MS Dhoni retires: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਇੰਗਲੈਂਡ ਵਿੱਚ ਹੋਏ 2019 ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਤੋਂ ਹਾਰਨ ਤੋਂ ਬਾਅਦ ਧੋਨੀ ਨੇ ਕੋਈ ਵੀ ਅੰਤਰਰਾਸ਼ਟਰੀ ਮੈਚ ਨਹੀਂ ਖੇਡਿਆ ਸੀ । ਉਨ੍ਹਾਂ ਦੇ ਭਵਿੱਖ ਨੂੰ ਲੈ ਕੇ ਕਿਆਸ ਲਗਾਏ ਜਾ ਰਹੇ ਸਨ, ਪਰ ਨਾ ਤਾਂ ਧੋਨੀ ਅਤੇ ਨਾ ਹੀ ਬੀਸੀਸੀਆਈ ਜਾਂ ਟੀਮ ਪ੍ਰਬੰਧਨ ਵੱਲੋਂ ਵੀ ਕੋਈ ਬਿਆਨ ਆਇਆ । ਜਿਸ ਤੋਂ ਬਾਅਦ ਧੋਨੀ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਟ ‘ਤੇ ਵੀਡੀਓ ਪੋਸਟ ਕਰਕੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਜਿਸ ਤੋਂ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਧੋਨੀ ਦੇ ਸੰਨਿਆਸ ਬਾਰੇ ਇੱਕ ਬਿਆਨ ਜਾਰੀ ਕਰਦਿਆਂ ਇਸ ਨੂੰ ਇੱਕ ਯੁੱਗ ਦਾ ਅੰਤ ਦੱਸਿਆ ਹੈ। ਇਸ ਖਬਰ ‘ਤੇ ਕ੍ਰਿਕਟ ਦੇ ਨਾਲ-ਨਾਲ ਫਿਲਮੀ ਸਿਤਾਰੇ ਵੀ ਟਵੀਟ ਕਰ ਰਹੇ ਹਨ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕਰ ਰਹੇ ਹਨ।
ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਨੇ ਵੀ ਟਵੀਟ ਕਰਕੇ ਆਪਣਾ ਪ੍ਰਤੀਕਰਮ ਦਿੱਤਾ ਹੈ । ਸਚਿਨ ਤੇਂਦੁਲਕਰ ਨੇ ਟਵੀਟ ਕਰ ਕਿਹਾ ਕਿ ਭਾਰਤੀ ਕ੍ਰਿਕਟ ਵਿੱਚ ਧੋਨੀ ਦਾ ਯੋਗਦਾਨ ਬਹੁਤ ਵੱਡਾ ਹੈ । ਉਨ੍ਹਾਂ ਨੇ 2011 ਵਿਸ਼ਵ ਕੱਪ ਦੀ ਜਿੱਤ ਨੂੰ ਧੋਨੀ ਦੇ ਨਾਲ ਸਭ ਤੋਂ ਯਾਦਗਾਰੀ ਪਲ ਦੱਸਿਆ।
ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਵੀ ਬੀਸੀਸੀਆਈ ਤੋਂ ਝਾਰਖੰਡ ਵਿੱਚ ਧੋਨੀ ਦਾ ਫੇਅਰਵੈਲ ਮੈਚ ਕਰਵਾਉਣ ਦੀ ਮੰਗ ਕੀਤੀ ਹੈ। ਆਪਣੇ ਟਵੀਟ ਵਿੱਚ ਸੋਰੇਨ ਨੇ ਕਿਹਾ ਹੈ ਕਿ ਅਸੀਂ ਸਭ ਦੇ ਚਹੇਤੇ ਝਾਰਖੰਡ ਦੇ ਲਾਲ ਮਾਹੀ ਨੂੰ ਹੁਣ ਨੀਲੀ ਜਰਸੀ ਨਹੀਂ ਵੇਖ ਸਕਾਂਗੇ, ਪਰ ਲੋਕਾਂ ਦਾ ਦਿਲ ਹਾਲੇ ਭਰਿਆ ਨਹੀਂ ਹੈ।
ਕ੍ਰਿਕਟਰ ਤੋਂ ਸਿਆਸਤਦਾਨ ਬਣੇ ਗੌਤਮ ਗੰਭੀਰ, ਕੇਂਦਰੀ ਮੰਤਰੀ ਬਾਬੁਲ ਸੁਪ੍ਰੀਯੋ, ਸਮ੍ਰਿਤੀ ਇਰਾਨੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਸ਼ਸ਼ੀ ਥਰੂਰ ਅਤੇ ਕ੍ਰਿਕਟ ਟਿੱਪਣੀਕਾਰ ਹਰਸ਼ਾ ਭੋਗਲੇ, ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ੋਏਬ ਅਖਤਰ ਸਮੇਤ ਹੋਰ ਕਈ ਨੇਤਾਵਾਂ ਨੇ ਟਵੀਟ ਕਰਕੇ ਕ੍ਰਿਕਟ ਵਿੱਚ ਧੋਨੀ ਦੇ ਯੋਗਦਾਨ ਨੂੰ ਯਾਦ ਕੀਤਾ।