KKR vs RCB Match: ਆਈਪੀਐਲ ਦੇ 13ਵੇਂ ਸੀਜ਼ਨ ਦੇ 39ਵੇਂ ਮੈਚ ਵਿੱਚ ਬੁੱਧਵਾਰ ਨੂੰ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਬਾਜ਼ੀ ਮਾਰੀ । ਬੈਂਗਲੁਰੂ ਨੇ ਅਬੂ ਧਾਬੀ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਦੀ ਚੁਣੌਤੀ ਨੂੰ 8 ਵਿਕਟਾਂ ਨਾਲ ਮਾਤ ਦਿੱਤੀ । RCB ਨੇ 13.3 ਓਵਰਾਂ ਵਿੱਚ 85/2 ਦੌੜਾਂ ਬਣਾਈਆਂ ਅਤੇ ਜਿੱਤ ਦਾ ਸਧਾਰਣ ਟੀਚਾ ਹਾਸਿਲ ਕਰ ਲਿਆ। RCB ਦੀ ਜਿੱਤ ਦੇ ਹੀਰੋ ਸਵਿੰਗ ਗੇਂਦਬਾਜ਼ ਮੁਹੰਮਦ ਸਿਰਾਜ (4-2-8-3) ਸੀ, ਜਿਨ੍ਹਾਂ ਨੇ ਕੋਲਕਾਤਾ ਦੀ ਕਮਰ ਤੋੜ ਦਿੱਤੀ। ਬੈਂਗਲੁਰੂ ਨੂੰ ਹੁਣ ਪਲੇਅਆਫ ਲਈ ਸਿਰਫ ਇੱਕ ਜਿੱਤ ਦੀ ਜ਼ਰੂਰਤ ਹੈ।
ਰਾਇਲ ਚੈਲੇਂਜਰਜ਼ ਬੈਂਗਲੁਰੂ ਦੀ ਇਹ 7ਵੀਂ ਜਿੱਤ ਰਹੀ ਅਤੇ ਉਹ ਹੁਣ 10 ਮੈਚਾਂ ਵਿੱਚ 14 ਅੰਕ ਹਾਸਿਲ ਕਰ ਪੁਆਇੰਟ ਟੇਬਲ ਵਿੱਚ ਦੂਜੇ ਸਥਾਨ ‘ਤੇ ਹੈ । ਦਿੱਲੀ ਕੈਪੀਟਲਸ ਦੀ ਟੀਮ ਦੇ ਵੀ 14 ਅੰਕ ਹਨ, ਪਰ ਬਿਹਤਰ ਰਨ ਰੇਟ ਦੇ ਅਧਾਰ ‘ਤੇ ਉਹ ਟਾਪ ‘ਤੇ ਬਣੀ ਹੋਈ ਹੈ। ਮੁੰਬਈ ਇੰਡੀਅਨਜ਼ 12 ਅੰਕਾਂ ਨਾਲ ਤੀਜੇ ਨੰਬਰ ‘ਤੇ ਹੈ । RCB ਨੇ ਇਸ ਸੀਜ਼ਨ ਦਾ ਪਹਿਲਾ ਮੈਚ ਵੀ ਕੋਲਕਾਤਾ ਖ਼ਿਲਾਫ਼ ਹੀ ਜਿੱਤਿਆ ਸੀ। KKR ਦੀ ਇਹ 5ਵੀਂ ਹਾਰ ਹੈ ਅਤੇ 10 ਮੈਚਾਂ ਵਿੱਚੋਂ 10 ਅੰਕਾਂ ਨਾਲ ਚੌਥੇ ਸਥਾਨ ‘ਤੇ ਕਾਇਮ ਹੈ ।
85 ਦੌੜਾਂ ਦੇ ਛੋਟੇ ਟੀਚੇ ਦਾ ਪਿੱਛਾ ਕਰਦਿਆਂ ਬੈਂਗਲੁਰੂ ਦੀ ਟੀਮ ਨੇ 46 ਦੇ ਸਕੋਰ ‘ਤੇ ਪਹਿਲਾ ਵਿਕਟ ਗਵਾ ਦਿੱਤਾ ਜਦੋਂ ਐਰੋਨ ਫਿੰਚ (16) ਨੂੰ ਲੋਕੀ ਫਰਗੂਸਨ ਨੇ ਆਪਣਾ ਸ਼ਿਕਾਰ ਬਣਾਇਆ। ਦਿਨੇਸ਼ ਕਾਰਤਿਕ ਨੇ ਵਿਕਟ ਦੇ ਪਿੱਛੇ ਕੈਚ ਫੜਿਆ । ਇਸ ਸਕੋਰ ‘ਤੇ ਦੇਵਦੱਤ ਪਡਿਕਲ 25 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ (ਨਾਬਾਦ 18) ਅਤੇ ਗੁਰਕੀਰਤ ਸਿੰਘ ਮਾਨ (ਨਾਬਾਦ 21) ਨੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ । RCB ਦੇ ਸਲਾਮੀ ਬੱਲੇਬਾਜ਼ ਦੇਵਦੱਤ ਪਡਿਕਲ (17 ਗੇਂਦਾਂ ‘ਤੇ 25) ਅਤੇ ਐਰੋਨ ਫਿੰਚ (21 ਗੇਂਦਾਂ ‘ਤੇ 16) ਨੇ ਕੋਈ ਕਾਹਲੀ ਨਹੀਂ ਦਿਖਾਈ । ਉਨ੍ਹਾਂ ਨੇ ਆਸਾਨੀ ਨਾਲ ਦੌੜਾਂ ਬਣਾਈਆਂ । ਪਾਵਰਪਲੇਅ ਵਿੱਚ ਸਕੋਰ ਬਿਨ੍ਹਾਂ ਕਿਸੇ ਨੁਕਸਾਨ ਦੇ 44 ਦੌੜਾਂ ਸੀ।
ਰਾਇਲ ਚੈਲੇਂਜਰਜ਼ ਬੰਗਲੌਰ ਨੇ ਸਵਿੰਗ ਗੇਂਦਬਾਜ਼ ਮੁਹੰਮਦ ਸਿਰਾਜ ਦੀ ਗੇਂਦ ਨਾਲ 84/8 ਦੇ ਸਕੋਰ ‘ਤੇ ਕੋਲਕਾਤਾ ਨਾਈਟ ਰਾਈਡਰ ਨੂੰ ਰੋਕਿਆ। ਸਿਰਾਜ ਨੇ 4 ਓਵਰਾਂ ਵਿੱਚ 8 ਦੌੜਾਂ ਦੇ ਕੇ 3 ਵਿਕਟਾਂ ਲਈਆਂ । ਇੱਕ ਸਮੇਂ ਉਨ੍ਹਾਂ ਦਾ ਗੇਂਦਬਾਜ਼ੀ ਵਿਸ਼ਲੇਸ਼ਣ 2 ਓਵਰ, 2 ਮੇਡਨ, 3 ਵਿਕਟਾਂ ਸੀ। ਲੈੱਗ ਸਪਿਨਰ ਯੁਜਵੇਂਦਰ ਚਾਹਲ (15 ਦੌੜਾਂ ‘ਤੇ 2) ਅਤੇ ਆਫ ਸਪਿੰਨਰ ਵਾਸ਼ਿੰਗਟਨ ਸੁੰਦਰ (14 ਦੌੜਾਂ’ ਤੇ 1) ਨੇ ਉਨ੍ਹਾਂ ਦਾ ਵਧੀਆ ਸਮਰਥਨ ਕੀਤਾ । ਸਿਰਫ ਚਾਰ ਕੇਕੇਆਰ ਬੱਲੇਬਾਜ਼ ਦੋਹਰੇ ਅੰਕ ‘ਤੇ ਪਹੁੰਚੇ। ਉਨ੍ਹਾਂ ਵੱਲੋਂ ਕਪਤਾਨ ਈਓਨ ਮੋਰਗਨ ਨੇ ਸਭ ਤੋਂ ਵੱਧ 30 ਦੌੜਾਂ ਬਣਾਈਆਂ । ਉਸ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਸਕੋਰ ਨੌਂਵੇਂ ਨੰਬਰ ਦੇ ਬੱਲੇਬਾਜ਼ ਲੋਕੀ ਫਰਗੂਸਨ (ਨਾਬਾਦ 19) ਰਿਹਾ।
ਦੱਸ ਦੇਈਏ ਕਿ ਇਸ ਮੈਚ ਵਿੱਚ KKR ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ, ਪਰ RCB ਦੇ ਤੇਜ਼ ਗੇਂਦਬਾਜ਼ਾਂ ਨੇ ਨਵੀਂ ਪਿੱਚ ਤੋਂ ਆਉਣ ਵਾਲੀ ਰਫਤਾਰ ਅਤੇ ਸਵਿੰਗ ਨਾਲ ਮੋਰਗਨ ਦੇ ਫੈਸਲੇ ਨੂੰ ਗਲਤ ਨਸਾਬਿਤ ਕਰਨ ਦੀ ਕੋਈ ਕਸਰ ਨਹੀਂ ਛੱਡੀ । ਆਲਮ ਇਹ ਸੀ ਕਿ ਪਾਵਰ ਪਲੇਅ ਵਿੱਚ ਤਿੰਨ ਓਵਰ ਮੇਡਨ ਗਏ, ਸਿਰਫ 17 ਦੌੜਾਂ ਬਣੀਆਂ ਅਤੇ ਚਾਰ ਬੱਲੇਬਾਜ਼ ਪਵੇਲੀਅਨ ਪਰਤ ਗਏ । ਪਾਵਰਪਲੇਅ ਵਿੱਚ ਇਹ KKR ਦਾ ਸਭ ਤੋਂ ਘੱਟ ਸਕੋਰ ਹੈ। ਇਸ ਤੋਂ ਪਹਿਲਾਂ ਉਸਨੇ 2009 ਵਿੱਚ ਕੇਪਟਾਉਨ ਵਿੱਚ ਡੈੱਕਨ ਚਾਰਜਰਜ਼ ਖ਼ਿਲਾਫ਼ 3 ਵਿਕਟਾਂ ‘ਤੇ 21 ਦੌੜਾਂ ਬਣਾਈਆਂ ਸਨ।