ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਬਾਬਰ ਆਜ਼ਮ ਨੇ ਵੱਡੀ ਉਪਲਬਧੀ ਹਾਸਿਲ ਕੀਤੀ ਹੈ। ਉਸ ਨੂੰ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਵੱਲੋਂ ਸਾਲ 2021 ਦਾ ਸਰਵੋਤਮ ਵਨਡੇ ਕ੍ਰਿਕਟਰ ਐਲਾਨਿਆ ਗਿਆ ਹੈ । ਵੱਡੀ ਗੱਲ ਇਹ ਹੈ ਕਿ ਬਾਬਰ ਨੇ ਪਿਛਲੇ ਸਾਲ ਸਿਰਫ 6 ਵਨਡੇ ਮੈਚ ਹੀ ਖੇਡੇ, ਪਰ ਇਸ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਕਾਫੀ ਵਧੀਆ ਰਿਹਾ ਸੀ । ਇਸ ਦੇ ਨਾਲ ਹੀ ਮਹਿਲਾਵਾਂ ਵਿੱਚ ਵਨਡੇ ਕ੍ਰਿਕਟਰ ਆਫ ਦ ਈਅਰ 2021 ਦਾ ਖਿਤਾਬ ਦੱਖਣੀ ਅਫਰੀਕਾ ਦੀ ਲੀਜ਼ਲ ਲੀ ਨੂੰ ਮਿਲਿਆ ਹੈ।
ਇਸ ਖਿਤਾਬ ਲਈ ਬਾਬਰ ਆਜ਼ਮ ਦਾ ਮੁਕਾਬਲਾ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ, ਦੱਖਣੀ ਅਫਰੀਕਾ ਦੇ ਜਾਨੇਮਨ ਮਲਾਨ ਅਤੇ ਆਇਰਲੈਂਡ ਦੇ ਪਾਲ ਸਟਰਲਿੰਗ ਨਾਲ ਸੀ। ਪਿਛਲੇ ਸਾਲ ਸਟਰਲਿੰਗ ਨੇ 14 ਵਨਡੇ ਮੈਚਾਂ ਵਿੱਚ ਸਭ ਤੋਂ ਵੱਧ 705 ਦੌੜਾਂ ਬਣਾਈਆਂ, ਜਦਕਿ ਦੂਜੇ ਨੰਬਰ ‘ਤੇ ਜਾਨੇਮਨ ਮਲਾਨ ਨੇ 8 ਵਨਡੇ ਮੈਚਾਂ ਵਿੱਚ 509 ਦੌੜਾਂ ਬਣਾਈਆਂ ਸਨ । ਉੱਥੇ ਹੀ ਬਾਬਰ ਆਜ਼ਮ ਇਸ ਮਾਮਲੇ ‘ਚ 7ਵੇਂ ਨੰਬਰ ‘ਤੇ ਰਹੇ।
ਇਹ ਵੀ ਪੜ੍ਹੋ: ਓਮੀਕ੍ਰੋਨ ਦੀ ਲਪੇਟ ‘ਚ ਆਏ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਕੁਝ ਦਿਨ ਰਹਿਣਗੇ ICU ‘ਚ
ਬਾਬਰ ਆਜ਼ਮ ਨੇ ਪਿਛਲੇ ਸਾਲ ਸਿਰਫ 6 ਵਨਡੇ ਖੇਡੇ, ਜਿਸ ਵਿੱਚ 67.50 ਦੀ ਔਸਤ ਨਾਲ 405 ਦੌੜਾਂ ਬਣਾਈਆਂ । ਇਸ ਦੌਰਾਨ ਬਾਬਰ ਨੇ ਦੋ ਸੈਂਕੜੇ ਵੀ ਲਗਾਏ । ਉਸ ਦਾ ਸਰਵੋਤਮ ਸਕੋਰ 158 ਦੌੜਾਂ ਸੀ । ਬਾਬਰ ਨੇ ਪਿਛਲੇ ਸਾਲ ਸਿਰਫ ਦੋ ਸੀਰੀਜ਼ ਖੇਡੀਆਂ ਸਨ। ਜਿਸ ਵਿੱਚ ਦੱਖਣੀ ਅਫਰੀਕਾ ਖਿਲਾਫ 2-1 ਨਾਲ ਜਿੱਤ ਦਰਜ ਕੀਤੀ ਸੀ । ਬਾਬਰ ਇਸ ਸੀਰੀਜ਼ ਵਿੱਚ 228 ਦੌੜਾਂ ਬਣਾ ਕੇ ਦੂਜੇ ਸਰਵੋਤਮ ਸਕੋਰਰ ਰਹੇ ਸਨ ।
ਦੱਸ ਦੇਈਏ ਕਿ ਇਸ ਤੋਂ ਬਾਅਦ ਪਾਕਿਸਤਾਨ ਨੂੰ ਇੰਗਲੈਂਡ ਦੀ ਟੀਮ ਨੇ 3-0 ਨਾਲ ਹਰਾਇਆ ਸੀ । ਉਸ ਸੀਰੀਜ਼ ਵਿੱਚ ਬਾਬਰ ਨੇ 177 ਦੌੜਾਂ ਬਣਾਈਆਂ ਸਨ । ਬਾਬਰ ਨੂੰ ਇਸ ਸੀਰੀਜ਼ ਵਿੱਚ ਕਿਸੇ ਹੋਰ ਬੱਲੇਬਾਜ਼ ਦਾ ਸਾਥ ਨਹੀਂ ਮਿਲਿਆ, ਜਿਸ ਕਾਰਨ ਟੀਮ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ । ਬਾਬਰ ਤੋਂ ਇਲਾਵਾ ਕੋਈ ਵੀ ਪਾਕਿਸਤਾਨੀ ਬੱਲੇਬਾਜ਼ ਇੰਗਲੈਂਡ ਖਿਲਾਫ ਸੀਰੀਜ਼ ਵਿੱਚ 100 ਦੌੜਾਂ ਦਾ ਅੰਕੜਾ ਨਹੀਂ ਛੂਹ ਸਕਿਆ ਸੀ ।
ਵੀਡੀਓ ਲਈ ਕਲਿੱਕ ਕਰੋ -: