦੀ ਸੱਟ ਲੱਗਣ ਬਾਰੇ ਜ਼ਿਆਦਾ ਕੁਝ ਨਹੀਂ ਕਿਹਾ । ਉਨ੍ਹਾਂ ਕਿਹਾ, “ਜਦੋਂ ਵੀ ਸੱਟਾਂ ਲੱਗੀਆਂ, ਟੀਮ ਦੀਆਂ ਮੁਸ਼ਕਲਾਂ ਵਧਦੀਆਂ ਹਨ। ਉਹ ਇੱਕ ਖ਼ਾਸ, ਬਹੁਤ ਖ਼ਾਸ ਖਿਡਾਰੀ ਹੈ। ਸਾਨੂੰ ਉਨ੍ਹਾਂ ਨੂੰ ਦੇਖਣਾ ਅਤੇ ਦੇਖਭਾਲ ਕਰਨੀ ਪਵੇਗੀ। ਉੱਥੇ ਹੀ ਦੂਜੇ ਪਾਸੇ KKR ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਵੀ ਵਧੀਆ ਫਾਰਮ ਵਿੱਚ ਹਨ। ਸੁਨੀਲ ਨਾਰਾਇਣ ਦੀ ਜਗ੍ਹਾ ਪਾਰੀ ਦੀ ਸ਼ੁਰੂਆਤ ਕਰ ਰਹੇ ਰਾਹੁਲ ਤ੍ਰਿਪਾਠੀ ਨੇ CSK ਖਿਲਾਫ 81 ਦੌੜਾਂ ਬਣਾਈਆਂ ਪਰ ਪੰਜਾਬ ਖਿਲਾਫ ਬੱਲੇਬਾਜ਼ੀ ਨਹੀਂ ਕੀਤੀ ।
ਵਿਰਾਟ ਦੀ ਫਾਰਮ ‘ਚ ਵਾਪਸੀ ਨਾਲ RCB ਨੂੰ ਮਿਲੇਗਾ ਬਲ
ਸ਼ੁਰੂਆਤੀ ਮੈਚਾਂ ਵਿੱਚ ਖਰਾਬ ਬੱਲੇਬਾਜ਼ੀ ਕਰਨ ਵਾਲੇ ਕੋਹਲੀ ਦੇ ਲੈਅ ਵਿੱਚ ਆਉਣ ਨਾਲ RCB ਦੀ ਬੱਲੇਬਾਜ਼ੀ ਮਜ਼ਬੂਤ ਹੋਈ ਹੈ। ਇਸ 31 ਸਾਲਾਂ ਖਿਡਾਰੀ ਨੇ ਦਿੱਲੀ ਕੈਪਿਟਲਸ ਖ਼ਿਲਾਫ਼ 43 ਅਤੇ ਫਿਰ ਚੇੱਨਈ ਖ਼ਿਲਾਫ਼ 90 ਦੌੜਾਂ ਬਣਾਈਆਂ । ਸਲਾਮੀ ਬੱਲੇਬਾਜ਼ ਦੇਵਦੱਤ ਪਡੀਕਲ ਨੂੰ ਛੱਡ ਕੇ ਹੋਰ ਬੱਲੇਬਾਜ਼ਾਂ ਦੀ ਕਾਰਗੁਜ਼ਾਰੀ ਵਿੱਚ ਕੋਈ ਇਕਸਾਰਤਾ ਨਹੀਂ ਹੈ। ਐਰੋਨ ਫਿੰਚ ਅਤੇ ਏਬੀ ਡੀਵਿਲੀਅਰਸ ਲੈਅ ਨੂੰ ਮੁੜ ਹਾਸਲ ਕਰਨ ਲਈ ਜੂਝ ਰਹੇ ਹਨ। ਗੇਂਦਬਾਜ਼ੀ ਵਿਚ ਯੁਜਵੇਂਦਰ ਚਾਹਲ ਸ਼ਾਨਦਾਰ ਫ਼ਾਰਮ ਵਿੱਚ ਹਨ।
ਸੰਭਾਵਿਤ ਟੀਮਾਂ
ਕੋਲਕਾਤਾ ਨਾਈਟ ਰਾਈਡਰਜ਼: ਦਿਨੇਸ਼ ਕਾਰਤਿਕ (ਕਪਤਾਨ ਅਤੇ ਵਿਕਟਕੀਪਰ), ਆਂਦਰੇ ਰਸੇਲ, ਕਮਲੇਸ਼ ਨਾਗਰਕੋਟੀ, ਕੁਲਦੀਪ ਯਾਦਵ, ਲਾਕੀ ਫਰਗਸਨ, ਨਿਤੀਸ਼ ਰਾਣਾ, ਪ੍ਰਸਿੱਧ ਕ੍ਰਿਸ਼ਨਾ, ਰਿੰਕੂ ਸਿੰਘ, ਸੰਦੀਪ ਵਾਰੀਅਰ, ਸ਼ਿਵਮ ਮਾਵੀ, ਸ਼ੁਭਮਨ ਗਿੱਲ, ਸਿੱਧੇਸ਼ ਲਾਡ, ਸੁਨੀਲ ਨਰੇਨ, ਪੈਟ ਕਮਿੰਸ , ਇਆਨ ਮੋਰਗਨ, ਵਰੁਣ ਚੱਕਰਵਰਤੀ, ਟੌਮ ਬੈਨਟਨ, ਰਾਹੁਲ ਤ੍ਰਿਪਾਠੀ, ਕ੍ਰਿਸ ਗ੍ਰੀਨ, ਐਮ ਸਿਧਾਰਥ, ਨਿਖਿਲ ਨਾਇਕ, ਅਲੀ ਖਾਨ।
ਰਾਇਲ ਚੈਲੇਂਜਰਜ਼ ਬੰਗਲੌਰ: ਵਿਰਾਟ ਕੋਹਲੀ (ਕਪਤਾਨ), ਏਬੀ ਡੀਵਿਲੀਅਰਜ਼, ਪਾਰਥਿਵ ਪਟੇਲ, ਐਰੋਨ ਫਿੰਚ, ਜੋਸ਼ ਫਿਲਿਪ, ਕ੍ਰਿਸ ਮੌਰਿਸ, ਮੋਇਨ ਅਲੀ, ਮੁਹੰਮਦ ਸਿਰਾਜ, ਸ਼ਾਹਬਾਜ਼ ਅਹਿਮਦ, ਦੇਵਦੱਤ ਪਡਿਕਲ, ਯੁਜਵੇਂਦਰ ਚਾਹਲ, ਨਵਦੀਪ ਸੈਣੀ, ਡੇਲ ਸਟੇਨ, ਪਵਨ ਨੇਗੀ, ਸ਼ਿਵਮ ਦੂਬੇ, ਉਮੇਸ਼ ਯਾਦਵ, ਗੁਰਕੀਰਤ ਸਿੰਘ ਮਾਨ, ਵਾਸ਼ਿੰਗਟਨ ਸੁੰਦਰ, ਪਵਨ ਦੇਸ਼ਪਾਂਡੇ, ਐਡਮ ਜੰਪਾ।