KXIP vs DC Match: ਨਵੀਂ ਦਿੱਲੀ: ਕੇਐਲ ਰਾਹੁਲ ਦੀ ਅਗਵਾਈ ਵਾਲੀ ਕਿੰਗਜ਼ ਇਲੈਵਨ ਪੰਜਾਬ ਨੇ ਸ਼ਿਖਰ ਧਵਨ ਦੀ ਸੈਂਕੜੇ ਵਾਲੀ ਪਾਰੀ ‘ਤੇ ਪਾਣੀ ਫੇਰਦੇ ਹੋਏ ਦਿੱਲੀ ਕੈਪਿਟਲਸ ਨੂੰ 5 ਵਿਕਟਾਂ ਨਾਲ ਮਾਤ ਦੇ ਦਿੱਤੀ । ਇਹ ਪੰਜਾਬ ਦੀ ਲਗਾਤਾਰ ਤੀਜੀ ਜਿੱਤ ਹੈ। ਪੰਜਾਬ ਨੇ ਆਪਣੇ ਪਿਛਲੇ ਤਿੰਨ ਮੈਚਾਂ ਵਿੱਚ ਚੋਟੀ ਦੀਆਂ ਤਿੰਨ ਟੀਮਾਂ ਨੂੰ ਹਰਾਇਆ । ਦਿੱਲੀ ਦੇ ਲਈ ਸਿਰਫ਼ ਧਵਨ ਦਾ ਬੱਲਾ ਹੀ ਚੱਲ ਸਕਿਆ। ਆਪਣੀ ਵਧੀਆ ਸੈਂਕੜੇ ਦੀ ਪਾਰੀ ਦੇ ਅਧਾਰ ‘ਤੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਦਿੱਲੀ ਕੈਪਿਟਲਸ ਨੇ ਜਿੱਤ ਲਈ 165 ਦੌੜਾਂ ਦਾ ਟੀਚਾ ਦਿੱਤਾ ਸੀ, ਪਰ ਪੰਜਾਬ ਨੇ ਕ੍ਰਿਸ ਗੇਲ, ਨਿਕੋਲਸ ਪੂਰਨ, ਗਲੇਨ ਮੈਕਸਵੈਲ ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਪੰਜਾਬ ਨੇ ਮੈਚ ਆਸਾਨੀ ਨਾਲ ਜਿੱਤ ਲਿਆ।
ਪੰਜਾਬ ਦੀ ਤਿੱਕੜੀ ਦਾ ਕਮਾਲ
ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਦੀ ਸ਼ੁਰੂਆਤ ਵੀ ਕੁਝ ਖਾਸ ਨਹੀਂ ਰਹੀ ਸੀ। ਪੰਜਾਬ ਨੂੰ ਪਹਿਲਾ ਝਟਕਾ 17 ਦੌੜਾਂ ‘ਤੇ ਕਪਤਾਨ ਕੇ.ਐਲ. ਰਾਹੁਲ ਦੇ ਰੂਪ ਵਿੱਚ ਲੱਗਿਆ। ਇਸ ਤੋਂ ਬਾਅਦ ਕ੍ਰਿਸ ਗੇਲ ਨੇ 13 ਗੇਂਦਾਂ ‘ਤੇ 29 ਦੌੜਾਂ ਦੀ ਤੇਜ਼ ਰਫਤਾਰ ਪਾਰੀ ਖੇਡੀ, ਪਰ 52 ਦੌੜਾਂ ‘ਤੇ ਉਨ੍ਹਾਂ ਦੇ ਰੂਪ ਵਿੱਚ ਪੰਜਾਬ ਨੂੰ ਇੱਕ ਹੋਰ ਝਟਕਾ ਲੱਗਿਆ। ਇਸ ਤੋਂ ਤੁਰੰਤ ਬਾਅਦ ਮਯੰਕ ਅਗਰਵਾਲ ਵੀ ਜਲਦੀ ਆਊਟ ਹੋ ਗਏ । 56 ਦੌੜਾਂ ‘ਤੇ 3 ਵਿਕਟਾਂ ਡਿੱਗਣ ਤੋਂ ਬਾਅਦ ਨਿਕੋਲਸ ਪੂਰਨ ਅਤੇ ਗਲੇਨ ਮੈਕਸਵੈੱਲ ਨੇ ਸ਼ਾਨਦਾਰ ਸਾਂਝੇਦਾਰੀ ਕੀਤੀ ਅਤੇ ਸਕੋਰ ਨੂੰ 125 ਦੌੜਾਂ’ ਤੇ ਪਹੁੰਚਾਇਆ। ਪੂਰਨ 53 ਦੌੜਾਂ ਬਣਾ ਕੇ ਆਊਟ ਹੋ ਗਿਆ । ਇਸ ਤੋਂ ਬਾਅਦ ਮੈਕਸਵੈੱਲ ਨੇ ਪਾਰਿ ਸੰਭਾਲੀ। ਟੀਮ ਨੂੰ 147 ਦੌੜਾਂ ‘ਤੇ ਪਹੁੰਚਾ ਕੇ ਆਊਟ ਹੋ ਗਏ । 5 ਵਿਕਟਾਂ ਡਿੱਗਣ ਤੋਂ ਬਾਅਦ ਦੀਪਕ ਹੁੱਡਾ ਅਤੇ ਜਿੰਮੀ ਨੀਸ਼ਮ ਨੇ ਆਖਿਰ ਵਿੱਚ ਕੁਝ ਵੱਡੇ ਸ਼ਾਟ ਲਗਾ ਕੇ ਟੀਮ ਨੂੰ ਜਿੱਤ ਦਿਵਾਈ। ਨੀਸ਼ਮ ਨੇ ਜੇਤੂ ਛੱਕਾ ਮਾਰਿਆ ।
ਉੱਥੇ ਹੀ ਦੂਜੇ ਪਾਸੇ ਦਿੱਲੀ ਲਈ ਵਧੀਆ ਫਾਰਮ ਵਿੱਚ ਚੱਲ ਰਹੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਲਗਾਤਾਰ ਦੂਜੇ ਸੈਂਕੜੇ ਦੀ ਮਦਦ ਨਾਲ ਦਿੱਲੀ ਕੈਪਿਟਲਸ ਨੇ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਪੰਜ ਵਿਕਟਾਂ ’ਤੇ 164 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ । ਧਵਨ ਨੇ 61 ਗੇਂਦਾਂ ‘ਤੇ ਨਾਬਾਦ 106 ਦੌੜਾਂ ਬਣਾਈਆਂ । ਦਿੱਲੀ ਦੀ ਪਾਰੀ ਪੂਰੀ ਤਰ੍ਹਾਂ ਉਸ ਦੇ ਆਲੇ-ਦੁਆਲੇ ਘੁੰਮ ਰਹੀ ਸੀ ਕਿਉਂਕਿ ਉਸ ਤੋਂ ਇਲਾਵਾ ਕੋਈ ਹੋਰ 20 ਦੌੜਾਂ ਦੇ ਸਕੋਰ ‘ਤੇ ਨਹੀਂ ਪਹੁੰਚ ਸਕਿਆ।
ਦੱਸ ਦੇਈਏ ਕਿ ਪੰਜਾਬ ਵੱਲੋਂ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ 28 ਦੌੜਾਂ ਦੇ ਕੇ ਦੋ ਵਿਕਟਾਂ ਅਤੇ ਸਪਿਨਰ ਗਲੇਨ ਮੈਕਸਵੈਲ ਨੇ 31 ਦੌੜਾਂ ‘ਤੇ ਇੱਕ ਵਿਕਟ, ਮੁਰੂਗਨ ਅਸ਼ਵਿਨ ਨੇ 33 ਦੌੜਾਂ ਦੇ ਕੇ ਇੱਕ ਵਿਕਟ ਲਈ ।