KKR vs RR Match: ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਦੇ 54ਵੇਂ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੇ ਰਾਜਸਥਾਨ ਨੂੰ ਹਰਾ ਦਿੱਤਾ । ਇਸ ਹਾਰ ਨਾਲ ਰਾਜਸਥਾਨ ਰਾਇਲਜ਼ ਟੂਰਨਾਮੈਂਟ ਤੋਂ ਬਾਹਰ ਹੋ ਗਿਆ, ਜਦਕਿ ਕੋਲਕਾਤਾ ਨਾਈਟ ਰਾਈਡਰਜ਼ ਨੇ ਜਿੱਤ ਤੋਂ ਬਾਅਦ ਪਲੇਆਫ ਵਿੱਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ ਹਨ । ਰਾਜਸਥਾਨ ਰਾਇਲਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 191 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ । ਇਸ ਤੋਂ ਬਾਅਦ ਕੋਲਕਾਤਾ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਸਾਹਮਣੇ ਰਾਜਸਥਾਨ ਦੀ ਟੀਮ ਇਹ ਮੈਚ 60 ਦੌੜਾਂ ਨਾਲ ਹਾਰ ਗਈ । ਕੋਲਕਾਤਾ ਦੀ ਜਿੱਤ ਦੇ ਹੀਰੋ ਪੈਟ ਕਮਿੰਸ ਰਹੇ, ਜਿਨ੍ਹਾਂ ਨੇ 4 ਵਿਕਟਾਂ ਲਈਆਂ । ਇਸ ਦੇ ਨਾਲ ਹੀ ਕਪਤਾਨ ਮੋਰਗਨ ਨੇ ਵੀ ਨਾਬਾਦ 68 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਜਿੱਤ ਨਾਲ ਕੋਲਕਾਤਾ ਨਾਈਟ ਰਾਈਡਰਜ਼ ਦੇ 14 ਅੰਕ ਹੋ ਗਏ ਹਨ ਅਤੇ ਉਨ੍ਹਾਂ ਦੀ ਨੈੱਟ ਰਨ ਰੇਟ ਵਿੱਚ ਵੀ ਸੁਧਾਰ ਹੋ ਗਿਆ ਹੈ ਤੇ ਉਹ ਚੌਥੇ ਨੰਬਰ’ ਤੇ ਪਹੁੰਚ ਗਈ । ਕੋਲਕਾਤਾ ਨਾਈਟ ਰਾਈਡਰਜ਼ ਦੀ ਪਲੇਆਫ ਵਿੱਚ ਜਗ੍ਹਾ ਸਨਰਾਈਜ਼ਰਸ ਹੈਦਰਾਬਾਦ-ਮੁੰਬਈ ਇੰਡੀਅਨਜ਼ ਦੇ ਮੈਚ ਤੋਂ ਬਾਅਦ ਤੈਅ ਹੋਵੇਗੀ ।
ਮੋਰਗਨ ਨੇ ਲਗਾਇਆ ਤੂਫ਼ਾਨੀ ਅਰਧ ਸੈਂਕੜਾ
ਇਸ ਤੋਂ ਪਹਿਲਾਂ ਕੋਲਕਾਤਾ ਨੇ ਕਪਤਾਨ ਆਯਨ ਮਾਰਗਨ ਦੇ ਨਾਬਾਦ ਅਰਧ ਸੈਂਕੜੇ ਦੀ ਬਦੌਲਤ ਕਰੋ ਜਾਂ ਮਰੋ ਮੁਕਾਬਲੇ ਵਿੱਚ ਐਤਵਾਰ ਨੂੰ ਰਾਜਸਥਾਨ ਰਾਇਲਜ਼ ਖ਼ਿਲਾਫ਼ ਸੱਤ ਵਿਕਟਾਂ ’ਤੇ 191 ਦੌੜਾਂ ਬਣਾਈਆਂ । ਮੋਰਗਨ ਨੇ 35 ਗੇਂਦਾਂ ਵਿੱਚ ਛੇ ਛੱਕਿਆਂ ਅਤੇ ਪੰਜ ਚੌਕਿਆਂ ਦੀ ਮਦਦ ਨਾਲ 68 ਦੌੜਾਂ ਬਣਾਈਆਂ । ਰਾਹੁਲ ਤ੍ਰਿਪਾਠੀ (39) ਅਤੇ ਸ਼ੁਭਮਨ ਗਿੱਲ (36) ਨੇ ਪਹਿਲੇ ਓਵਰ ਵਿੱਚ ਝਟਕਾ ਲੱਗਣ ਤੋਂ ਬਾਅਦ ਦੂਸਰੇ ਵਿਕਟ ਲਈ 72 ਦੌੜਾਂ ਜੋੜ ਕੇ ਟੀਮ ਨੂੰ ਵਧੀਆ ਪਲੇਟਫਾਰਮ ਪ੍ਰਦਾਨ ਕੀਤਾ । ਨਾਈਟ ਰਾਈਡਰਜ਼ ਦੇ ਬੱਲੇਬਾਜ਼ਾਂ ਨੇ ਅੰਤ ਵਿੱਚ ਸਖਤ ਬੱਲੇਬਾਜ਼ੀ ਕੀਤੀ ਜਿਸ ਨਾਲ ਟੀਮ ਆਖਰੀ ਸੱਤ ਓਵਰਾਂ ਵਿੱਚ 91 ਦੌੜਾਂ ਜੋੜ ਸਕੀ । ਰਾਹੁਲ ਤੇਵਤਿਆ ਰਾਇਲਜ਼ ਲਈ ਸਭ ਤੋਂ ਸਫਲ ਗੇਂਦਬਾਜ਼ ਰਿਹਾ, ਉਸਨੇ 25 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ । ਕਾਰਤਿਕ ਤਿਆਗੀ ਨੇ 36 ਦੌੜਾਂ ਦੇ ਕੇ ਦੋ ਵਿਕਟ ਲਏ ਜਦਕਿ ਜੋਫਰਾ ਆਰਚਰ ਨੇ 19 ਦੌੜਾਂ ਦੇ ਕੇ ਇੱਕ ਵਿਕਟ ਲਈ।
ਕੋਲਕਾਤਾ ਨੇ ਕੀਤੀ ਪਹਿਲਾਂ ਬੱਲੇਬਾਜ਼ੀ
ਟਾਸ ਜਿੱਤਣ ਤੋਂ ਬਾਅਦ ਰਾਜਸਥਾਨ ਰਾਇਲਜ਼ ਦੇ ਕਪਤਾਨ ਸਟੀਵ ਸਮਿਥ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਜਿਸ ਤੋਂ ਬਾਅਦ ਆਰਚਰ ਨੇ ਨਿਤੀਸ਼ ਰਾਣਾ (00) ਨੂੰ ਵਿਕਟਕੀਪਰ ਸੰਜੂ ਸੈਮਸਨ ਨੂੰ ਦੂਸਰੀ ਗੇਂਦ ‘ਤੇ ਕੈਚ ਕਰਵਾ ਦਿੱਤਾ । ਰਾਣਾ ਨੇ ਇਸ ਤੋਂ ਬਾਅਦ ਡੀਆਰਐਸ ਵੀ ਲਿਆ ਪਰ ਫੈਸਲਾ ਗੇਂਦਬਾਜ਼ ਦੇ ਹੱਕ ਵਿੱਚ ਗਿਆ । ਸਲਾਮੀ ਬੱਲੇਬਾਜ਼ ਗਿੱਲ ਨੇ ਦੂਜੇ ਓਵਰ ਵਿੱਚ ਵਰੁਣ ਆਰੋਨ ਨੂੰ ਤਿੰਨ ਚੌਕੇ ਲਗਾਏ ਜਦਕਿ ਲੈੱਗ ਸਪਿੰਨਰ ਸ਼੍ਰੇਅਸ ਗੋਪਾਲ ਦਾ ਸਵਾਗਤ ਦੋ ਲਗਾਤਾਰ ਚੌਕਿਆਂ ਨਾਲ ਹੋਇਆ । ਰਾਹੁਲ ਤ੍ਰਿਪਾਠੀ ਨੇ ਗੋਪਾਲ ਦੇ ਇਸ ਓਵਰ ਵਿੱਚ ਦੋ ਚੌਕੇ ਵੀ ਲਗਾਏ ਅਤੇ ਫਿਰ ਬੇਨ ਸਟੋਕਸ ‘ਤੇ ਪਾਰੀ ਦਾ ਪਹਿਲਾ ਛੱਕਾ ਮਾਰਿਆ । ਨਾਈਟ ਰਾਈਡਰਜ਼ ਨੇ ਪਾਵਰ ਪਲੇਅ ਵਿੱਚ ਇੱਕ ਵਿਕਟ ਦੇ ਨੁਕਸਾਨ ‘ਤੇ 55 ਦੌੜਾਂ ਬਣਾਈਆਂ। ਗਿੱਲ ਅਤੇ ਤ੍ਰਿਪਾਠੀ ਨੇ ਵੀ ਮੱਧ ਓਵਰਾਂ ਵਿੱਚ ਆਸਾਨੀ ਨਾਲ ਦੌੜਾਂ ਬਣਾਈਆਂ । ਤ੍ਰਿਪਾਠੀ ਨੇ ਰਾਹੁਲ ਤੇਵਤਿਆ ਨੂੰ ਚੌਕਾ ਤੇ ਫਿਰ ਇੱਕ ਛੱਕਾ ਮਾਰਿਆ । ਗਿੱਲ ਨੇ ਹਾਲਾਂਕਿ ਸਬਰ ਗੁਆ ਦਿੱਤਾ ਅਤੇ ਤੇਵਤਿਆ ਦੀ ਗੇਂਦ ‘ਤੇ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ ਵਿੱਚ ਜੋਸ ਬਟਲਰ ਨੂੰ ਬਾਊਂਡਰੀ ‘ਤੇ ਆਸਾਨ ਕੈਚ ਦੇ ਦਿੱਤਾ । ਉਸਨੇ 24 ਗੇਂਦਾਂ ਦਾ ਸਾਹਮਣਾ ਕਰਦਿਆਂ ਛੇ ਚੌਕੇ ਮਾਰੇ । ਸੁਨੀਲ ਨਾਰਾਇਣ ਵੀ ਖਾਤਾ ਖੋਲ੍ਹੇ ਬਿਨ੍ਹਾਂ ਸਟੋਕਸ ਨੂੰ ਕੈਚ ਦੇ ਬੈਠੇ।
ਰਾਜਸਥਾਨ ‘ਤੇ ਪਈ ਮਾਰਗਨ ਦੀ ਮਾਰ
ਕਪਤਾਨ ਆਯੋਨ ਮੋਰਗਨ ਨੇ ਮੋਰਚਾ ਸੰਭਾਲਦੇ ਹੋਏ 14ਵੇਂ ਓਵਰ ਵਿੱਚ ਗੋਪਾਲ ਦੀਆਂ ਲਗਾਤਾਰ ਗੇਂਦਾਂ ‘ਤੇ ਦੋ ਚੌਕੇ ਅਤੇ ਦੋ ਛੱਕੇ ਜੜੇ । ਆਂਦਰੇ ਰਸੇਲ ਨੇ ਆਰਚਰ ਦੀਆਂ ਲਗਾਤਾਰ ਗੇਂਦਾਂ ‘ਤੇ ਚੌਕੇ ਤੇ ਛੱਕੇ ਤੋਂ ਬਾਅਦ 16ਵੇਂ ਓਵਰ ਵਿੱਚ ਤਿਆਗੀ ‘ਤੇ ਲਗਾਤਾਰ 2 ਛੱਕੇ ਮਾਰੇ, ਪਰ ਅਗਲੀ ਗੇਂਦ ‘ਤੇ ਡੀਪ ਐਕਸਟਰਾ ਕਵਰ ‘ਤੇ ਡੇਵਿਡ ਮਿਲਰ ਨੂੰ ਕੈਚ ਦੇ ਦਿੱਤਾ। ਉਸਨੇ 10 ਗੇਂਦਾਂ ਵਿੱਚ 25 ਦੌੜਾਂ ਬਣਾਈਆਂ । ਮੋਰਗਨ ਨੇ 19ਵੇਂ ਓਵਰ ਵਿੱਚ ਸਟੋਕਸ ‘ਤੇ ਲਗਾਤਾਰ ਦੋ ਛੱਕਿਆਂ ਅਤੇ ਚੌਕਿਆਂ ਦੀ ਮਦਦ ਨਾਲ 30 ਗੇਂਦਾਂ ਵਿੱਚ ਅਰਧ ਸੈਂਕੜਾ ਪੂਰਾ ਕੀਤਾ। ਪੈਟ ਕਮਿੰਸ (15) ਨੇ ਵੀ ਇਸ ਓਵਰ ਵਿੱਚ ਇੱਕ ਛੱਕਾ ਮਾਰਿਆ । ਤਿਆਗੀ ਨੇ ਆਖਰੀ ਓਵਰ ਵਿੱਚ ਕਮਿੰਸ ਨੂੰ ਵਿਕਟਕੀਪਰ ਸੈਮਸਨ ਨੂੰ ਕੈਚ ਦੇ ਦਿੱਤਾ। ਮੋਰਗਨ ਨੇ ਆਖਰੀ ਗੇਂਦ ‘ਤੇ ਛੇ ਦੌੜਾਂ ਬਣਾਈਆਂ, ਜਿਸ ਨਾਲ ਟੀਮ ਦਾ ਸਕੋਰ 190 ਹੋ ਗਿਆ।