RCB vs DC IPL 2020: ਆਈਪੀਐਲ ਦੇ 13ਵੇਂ ਸੀਜ਼ਨ ਦੇ 19ਵੇਂ ਮੈਚ ਵਿੱਚ ਦਿੱਲੀ ਕੈਪੀਟਲਸ (DC) ਨੇ ਬਾਜ਼ੀ ਮਾਰੀ। ਦਿੱਲੀ ਨੇ ਸੋਮਵਾਰ ਰਾਤ ਦੁਬਈ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਨੂੰ 59 ਦੌੜਾਂ ਨਾਲ ਹਰਾਇਆ। 197 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਬੰਗਲੌਰ ਦੀ ਟੀਮ ਨਿਰਧਾਰਤ 20 ਓਵਰਾਂ ਵਿੱਚ ਸਿਰਫ 137/9 ਦੌੜਾਂ ਹੀ ਬਣਾ ਸਕੀ । ਵਿਰਾਟ ਬ੍ਰਿਗੇਡ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕੈਗਿਸੋ ਰਬਾਡਾ ਦੀ ਰਫਤਾਰ ਦੇ ਅੱਗੇ ਨਹੀਂ ਵੱਧ ਸਕਿਆ।
ਇਸ ਦੇ ਨਾਲ ਹੀ ਸ਼੍ਰੇਅਸ ਅਈਅਰ ਦੀ ਕਪਤਾਨੀ ਵਾਲੀ ਦਿੱਲੀ ਦੀ ਟੀਮ ਪੁਆਇੰਟ ਟੇਬਲ ਵਿੱਚ ਚੋਟੀ ‘ਤੇ ਪਹੁੰਚ ਗਈ ਹੈ। ਪੰਜ ਮੈਚਾਂ ਵਿੱਚ ਚਾਰ ਜਿੱਤਾਂ ਨਾਲ 8 ਅੰਕ ਹਨ, ਜਦੋਂਕਿ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਬੈਂਗਲੁਰੂ ਦੀ ਟੀਮ ਲਈ ਪੰਜ ਮੈਚਾਂ ਵਿੱਚ ਇਹ ਦੂਜੀ ਹਾਰ ਹੈ। 43 ਦੇ ਸਕੋਰ ‘ਤੇ ਤੀਸਰੀ ਵਿਕਟ ਗਵਾਉਣ ਤੋਂ ਬਾਅਦ ਬੈਂਗਲੁਰੂ ਦੀ ਟੀਮ ‘ਤੇ ਅਜਿਹਾ ਦਬਾਅ ਸੀ ਕਿ ਉਹ ਇਸ ‘ਤੇ ਕਾਬੂ ਨਹੀਂ ਪਾ ਸਕੀ । ਕਪਤਾਨ ਵਿਰਾਟ ਕੋਹਲੀ (43) ਵੀ ਇਸ ਦਬਾਅ ਦਾ ਸਾਹਮਣਾ ਨਹੀਂ ਕਰ ਸਕੇ । ਉਨ੍ਹਾਂ ਤੋਂ ਇਲਾਵਾ ਕੋਈ ਵੀ RCB ਦਾ ਬੱਲੇਬਾਜ਼ 20 ਦੌੜਾਂ ਦੇ ਅੰਕੜੇ ਨੂੰ ਵੀ ਨਹੀਂ ਛੂਹ ਸਕਿਆ । ਚੋਟੀ ਦੇ ਕ੍ਰਮ ਵਿੱਚ ਦੇਵਦੱਤ ਪਡਿਕਲ (4), ਐਰੋਨ ਫਿੰਚ (13) ਅਤੇ ਏਬੀ ਡੀਵਿਲੀਅਰਜ਼ (9) ਕੁਝ ਨਹੀਂ ਕਰ ਸਕੇ। ਕੈਗੀਸੋ ਰਬਾਡਾ ਨੇ 4 ਓਵਰਾਂ ਵਿੱਚ 24 ਦੌੜਾਂ ਦੇ ਕੇ 4 ਵਿਕਟਾਂ ਲਈਆਂ । ਤੇਜ਼ ਗੇਂਦਬਾਜ਼ ਐਨਰਿਕ ਨੌਰਟਜੇ ਅਤੇ ਖੱਬੇ ਹੱਥ ਦੇ ਸਪਿੰਨਰ ਅਕਸ਼ਰ ਪਟੇਲ ਨੂੰ 2-2 ਵਿਕਟਾਂ ਮਿਲੀਆਂ । ਸਟਾਰ ਆਫ ਸਪਿਨਰ ਆਰ.ਅਸ਼ਵਿਨ ਨੇ ਇੱਕ ਵਿਕਟ ਹਾਸਿਲ ਕੀਤੀ।
RCB ਦੀ ਬੇਹੱਦ ਖਰਾਬ ਸ਼ੁਰੂਆਤ
ਟੀਚੇ ਦਾ ਪਿੱਛਾਕਰਨ ਉਤਰੀ RCB ਸ਼ੁਰੂਆਤ ਬੇਹੱਦ ਖਰਾਬ ਰਹੀ। ਰਬਾਡਾ ਨੇ ਪਾਰੀ ਦੇ ਪਹਿਲੇ ਓਵਰ ਵਿੱਚ ਐਰੋਨ ਫਿੰਚ ਦਾ ਸੌਖਾ ਕੈਚ ਛੱਡਿਆ, ਹਾਲਾਂਕਿ ਉਸ ਨੇ ਖਾਤਾ ਨਹੀਂ ਖੋਲ੍ਹਿਆ ਸੀ। ਨੌਰਟਜੇ ਦੇ ਅਗਲੇ ਓਵਰ ਵਿੱਚ ਧਵਨ ਨੇ ਵੀ ਪਹਿਲੀ ਸਲਿੱਪ ਵਿੱਚ ਫਿੰਚ ਦਾ ਕੈਚ ਛੱਡ ਦਿੱਤਾ । ਦੇਵਦੱਤ ਪਡਿਕਲ (4) ਨੇ ਹਾਲਾਂਕਿ ਮਾਰਕੁਸ ਸਟੋਨੀਸ ਨੂੰ ਅਸ਼ਵਿਨ ਦੇ ਹੱਥੋਂ ਆਸਾਨ ਕੈਚ ਦੇ ਦਿੱਤਾ । ਕਪਤਾਨ ਕੋਹਲੀ ਨੇ ਅਕਸ਼ਰ ‘ਤੇ ਚੌਕੇ ਦੀ ਮਦਦ ਨਾਲ ਖਾਤਾ ਖੋਲ੍ਹਿਆ, ਪਰ ਖੱਬੇ ਹੱਥ ਦੇ ਸਪਿਨਰ ਨੇ ਵਿਕਟਕੀਪਰ ਪੰਤ ਨੂੰ ਕੈਚ ਕਰਾ ਦਿੱਤਾ। ਉਸਨੇ 13 ਦੌੜਾਂ ਬਣਾਈਆਂ । ਕੋਹਲੀ ਤੇਜ਼ ਗੇਂਦਬਾਜ਼ ਹਰਸ਼ਲ ਪਟੇਲ ’ਤੇ ਚੌਕਿਆਂ ਦੀ ਮਦਦ ਨਾਲ 10 ਦੌੜਾਂ ਬਣਾਉਂਦੇ ਹੀ ਟੀ -20 ਕ੍ਰਿਕਟ ਵਿੱਚ ਨੌਂ ਹਜ਼ਾਰ ਦੌੜਾਂ ਬਣਾਉਣ ਵਾਲਾ ਪਹਿਲਾ ਭਾਰਤੀ ਬੱਲੇਬਾਜ਼ ਬਣ ਗਿਆ ।
ਕੋਹਲੀ ਨੇ 39 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਦੋ ਚੌਕੇ ਅਤੇ ਇੱਕ ਛੱਕਾ ਮਾਰਿਆ। ਸ਼ਿਵਮ ਦੂਬੇ ਨੇ 15ਵੇਂ ਓਵਰ ਵਿੱਚ ਅਸ਼ਵਿਨ ‘ਤੇ ਇੱਕ ਛੱਕੇ ਦੀ ਮਦਦ ਨਾਲ RCB ਦਾ ਸਕੋਰ 100 ਦੌੜਾਂ ’ਤੇ ਪਹੁੰਚਾਇਆ । ਆਰਸੀਬੀ ਨੂੰ ਆਖਰੀ ਪੰਜ ਓਵਰਾਂ ਵਿੱਚ ਜਿੱਤ ਲਈ 92 ਦੌੜਾਂ ਦੀ ਲੋੜ ਸੀ । ਰਬਾਡਾ ਨੇ ਇਸ ਤੋਂ ਬਾਅਦ ਦੁਬੇ (11), ਵਾਸ਼ਿੰਗਟਨ ਸੁੰਦਰ (17) ਅਤੇ ਈਸੁਰ ਉਦਾਨਾ (1) ਨੂੰ ਪਵੇਲੀਅਨ ਭੇਜ ਕੇ ਦਿੱਲੀ ਦੀ ਜਿੱਤ ਯਕੀਨੀ ਬਣਾਈ।
ਦਿੱਲੀ ਕੈਪੀਟਲਸ ਨੇ ਬਣਾਈਆਂ 196 ਦੌੜਾਂ
ਮਾਰਕਸ ਸਟੋਨੀਸ ਦੀ ਅਗਵਾਈ ਵਿੱਚ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਦਿੱਲੀ ਕੈਪੀਟਲਸ ਨੇ ਚਾਰ ਵਿਕਟਾਂ ਦੇ ਨੁਕਸਾਨ ’ਤੇ 196 ਦੌੜਾਂ ਬਣਾਈਆਂ । ਸਟੋਨੀਸ ਨੇ 26 ਗੇਂਦਾਂ ਵਿੱਚ ਦੋ ਛੱਕਿਆਂ ਅਤੇ ਛੇ ਚੌਕਿਆਂ ਦੀ ਮਦਦ ਨਾਲ ਨਾਬਾਦ 53 ਦੌੜਾਂ ਬਣਾਈਆਂ । ਉਸਨੇ ਰਿਸ਼ਭ ਪੰਤ (37) ਨਾਲ ਚੌਥੇ ਵਿਕਟ ਲਈ 89 ਦੌੜਾਂ ਜੋੜੀਆਂ । ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾ (42) ਅਤੇ ਸ਼ਿਖਰ ਧਵਨ (32) ਨੇ ਵੀ ਲਾਭਦਾਇਕ ਪਾਰੀ ਖੇਡੀ। ਸਟੋਨੀਸ ਅਤੇ ਪੰਤ ਨੇ ਡੈਥ ਓਵਰਾਂ ਵਿੱਚ ਤੇਜ਼ੀ ਨਾਲ ਬੱਲੇਬਾਜ਼ੀ ਕੀਤੀ ਅਤੇ ਆਖਰੀ ਸੱਤ ਓਵਰਾਂ ਵਿੱਚ ਦਿੱਲੀ ਦੀ ਟੀਮ ਨੂੰ 94 ਦੌੜਾਂ ਦੀ ਸਾਂਝੇਦਾਰੀ ਕੀਤੀ । ਆਰਸੀਬੀ ਲਈ ਮੁਹੰਮਦ ਸਿਰਾਜ ਸਭ ਤੋਂ ਸਫਲ ਗੇਂਦਬਾਜ਼ ਰਿਹਾ, ਉਸਨੇ 34 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।