New Zealand vs Pakistan 2nd Test: ਨਿਊਜ਼ੀਲੈਂਡ ਦੀ ਟੀਮ ਨੇ ਪਾਕਿਸਤਾਨ ਖਿਲਾਫ ਦੂਜੇ ਟੈਸਟ ਮੈਚ ਵਿੱਚ ਇੱਕ ਪਾਰੀ ਅਤੇ 176 ਦੌੜਾਂ ਦੀ ਜਿੱਤ ਨਾਲ ਸੀਰੀਜ਼ ਵਿੱਚ ਕਲੀਨ ਸਵੀਪ ਕੀਤਾ । ਬੁੱਧਵਾਰ ਨੂੰ ਪਾਕਸਿਤਾਨ ਨੂੰ ਦੂਜੀ ਪਾਰੀ ਵਿੱਚ 186 ਦੌੜਾਂ ‘ਤੇ ਸਮੇਟਣ ਦੇ ਨਾਲ ਹੀ ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਨੇ ਵੀ ਇਤਿਹਾਸ ਰਚ ਦਿੱਤਾ। ਕੇਨ ਵਿਲੀਅਮਸਨ ਦੀ ਕਪਤਾਨੀ ਵਿੱਚ ਨਿਊਜ਼ੀਲੈਂਡ ਨੇ ਪਹਿਲੀ ਵਾਰ ਆਈਸੀਸੀ ਰੈਂਕਿੰਗ ਵਿੱਚ ਸਿਖਰਲਾ ਸਥਾਨ ਹਾਸਿਲ ਕੀਤਾ। ਉਸ ਦੇ ਹੁਣ 3198 ਅੰਕ ਹਨ ਅਤੇ 118 ਰੇਟਿੰਗ ਨਾਲ ਆਸਟ੍ਰੇਲੀਆ ਨੂੰ ਪਛਾੜ ਦਿੱਤਾ ਹੈ।
ਪਾਕਿਸਤਾਨ ਖ਼ਿਲਾਫ਼ ਜਿੱਤ ਦੇ ਨਾਲ ਹੀ ਨਿਊਜ਼ੀਲੈਂਡ ਦੀ ਟੀਮ ਨੇ ਪਹਿਲੀ ਵਾਰ ਲਗਾਤਾਰ ਛੇ ਟੈਸਟ ਮੈਚਾਂ ਵਿੱਚ ਜਿੱਤ ਦਰਜ ਕੀਤੀ ਹੈ । ਇਹ ਉਸਦੀ ਘਰ ਵਿੱਚ ਲਗਾਤਾਰ 17ਵੀਂ ਟੈਸਟ ਜਿੱਤ ਹੈ । ਨਿਊਜ਼ੀਲੈਂਡ ਨੂੰ 2011 ਤੋਂ ਹੁਣ ਤੱਕ ਆਪਣੇ ਘਰ ਵਿੱਚ ਏਸ਼ੀਆ ਦੀ ਕਿਸੇ ਵੀ ਟੀਮ ਤੋਂ ਹਾਰ ਨਹੀਂ ਮਿਲੀ ਹੈ।
ਜੇਕਰ ਇੱਥੇ ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਦੀ ਗੱਲ ਕੀਤੀ ਜਾਵੇ ਤਾਂ ਨਿਊਜ਼ੀਲੈਂਡ ਦੀ ਟੀਮ ਅਜੇ ਵੀ ਤੀਜੇ ਸਥਾਨ ‘ਤੇ ਹੈ, ਹਾਲਾਂਕਿ ਉਸ ਨੇ ਨਵੇਂ ਬਣੇ ਅੰਕ ਨਾਲ ਆਪਣੀ ਸਥਿਤੀ ਮਜ਼ਬੂਤ ਕੀਤੀ ਹੈ। ਕੀਵੀ ਟੀਮ ਦੇ ਹੁਣ ਪੰਜ ਸੀਰੀਜ਼ ਤੋਂ ਬਾਅਦ 420 ਅੰਕ ਹਨ ਅਤੇ ਉਨ੍ਹਾਂ ਦੀ ਜਿੱਤ ਦੀ ਪ੍ਰਤੀਸ਼ਤਤਾ ਵੀ 70 ਹੋ ਗਈ ਹੈ । ਜਦ ਕਿ ਇਸ ਮਾਮਲੇ ਵਿੱਚ ਆਸਟ੍ਰੇਲੀਆ 76.7 ਦੀ ਜਿੱਤ ਪ੍ਰਤੀਸ਼ਤ ਅਤੇ ਭਾਰਤ 72.2 ਪ੍ਰਤੀਸ਼ਤ ਦੇ ਨਾਲ ਪਹਿਲੇ ਅਤੇ ਦੂਜੇ ਸਥਾਨ ‘ਤੇ ਹਨ।
ਉੱਥੇ ਹੀ ਜੇਕਰ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਕਰੀਅਰ ਦੀ ਸਭ ਤੋਂ ਵਧੀਆ ਟੈਸਟ ਰੈਂਕਿੰਗ ਹਾਸਿਲ ਕੀਤੀ ਸੀ। ਉਨ੍ਹਾਂ ਨੇ ਵਿਰਾਟ ਕੋਹਲੀ ਅਤੇ ਸਟੀਵ ਸਮਿਥ ਨੂੰ ਪਛਾੜਦੇ ਹੋਏ ਪਹਿਲੇ ਨੰਬਰ ‘ਤੇ ਕਬਜ਼ਾ ਕੀਤਾ ਸੀ। ਵਿਲੀਅਮਸਨ ਨੇ ਪਾਕਿਸਤਾਨ ਦੇ ਖਿਲਾਫ ਦੂਜੇ ਟੈਸਟ ਮੈਚ ਵਿੱਚ 238 ਦੌੜਾਂ ਬਣਾਈਆਂ ਅਤੇ ਇਹ ਉਨ੍ਹਾਂ ਦਾ ਆਖਰੀ ਤਿੰਨ ਮੈਚਾਂ ਵਿਚ ਦੂਜਾ ਦੋਹਰਾ ਸੈਂਕੜਾ ਸੀ।
ਇਹ ਵੀ ਦੇਖੋ: ਮੋਦੀ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰ ਦੇ ਸਵਾਲਾਂ ਤੇ ਕਿਉਂ ਭੜਕਿਆ ਹਰਜੀਤ ਗਰੇਵਾਲ ?