Pakistan Cricket Team Depart: ਕੋਰੋਨਾ ਤੋਂ ਬਾਅਦ ਕ੍ਰਿਕਟ ਹੁਣ ਹੌਲੀ-ਹੌਲੀ ਮੈਦਾਨ ‘ਤੇ ਪਰਤਣ ਲਈ ਤਿਆਰ ਹੈ। ਲਗਭਗ 4 ਮਹੀਨਿਆਂ ਦੇ ਲੰਬੇ ਬਰੇਕ ਤੋਂ ਬਾਅਦ ਅਗਲੇ ਮਹੀਨੇ ਇੰਗਲੈਂਡ ਅਤੇ ਵੈਸਟਇੰਡੀਜ਼ ਵਿਚਾਲੇ ਇੱਕ ਸੀਰੀਜ਼ ਹੋਵੇਗੀ। ਇਸ ਤੋਂ ਬਾਅਦ ਪਾਕਿਸਤਾਨ ਇੰਗਲੈਂਡ ਵਿੱਚ ਟੈਸਟ ਸੀਰੀਜ਼ ਵੀ ਖੇਡੇਗਾ । ਇਸ ਲੜੀ ਲਈ ਪਾਕਿਸਤਾਨ ਦੀ ਕ੍ਰਿਕਟ ਟੀਮ 28 ਜੂਨ ਨੂੰ ਇੰਗਲੈਂਡ ਲਈ ਰਵਾਨਾ ਹੋਵੇਗੀ। ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਸ਼ਨੀਵਾਰ 20 ਜੂਨ ਨੂੰ ਇਸ ਦੀ ਘੋਸ਼ਣਾ ਕੀ ਤੀ।
ਕੋਰੋਨਾ ਦੇ ਮੱਦੇਨਜ਼ਰ ਪਾਕਿਸਤਾਨ ਨੇ ਇਸ ਦੌਰੇ ਲਈ 29 ਮੈਂਬਰਾਂ ਦੀ ਇੱਕ ਟੀਮ ਦੀ ਚੋਣ ਕੀਤੀ ਹੈ। ਪਾਕਿਸਤਾਨ ਦੀ ਟੀਮ ਮੇਜ਼ਬਾਨ ਇੰਗਲੈਂਡ ਖਿਲਾਫ ਤਿੰਨ ਟੀ-20 ਅਤੇ 3 ਟੈਸਟ ਮੈਚਾਂ ਦੀ ਲੜੀ ਖੇਡੇਗੀ । ਇਹ ਸਿਲਸਿਲਾ ਜੁਲਾਈ ਦੇ ਆਖਰੀ ਹਫ਼ਤੇ ਸ਼ੁਰੂ ਹੋਵੇਗਾ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀਸੀਬੀ ਨੇ ਕਿਹਾ ਕਿ ਪਾਕਿਸਤਾਨੀ ਟੀਮ ਨੂੰ 14 ਦਿਨਾਂ ਲਈ ਡਰਬੀਸ਼ਾਇਰ ਵਿੱਚ ਕੁਆਰੰਟੀਨ ਵਿੱਚ ਰਹਿਣਾ ਹੋਵੇਗਾ । ਇਸ ਦੌਰਾਨ ਟੀਮ ਟ੍ਰੇਨਿੰਗ ਵਿੱਚ ਹਿੱਸਾ ਲੈ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ 29 ਮੈਂਬਰਾਂ ਦੀ ਟੀਮ ਇਸ ਲਈ ਲੈ ਕੇ ਜਾ ਰਿਹਾ ਹੈ ਤਾਂ ਜੋ ਖਿਡਾਰੀ 2 ਜਾਂ 3 ਸਮੂਹਾਂ ਵਿੱਚ ਅਭਿਆਸ ਮੈਚ ਖੇਡ ਸਕਣ। ਇੰਗਲੈਂਡ ਕੋਲ ਇਸ ਸਮੇਂ ਅਭਿਆਸ ਮੈਚ ਖੇਡਣ ਲਈ ਸਥਾਨਕ ਟੀਮਾਂ ਦੀ ਘਾਟ ਹੈ, ਇਸ ਲਈ ਇਹ ਫੈਸਲਾ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੈਸਟਇੰਡੀਜ਼ ਦੀ ਟੀਮ ਵੀ ਪਿਛਲੇ ਹਫਤੇ ਇੰਗਲੈਂਡ ਪਹੁੰਚੀ ਸੀ । ਕੈਰੇਬੀਅਨ ਖਿਡਾਰੀ ਇਸ ਸਮੇਂ ਮੈਨਚੇਸਟਰ ਵਿੱਚ ਕੁਆਰੰਟੀਨ ਵਿੱਚ ਅਭਿਆਸ ਕਰ ਰਹੇ ਹਨ। ਵੈਸਟਇੰਡੀਜ਼ ਦੀ ਟੀਮ ਇੰਗਲੈਂਡ ਖਿਲਾਫ 3 ਟੈਸਟ ਮੈਚ ਖੇਡਣ ਜਾ ਰਹੀ ਹੈ ਅਤੇ ਇਹ ਮੈਚ ਸਾਊਥਹੈਮਪਟਨ ਅਤੇ ਮੈਨਚੇਸਟਰ ਵਿੱਚ ਖੇਡੇ ਜਾਣਗੇ ।
ਦੱਸ ਦੇਈਏ ਕਿ ਵੈਸਟਇੰਡੀਜ਼ ਅਤੇ ਇੰਗਲੈਂਡ ਵਿਚਾਲੇ ਟੈਸਟ ਲੜੀ 8 ਜੁਲਾਈ ਤੋਂ ਸ਼ੁਰੂ ਹੋਵੇਗੀ ਅਤੇ 28 ਜੁਲਾਈ ਤੱਕ ਚੱਲੇਗੀ । ਇਸ ਦੇ ਨਾਲ ਹੀ ਪਾਕਿਸਤਾਨ ਅਤੇ ਇੰਗਲੈਂਡ ਵਿਚਾਲੇ ਪਹਿਲਾ ਟੈਸਟ ਮੈਚ 30 ਜੁਲਾਈ ਤੋਂ ਖੇਡਿਆ ਜਾਵੇਗਾ । ਇੰਗਲੈਂਡ ਦੀ ਟੀਮ ਇਹ ਮੈਚ ਵੈਸਟਇੰਡੀਜ਼ ਅਤੇ ਪਾਕਿਸਤਾਨ ਖ਼ਿਲਾਫ਼ ਖਾਲੀ ਸਟੇਡੀਅਮ ਵਿੱਚ ਖੇਡੇਗੀ।