KKR Pacer Ali Khan: ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਵਿੱਚ ਹੁਣ ਤੱਕ 20 ਮੈਚ ਖੇਡੇ ਜਾ ਚੁੱਕੇ ਹਨ । ਜਿਵੇਂ ਕਿ ਟੂਰਨਾਮੈਂਟ ਅੱਗੇ ਵਧਦਾ ਜਾ ਰਿਹਾ ਹੈ, ਖਿਡਾਰੀਆਂ ਦੀਆਂ ਸੱਟਾਂ ਦਾ ਸਿਲਸਿਲਾ ਵੀ ਲੰਬਾ ਹੁੰਦਾ ਜਾ ਰਿਹਾ ਹੈ। ਭੁਵਨੇਸ਼ਵਰ ਕੁਮਾਰ ਅਤੇ ਅਮਿਤ ਮਿਸ਼ਰਾ ਤੋਂ ਬਾਅਦ ਕੋਲਕਾਤਾ ਨਾਈਟ ਰਾਈਡਰਜ਼ ਦੇ ਤੇਜ਼ ਗੇਂਦਬਾਜ਼ ਅਲੀ ਖਾਨ ਨੂੰ ਆਈਪੀਐਲ 13 ਤੋਂ ਬਾਹਰ ਕਰ ਦਿੱਤਾ ਗਿਆ ਹੈ। ਅਲੀ ਖਾਨ ਆਈਪੀਐਲ ਦਾ ਹਿੱਸਾ ਬਣਨ ਵਾਲਾ ਪਹਿਲਾ ਅਮਰੀਕੀ ਖਿਡਾਰੀ ਹੈ, ਹਾਲਾਂਕਿ ਉਸ ਨੂੰ ਹੁਣ ਤੱਕ ਡੈਬਿਊ ਕਰਨ ਦਾ ਮੌਕਾ ਨਹੀਂ ਮਿਲਿਆ ਸੀ ।
ਦਿਲਚਸਪ ਗੱਲ ਇਹ ਹੈ ਕਿ ਅਲੀ ਖਾਨ ਨੂੰ ਰਿਪਲੇਸਮੈਂਟ ਦੇ ਤੌਰ ‘ਤੇ ਹੀ ਆਈਪੀਐਲ ਵਿੱਚ ਇਤਿਹਾਸ ਰਚਣ ਦਾ ਮੌਕਾ ਮਿਲਿਆ। ਅਲੀ ਖਾਨ ਨੂੰ KKR ਨੇ ਆਪਣੇ ਖਿਡਾਰੀ ਹੈਰੀ ਦੇ ਸੱਟ ਲੱਗਣ ਕਾਰਨ ਟੂਰਨਾਮੈਂਟ ਵਿੱਚ ਸ਼ਾਮਿਲ ਕੀਤਾ ਸੀ। ਪਰ ਡੈਬਿਊ ਕਰਨ ਤੋਂ ਪਹਿਲਾਂ ਅਲੀ ਖਾਨ ਜ਼ਖਮੀ ਹੋ ਗਿਆ ਸੀ ਅਤੇ ਆਈਪੀਐਲ 13 ਤੋਂ ਬਾਹਰ ਹੋ ਗਿਆ। KKR ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, “ਅਲੀ ਖਾਨ ਆਈਪੀਐਲ ਵਿੱਚ ਚੁਣਿਆ ਜਾਣ ਵਾਲਾ ਪਹਿਲਾ ਅਮਰੀਕੀ ਖਿਡਾਰੀ ਬਣ ਗਿਆ ਸੀ। ਪਰ ਅਲੀ ਖਾਨ ਸੱਟ ਲੱਗਣ ਕਾਰਨ ਟੂਰਨਾਮੈਂਟ ਵਿੱਚ ਨਹੀਂ ਖੇਡ ਸਕੇਗਾ । ਅਲੀ ਖਾਨ ਅਭਿਆਸ ਦੌਰਾਨ ਜ਼ਖ਼ਮੀ ਹੋ ਗਿਆ ।
ਜ਼ਿਕਰਯੋਗ ਹੈ ਕਿ ਅਲੀ ਖਾਨ ਨੇ ਕੈਰੇਬੀਅਨ ਪ੍ਰੀਮੀਅਰ ਲੀਗ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਸਾਲ ਅਲੀ ਟ੍ਰਿਵੇਗੋ ਨਾਈਟ ਰਾਈਡਰਜ਼ ਦਾ ਹਿੱਸਾ ਸੀ, ਜਿਸਨੇ ਸੀਪੀਐਲ ਦਾ ਖਿਤਾਬ ਜਿੱਤਿਆ। ਅਲੀ ਖਾਨ ਨੇ 8 ਮੈਚਾਂ ਵਿੱਚ 7.43 ਦੀ ਸ਼ਾਨਦਾਰ ਇਕਾਨਮੀ ਰੇਟ ਨਾਲ 8 ਵਿਕਟਾਂ ਲਈਆਂ । ਦੱਸ ਦੇਈਏ ਕਿ ਆਈਪੀਐਲ 13 ਵਿੱਚ ਹੁਣ ਤੱਕ ਕੋਲਕਾਤਾ ਨਾਈਟ ਰਾਈਡਰਜ਼ ਦਾ ਪ੍ਰਦਰਸ਼ਨ ਮਿਲਿਆ-ਜੁਲਿਆ ਹੋਇਆ ਹੈ। ਟੀਮ ਦੋ ਜਿੱਤਾਂ ਅਤੇ ਦੋ ਹਾਰਾਂ ਦੇ ਨਾਲ ਪੁਆਇੰਟ ਟੇਬਲ ਵਿੱਚ ਦੂਜੇ ਨੰਬਰ ‘ਤੇ ਹੈ।