RCB vs KKR IPL 2020: ਨਵੀਂ ਦਿੱਲੀ: ਏਬੀ ਡਿਵਿਲੀਅਰਜ਼ ਅਤੇ ਵਾਸ਼ਿੰਗਟਨ ਸੁੰਦਰ ਦੇ ਤੂਫਾਨ ਦੇ ਅੱਗੇ ਕੋਲਕਾਤਾ ਨਾਈਟ ਰਾਈਡਰਜ਼ ਦਾ ਕੋਈ ਵੀ ਖਿਡਾਰੀ ਟਿਕ ਨਹੀਂ ਸਕਿਆ, ਫਿਰ ਭਾਵੇਂ ਉਹ ਗੇਂਦਬਾਜ਼ ਹੈ ਜਾਂ ਫਿਰ ਬੱਲੇਬਾਜ਼ । ਗੇਂਦਬਾਜ਼ ਡਿਵਿਲੀਅਰਜ਼ ਦੀ ਤੂਫਾਨੀ ਪਾਰੀ ਦੇ ਸਾਹਮਣੇ ਹਿੱਲ ਗਏ ਤਾਂ ਬੱਲੇਬਾਜ਼ ਸੁੰਦਰ ਦੀ ਖਤਰਨਾਕ ਗੇਂਦਬਾਜ਼ੀ ਦੇ ਸਾਹਮਣੇ ਟਿਕ ਹੀ ਨਹੀਂ ਸਕੇ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਆਸਾਨੀ ਨਾਲ KKR ਨੂੰ 82 ਦੌੜਾਂ ਨਾਲ ਹਰਾ ਦਿੱਤਾ । ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ RCB ਨੇ ਤੈਅ ਕੀਤੇ ਓਵਰ ਵਿੱਚ 194 ਦੌੜਾਂ ਬਣਾ ਕੇ KKR ਨੂੰ 195 ਦੌੜਾਂ ਦਾ ਵੱਡਾ ਟੀਚਾ ਦਿੱਤਾ, ਪਰ ਇਸ ਵੱਡੇ ਟੀਚੇ ਦੇ ਅਧੀਨ KKR ਪੂਰੀ ਤਰ੍ਹਾਂ ਦੱਬ ਗਈ ਅਤੇ ਨਿਰਧਾਰਤ ਓਵਰ ਵਿੱਚ 9 ਵਿਕਟਾਂ ਦੇ ਨੁਕਸਾਨ ‘ਤੇ 112 ਦੌੜਾਂ ਹੀ ਬਣਾ ਸਕੀ।
ਇਸ ਜਿੱਤ ਦੇ ਨਾਲ RCB ਪੁਆਇੰਟ ਟੇਬਲ ਵਿੱਚ ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪਿਟਲਸ ਤੋਂ ਬਾਅਦ ਤੀਜੇ ਸਥਾਨ ‘ਤੇ ਆ ਗਈ ਹੈ। ਕੋਹਲੀ ਨੇ 6 ਗੇਂਦਬਾਜ਼ਾਂ ਨੂੰ ਅਜ਼ਮਾਇਆ ਅਤੇ ਸਾਰਿਆਂ ਨੂੰ KKR ਵਿਰੁੱਧ ਸਫਲਤਾ ਮਿਲੀ । ਕ੍ਰਿਸ ਮੌਰਿਸ ਅਤੇ ਵਾਸ਼ਿੰਗਟਨ ਸੁੰਦਰ ਨੇ ਦੋ-ਦੋ ਵਿਕਟਾਂ ਲਈਆਂ, ਜਦਕਿ ਨਵਦੀਪ ਸੈਣੀ, ਮੁਹੰਮਦ ਸਿਰਾਜ, ਯੂਜ਼ਵੇਂਦਰ ਚਾਹਲ ਅਤੇ ਈਸਰੂ ਉਡਾਨਾ ਨੇ 1-1 ਵਿਕਟ ਹਾਸਿਲ ਕੀਤੀ।
ਦਬਾਅ ਬਣਾਉਣ ‘ਚ ਕਾਮਯਾਬ ਰਹੇ RCB ਦੇ ਗੇਂਦਬਾਜ਼
KKR ਨੂੰ 195 ਦੌੜਾਂ ਦਾ ਵੱਡਾ ਟੀਚਾ ਦੇਣ ਵਿੱਚ ਸਫਲ ਰਹਿਣ ਨਾਲ ਉਤਸ਼ਾਹਿਤ RCB ਨੇ ਗੇਂਦਬਾਜ਼ੀ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ । ਗੇਂਦਬਾਜ਼ ਸ਼ੁਰੂ ਤੋਂ ਹੀ ਦਬਾਅ ਬਣਾਉਣ ਵਿੱਚ ਸਫਲ ਰਹੇ। ਨਵਦੀਪ ਸੈਣੀ ਨੇ 23 ਦੌੜਾਂ ‘ਤੇ ਹੀ ਡੈਬਿਊ ਮੈਚ ਖੇਡ ਰਹੇ ਟੌਮ ਬੇਂਟਨ ਨੂੰ ਬੋਲਡ ਕਰ ਕੇ KKR ਨੂੰ ਪਹਿਲਾ ਝਟਕਾ ਦੇ ਦਿੱਤਾ । ਹਾਲਾਂਕਿ, ਇਸ ਝਟਕੇ ਤੋਂ ਬਾਅਦ ਵੀ ਟੀਮ ਸੰਭਲ ਨਹੀਂ ਸਕੀ। KKR ਨੂੰ ਦੂਜਾ ਝਟਕਾ ਨਿਤੀਸ਼ ਰਾਣਾ ਦੇ ਰੂਪ ਵਿੱਚ 51 ਦੌੜਾਂ ‘ਤੇ ਲੱਗਿਆ । ਰਾਣਾ ਨੂੰ ਸੁੰਦਰ ਨੇ ਆਊਟ ਕੀਤਾ ਅਤੇ ਇਸ ਵਿਕਟ ਤੋਂ ਬਾਅਦ KKR ਬਿਖਰ ਗਈ। ਰਾਣਾ ਦੇ ਆਊਟ ਹੋਣ ਤੋਂ ਥੋੜ੍ਹੀ ਦੇਰ ਬਾਅਦ ਹੀ ਕ੍ਰੀਜ਼ ‘ਤੇ ਜਮੇ ਸ਼ੁਭਮਨ ਗਿੱਲ ਆਊਟ ਹੋ ਗਏ । ਗਿੱਲ ਨੇ ਸਭ ਤੋਂ ਵੱਧ 34 ਦੌੜਾਂ ਬਣਾਈਆਂ।
ਫਲਾਪ ਰਹੇ ਕਾਰਤਿਕ ਤੇ ਮਾਰਗਨ
ਗਿੱਲ ਤੋਂ ਬਾਅਦ KKR ਨੂੰ 62 ਦੌੜਾਂ ‘ਤੇ ਕਪਤਾਨ ਦਿਨੇਸ਼ ਕਾਰਤਿਕ ਦੇ ਰੂਪ ਵਿੱਚ ਚੌਥਾ ਝਟਕਾ ਲੱਗਿਆ। ਕਾਰਤਿਕ ਸਿਰਫ ਇੱਕ ਦੌੜ ਬਣਾਉਣ ਵਿੱਚ ਕਾਮਯਾਬ ਰਿਹਾ । ਕਾਰਤਿਕ ਦੇ ਤੁਰੰਤ ਬਾਅਦ ਵਿਸਫੋਟਕ ਬੱਲੇਬਾਜ਼ ਮੌਰਗਨ ਵੀ 8 ਦੌੜਾਂ ‘ਤੇ ਆਊਟ ਹੋ ਗਏ । ਮੋਰਗਨ ਦੇ ਪਵੇਲੀਅਨ ਪਰਤਣ ਤੋਂ ਬਾਅਦ KKR ਦੀ ਆਖਰੀ ਉਮੀਦ ਆਂਦਰੇ ਰਸਲ ਦੀ ਸੀ, ਜਦੋਂਕਿ KKR ਨੂੰ 85 ਦੌੜਾਂ ‘ਤੇ ਰਸਲ ਦੇ ਤੌਰ ‘ਤੇ 6ਵਾਂ ਝਟਕਾ ਲੱਗਿਆ। ਇਸ ਤੋਂ ਬਾਅਦ KKR ਨੂੰ ਪੈਟ ਕਮਿੰਸ ਅਤੇ ਫਿਰ ਰਾਹੁਲ ਤ੍ਰਿਪਾਠੀ ਨੂੰ 99 ਦੌੜਾਂ ਦੇ ਤੌਰ ‘ਤੇ 8ਵਾਂ ਝਟਕਾ ਲੱਗਿਆ । ਇਸ ਤੋਂ ਬਾਅਦ ਕਮਲੇਸ਼ ਨਾਗੇਰਕੋਟੀ ਆਊਟ ਹੋ ਗਏ। KKR ਨਿਰਧਾਰਤ ਓਵਰ ਵਿੱਚ 9 ਵਿਕਟਾਂ ਦੇ ਨੁਕਸਾਨ ‘ਤੇ 112 ਦੌੜਾਂ ਹੀ ਬਣਾ ਸਕੀ।
RCB ਨੇ ਕੀਤੀ ਤੇਜ਼ ਸ਼ੁਰੂਆਤ
ਇਸ ਤੋਂ ਪਹਿਲਾਂ RCB ਨੇ ਚੰਗੀ ਸ਼ੁਰੂਆਤ ਕੀਤੀ। ਦੇਵਦੱਤ ਪਡਿਕਲ ਅਤੇ ਐਰੋਨ ਫਿੰਚ ਨੇ ਟੀਮ ਨੂੰ ਧਮਾਕੇਦਾਰ ਸ਼ੁਰੂਆਤ ਦਿਵਾਈ। ਦੋਵਾਂ ਵਿਚਾਲੇ 67 ਦੌੜਾਂ ਦੀ ਸਾਂਝੇਦਾਰੀ ਹੋਈ। ਇਸ ਸਾਂਝੇਦਾਰੀ ਨੂੰ ਰਸਲ ਨੇ ਪਡਿਕਲ ਨੂੰ ਬੋਲਡ ਕਰ ਕੇ ਤੋੜਿਆ। ਪਡਿਕਲ ਨੇ 32 ਦੌੜਾਂ ਬਣਾਈਆਂ । ਇਸ ਤੋਂ ਬਾਅਦ ਫਿੰਚ ਪ੍ਰਸਿੱਧ ਕ੍ਰਿਸ਼ਨਾ ਦਾ ਸ਼ਿਕਾਰ ਬਣ ਗਏ। ਫਿੰਚ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਿਆ। ਕ੍ਰਿਸ਼ਨਾ ਨੇ ਉਸਨੂੰ 47 ਦੌੜਾਂ ‘ਤੇ ਆਊਟ ਕੀਤਾ। 94 ਦੌੜਾਂ ‘ਤੇ RCB ਦੀਆਂ ਦੋ ਵਿਕਟਾਂ ਡਿੱਗਣ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਅਤੇ ਏਬੀ ਡਿਵਿਲੀਅਰਜ਼ ਨੇ ਧਮਾਕੇਦਾਰ ਬੱਲੇਬਾਜ਼ੀ ਕੀਤੀ ।