ਮੁਹੰਮਦ ਰਿਜਵਾਨ ਦੀ ਯਾਦਗਾਰ ਸੈਂਕੜੇ ਵਾਲੀ ਪਾਰੀ ਦੇ ਦਮ ‘ਤੇ ਪਾਕਿਸਤਾਨ ਨੇ ਵਿਸ਼ਵ ਰਿਕਾਰਡ ਬਣਾ ਦਿੱਤਾ ਹੈ। ICC ਵਿਸ਼ਵ ਕੱਪ 2023 ਦੇ 8ਵੇਂ ਮੈਚ ਵਿੱਚ ਬਾਬਰ ਆਜ਼ਮ ਐਂਡ ਕੰਪਨੀ ਨੇ ਸ਼੍ਰੀਲੰਕਾ ਨੂੰ 6 ਵਿਕਟਾਂ ਨਾਲ ਮਾਤ ਦਿੱਤੀ। ਇਸਦੇ ਨਾਲ ਹੀ ਪਾਕਿਸਤਾਨ ਨੇ ਵਿਸ਼ਵ ਕੱਪ ਇਤਿਹਾਸ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਚੇਜ਼ ਸਫਲਤਾਪੂਰਵਕ ਹਾਸਿਲ ਕਰਦਿਆਂ ਇਤਿਹਾਸ ਰਚ ਦਿੱਤਾ ਹੈ। ਇਸਦੇ ਨਾਲ ਹੀ ਕਈ ਹੋਰ ਵੱਡੇ ਰਿਕਾਰਡਾਂ ਨੂੰ ਪਾਕਿਸਤਾਨ ਨੇ ਚਕਨਾਚੂਰ ਕਰ ਦਿੱਤਾ।
ICC ਵਨਡੇ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਹੁਣ ਪਾਕਿਸਤਾਨ ਸਭ ਤੋਂ ਵੱਡੇ ਟੀਚੇ ਦਾ ਸਫਲ ਪਿੱਛਾ ਕਰਦੇ ਹੋਏ ਜਿੱਤ ਹਾਸਿਲ ਕਰਨ ਵਾਲੀ ਟੀਮ ਬਣ ਗਈ ਹੈ। ਸਾਲ 2011 ਵਿੱਚ ਖੇਡੇ ਗਏ ਵਿਸ਼ਵ ਕੱਪ ਵਿੱਚ ਇੰਗਲੈਂਡ ਖਿਲਾਫ਼ ਆਇਰਲੈਂਡ ਦਾ ਕੀਤਾ ਗਿਆ ਕਮਾਲ ਹੁਣ ਤੱਕ ਰਿਕਾਰਡ ਦੇ ਪੰਨਿਆਂ ਵਿੱਚ ਪਹਿਲੇ ਨੰਬਰ ‘ਤੇ ਸੀ ਪਰ ਪਾਕਿਸਤਾਨ ਨੇ ਇਸਨੂੰ ਪਿੱਛੇ ਛੱਡ ਦਿੱਤਾ। 328 ਦੌੜਾਂ ਦੇ ਟੀਚੇ ਨੂੰ ਆਇਰਲੈਂਡ ਨੇ ਹਾਸਿਲ ਕੀਤਾ ਸੀ ਜਦਕਿ ਪਾਕਿਸਤਾਨ ਦੀ ਟੀਮ ਨੇ 345 ਦੌੜਾਂ ਦੇ ਟੀਚੇ ਨੂੰ ਹਾਸਿਲ ਕਰ ਜਿੱਤ ਦਰਜ ਕੀਤੀ।
ਦੱਸ ਦੇਈਏ ਕਿ ਪਾਕਿਸਤਾਨ ਦੀ ਟੀਮ ਵਨਡੇ ਵਿੱਚ ਸ਼੍ਰੀਲੰਕਾ ਦੇ ਖਿਲਾਫ਼ ਸਭ ਤੋਂ ਵੱਡਾ ਟੀਚਾ ਹਾਸਿਲ ਕਰਨ ਵਾਲੀ ਟੀਮ ਬਣ ਗਈ ਹੈ। ਇਸਦੇ ਨਾਲ ਹੀ ਵਨਡੇ ਕ੍ਰਿਕਟ ਵਿੱਚ ਇਹ ਪਾਕਿਸਤਾਨ ਦਾ ਦੂਜਾ ਸਭ ਤੋਂ ਵੱਡਾ ਚੇਜ਼ ਹੈ। ਵਿਸ਼ਵ ਕੱਪ ਦੇ ਇਤਿਹਾਸ ਵਿੱਚ ਪਾਕਿਸਤਾਨ ਨੇ ਸ਼੍ਰੀਲੰਕਾ ਦੇ ਖਿਲਾਫ਼ ਬਿਨ੍ਹਾਂ ਕੋਈ ਮੈਚ ਗਵਾਏ ਇਹ ਲਗਾਤਾਰ ਅੱਠਵੀਂ ਜਿੱਤ ਦਰਜ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: