KKR vs KXIP Match: ਨਵੀਂ ਦਿੱਲੀ: ਕਿੰਗਜ਼ ਇਲੈਵਨ ਪੰਜਾਬ ਨੇ ਗੇਂਦਬਾਜੀ ਅਤੇ ਬੱਲੇਬਾਜੀ ਦੋਵਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 8 ਵਿਕਟਾਂ ਨਾਲ ਹਰਾਇਆ ਹੈ । ਇਸ ਜਿੱਤ ਦੇ ਨਾਲ ਪੰਜਾਬ ਨੇ ਆਪਣੀ ਪਲੇਆਫ ਕੋਸ਼ਿਸ਼ਾਂ ਨੂੰ ਹੋਰ ਤਾਕਤ ਦਿੱਤੀ ਹੈ। ਇਹ ਪੰਜਾਬ ਦੀ ਲਗਾਤਾਰ 5ਵੀਂ ਜਿੱਤ ਹੈ। ਇਸ ਜਿੱਤ ਦੇ ਨਾਲ ਪੰਜਾਬ ਪੁਆਇੰਟ ਟੇਬਲ ਵਿੱਚ ਚੌਥੇ ਸਥਾਨ ‘ਤੇ ਪਹੁੰਚ ਗਿਆ ਹੈ। ਇਸ ਮੁਕਾਬਲੇ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ KKR ਦੇ ਬੱਲੇਬਾਜ਼ ਪੰਜਾਬ ਦੇ ਹਮਲੇ ਸਾਹਮਣੇ ਟਿਕ ਨਹੀਂ ਸਕੇ ਅਤੇ ਤਹਿ ਕੀਤੇ ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ‘ਤੇ ਸਿਰਫ 149 ਦੌੜਾਂ ਹੀ ਬਣਾ ਸਕਿਆ । ਇਸ ਟੀਚੇ ਦਾ ਪਿੱਛਾ ਕਰਦਿਆਂ ਪੰਜਾਬ ਦੇ ਬੱਲੇਬਾਜ਼ਾਂ ਨੇ ਕੇਕੇਆਰ ਦੇ ਗੇਂਦਬਾਜ਼ਾਂ ਨੂੰ ਜ਼ਬਰਦਸਤ ਮਾਤ ਦਿੱਤੀ ਅਤੇ 150 ਦੌੜਾਂ ਦਾ ਟੀਚਾ ਆਸਾਨੀ ਨਾਲ ਹਾਸਿਲ ਕਰ ਲਿਆ। ਪੰਜਾਬ ਲਈ ਕ੍ਰਿਸ ਗੇਲ ਅਤੇ ਮਨਦੀਪ ਸਿੰਘ ਨੇ ਤੂਫਾਨੀ ਅਰਧ ਸੈਂਕੜਾ ਜੜਿਆ।
ਕਪਤਾਨ ਕੇਐਲ ਰਾਹੁਲ ਅਤੇ ਮਨਦੀਪ ਸਿੰਘ ਨੇ ਪੰਜਾਬ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ । ਦੋਵਾਂ ਵਿਚਾਲੇ 47 ਦੌੜਾਂ ਦੀ ਸਾਂਝੇਦਾਰੀ ਹੋਈ । ਵਰੁਣ ਚੱਕਰਵਰਤੀ ਨੇ 8ਵੇਂ ਓਵਰ ਦੀ ਆਖਰੀ ਗੇਂਦ ‘ਤੇ ਰਾਹੁਲ ਨੂੰ LBW ਕਰਕੇ ਇਸ ਸਾਂਝੇਦਾਰੀ ਨੂੰ ਤੋੜ ਦਿੱਤਾ । ਪੰਜਾਬ ਦੇ ਕਪਤਾਨ ਨੇ 25 ਗੇਂਦਾਂ ‘ਤੇ 4 ਚੌਕਿਆਂ ਦੀ ਮਦਦ ਨਾਲ 28 ਦੌੜਾਂ ਬਣਾਈਆਂ । ਇਸ ਤੋਂ ਬਾਅਦ ਮਨਦੀਪ ਨੂੰ ਯੂਨੀਵਰਸ ਦੇ ਬੌਸ ਕ੍ਰਿਸ ਗੇਲ ਦਾ ਸਾਥ ਮਿਲਿਆ । ਇਸ ਤੋਂ ਬਾਅਦ ਇਸ ਜੋੜੀ ਨੇ ਕੇਕੇਆਰ ਦੇ ਗੇਂਦਬਾਜ਼ਾਂ ਨੂੰ ਜ਼ਬਰਦਸਤ ਕੁੱਟਿਆ । ਦੋਵਾਂ ਨੇ 100 ਦੌੜਾਂ ਦੀ ਸਾਂਝੇਦਾਰੀ ਕਰਦਿਆਂ ਪੰਜਾਬ ਦੀ ਜਿੱਤ ਦਾ ਰਸਤਾ ਤੈਅ ਕੀਤਾ । ਗੇਲ ਨੂੰ 19ਵੇਂ ਓਵਰ ਦੀ ਪਹਿਲੀ ਗੇਂਦ ‘ਤੇ ਫਰਗਯੂਸਨ ਨੇ ਆਪਣਾ ਸ਼ਿਕਾਰ ਬਣਾਇਆ । ਗੇਲ 29 ਗੇਂਦਾਂ ਵਿੱਚ 51 ਦੌੜਾਂ ਬਣਾ ਕੇ ਆਊਟ ਹੋਇਆ। ਇਸ ਤੋਂ ਬਾਅਦ ਮਨਦੀਪ ਨੇ ਨਿਕੋਲਸ ਪੂਰਨ ਨਾਲ ਮਿਲ ਕੇ ਪੰਜਾਬ ਨੂੰ ਜਿੱਤ ਦੀ ਕਗਾਰ ‘ਤੇ ਲਿਆਂਦਾ । ਮਨਦੀਪ ਸਿੰਘ 66 ਦੌੜਾਂ ਬਣਾ ਕੇ ਨਾਬਾਦ ਰਿਹਾ।
ਇਸ ਮੁਕਾਬਲੇ ਵਿੱਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਲਈ ਮੈਦਾਨ ਵਿੱਚ ਉਤਰੀ KKR ਦੀ ਸ਼ੁਰੂਆਤ ਖਰਾਬ ਰਹੀ ਅਤੇ ਪਾਰੀ ਦੀ ਦੂਜੀ ਗੇਂਦ ‘ਤੇ ਹੀ ਨਿਤੀਸ਼ ਰਾਣਾ ਗੋਲਡਨ ਡੱਕ ਹੋ ਗਏ । ਇਸ ਤੋਂ ਬਾਅਦ ਰਾਹੁਲ ਤ੍ਰਿਪਾਠੀ ਵੀ ਸੱਤ ਦੌੜਾਂ ਬਣਾ ਕੇ ਮੁਹੰਮਦ ਸ਼ਮੀ ਦਾ ਸ਼ਿਕਾਰ ਬਣੇ । ਕੇਕੇਆਰ 10 ਦੌੜਾਂ ‘ਤੇ ਲੱਗੇ 2 ਵੱਡੇ ਝਟਕਿਆਂ ਤੋਂ ਹਾਲੇ ਉਬਰੀ ਨਹੀਂ ਸੀ ਕਿ ਦਿਨੇਸ਼ ਕਾਰਤਿਕ ਵੀ ਡੱਕ ਹੋ ਗਏ ਅਤੇ ਕੇਕੇਆਰ ਨੇ 10 ਦੌੜਾਂ ‘ਤੇ ਤਿੰਨ ਵੱਡੀਆਂ ਵਿਕਟਾਂ ਗੁਆ ਦਿੱਤੀਆਂ । ਇਸ ਤੋਂ ਬਾਅਦ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਅਤੇ ਕਪਤਾਨ ਅਯਾਨ ਮੋਰਗਨ ਨੇ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਅਤੇ ਦੋਵਾਂ ਨੇ ਅਰਧ ਸੈਂਕੜੇ ਦੀ ਸਾਂਝੇਦਾਰੀ ਕੀਤੀ। ਰਵੀ ਬਿਸ਼ਨੋਈ ਨੇ ਮੋਰਗਨ ਨੂੰ 40 ਦੌੜਾਂ ‘ਤੇ ਆਊਟ ਕਰਕੇ ਇਹ ਸਾਂਝੇਦਾਰੀ ਤੋੜ ਦਿੱਤੀ।
ਦੱਸ ਦੇਈਏ ਕਿ ਮੋਰਗਨ ਦੇ ਆਊਟ ਹੋਣ ਤੋਂ ਥੋੜ੍ਹੀ ਦੇਰ ਬਾਅਦ ਕੇਕੇਆਰ ਨੂੰ ਸੁਨੀਲ ਨਾਰਾਇਣ ਦੇ ਰੂਪ ਵਿੱਚ 101 ਦੌੜਾਂ ‘ਤੇ 5ਵਾਂ ਝਟਕਾ ਲੱਗਿਆ, ਜੋ 6 ਦੌੜਾਂ ਦੇ ਨਿੱਜੀ ਸਕੋਰ ‘ਤੇ ਕ੍ਰਿਸ ਜੋਰਡਨ ਦੀ ਗੇਂਦ ‘ਤੇ ਬੋਲਡ ਹੋ ਗਏ। ਸ਼ੁਬਮਨ ਗਿੱਲ ਇੱਕ ਸਿਰੇ ‘ਤੇ ਟਿਕੇ ਹੋਏ ਸੀ, ਪਰ ਮੋਰਗਨ ਦੇ ਆਊਟ ਹੋਣ ਦੇ ਨਾਲ ਉਸਨੂੰ ਉਨਾਂ ਮਜ਼ਬੂਤ ਸਾਥ ਨਹੀਂ ਮਿਲਿਆ।