Kagiso Rabada sets new IPL record: ਦਿੱਲੀ ਕੈਪੀਟਲਸ (DC) ਨੂੰ ਅਬੂ ਧਾਬੀ ਵਿੱਚ 29 ਸਤੰਬਰ ਨੂੰ ਸਨਰਾਈਜ਼ਰਜ਼ ਹੈਦਰਾਬਾਦ (SRH) ਖ਼ਿਲਾਫ਼ ਮੈਚ ਵਿੱਚ 15 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਪਰ ਇਸ ਮੈਚ ਦੌਰਾਨ ਤੇਜ਼ ਗੇਂਦਬਾਜ਼ ਕਗੀਸੋ ਰਬਾਡਾ ਨੇ ਉਹ ਕਾਰਨਾਮਾ ਕਰ ਦਿਖਾਇਆ, ਜਿਸ ਨੇ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਇਤਿਹਾਸ ਵਿੱਚ ਅਜੇ ਤੱਕ ਕੋਈ ਗੇਂਦਬਾਜ਼ ਨਹੀਂ ਕਰ ਸਕਿਆ। ਰਬਾਡਾ ਨੇ SRH ਦੇ ਖਿਲਾਫ ਚਾਰ ਓਵਰਾਂ ਵਿੱਚ 21 ਦੇ ਕੇ ਦੋ ਵਿਕਟਾਂ ਲਈਆਂ । ਉਹ ਆਈਪੀਐਲ ਦੇ ਇਤਿਹਾਸ ਵਿੱਚ ਪਹਿਲਾ ਗੇਂਦਬਾਜ਼ ਹੈ ਜਿਸਨੇ ਲਗਾਤਾਰ 10 ਮੈਚਾਂ ਵਿੱਚ ਦੋ ਜਾਂ ਵਧੇਰੇ ਵਿਕਟਾਂ ਲਈਆਂ ਹਨ।
ਦਰਅਸਲ, 7 ਅਪ੍ਰੈਲ ਤੋਂ 29 ਸਤੰਬਰ ਦੇ ਵਿਚਕਾਰ ਉਸਨੇ ਦਿੱਲੀ ਕੈਪੀਟਲਸ ਵੱਲੋਂ ਖੇਡਦੇ ਹੋਏ ਇਹ ਕਾਰਨਾਮਾ ਕੀਤਾ ਹੈ। ਰਬਾਡਾ ਦਾ ਪਿਛਲੇ 10 ਆਈਪੀਐਲ ਮੈਚਾਂ ਵਿੱਚ ਗੇਂਦਬਾਜ਼ੀ 4/21, 2/42, 4/22, 2/38, 2/23, 2/37, 2/31, 2/28, 3/26 ਅਤੇ 2/21 ਰਹੀ ਹੈ। ਇਸ ਸੀਜ਼ਨ ਵਿੱਚ 11 ਮੈਚਾਂ ਤੋਂ ਬਾਅਦ ਰਬਾਡਾ ਦੇ ਖਾਤੇ ਵਿੱਚ ਸਭ ਤੋਂ ਵੱਧ ਵਿਕਟਾਂ ਦਰਜ ਹਨ ਅਤੇ ਇਸ ਸਮੇਂ ਪਰਪਲ ਕੈਪ ਉਸਦੇ ਕੋਲ ਹੈ। ਪਿਛਲੇ ਸੀਜ਼ਨ ਵਿੱਚ ਰਬਾਡਾ ਨੇ 12 ਮੈਚਾਂ ਵਿੱਚ 25 ਵਿਕਟਾਂ ਲਈਆਂ ਸਨ ਅਤੇ ਪਰਪਲ ਕੈਪ ਦੀ ਦੌੜ ਵਿੱਚ ਇਮਰਾਨ ਤਾਹਿਰ ਤੋਂ ਕੁਝ ਪਿੱਛੇ ਸੀ। ਇਮਰਾਨ ਨੇ ਪਿਛਲੇ ਸੀਜ਼ਨ ਵਿੱਚ 17 ਮੈਚਾਂ ਵਿੱਚ 26 ਵਿਕਟਾਂ ਲਈਆਂ ਸਨ।
ਦੱਸ ਦੇਈਏ ਕਿ ਰਬਾਡਾ ਨੇ ਹੁਣ ਤੱਕ ਕੁੱਲ 21 ਆਈਪੀਐਲ ਮੈਚ ਖੇਡੇ ਹਨ, ਇਸ ਦੌਰਾਨ ਉਸ ਨੇ 7.85 ਦੀ ਇਕਾਨਮੀ ਰੇਟ ਨਾਲ 631 ਦੌੜਾਂ ਦੇ ਕੇ ਕੁੱਲ 38 ਵਿਕਟਾਂ ਲਈਆਂ ਹਨ । ਉਸ ਨੇ ਇੱਕ ਪਾਰੀ ਵਿੱਚ ਦੋ ਵਾਰ ਚਾਰ ਵਿਕਟਾਂ ਲਈਆਂ ਹਨ। ਜ਼ਿਕਰਯੋਗ ਹੈ ਕਿ ਦਿੱਲੀ ਕੈਪੀਟਲਸ ਨੇ SRH ਖਿਲਾਫ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ । SRH ਨੇ 20 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ‘ਤੇ 162 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿਚ ਦਿੱਲੀ ਕੈਪੀਟਲ ਦੀ ਟੀਮ 20 ਓਵਰਾਂ ਵਿੱਚ ਸੱਤ ਵਿਕਟਾਂ ਦੇ ਨੁਕਸਾਨ ‘ਤੇ 147 ਦੌੜਾਂ ਬਣਾ ਸਕੀ ।