RCB vs MI IPL 2020: IPL ਦੇ 13ਵੇਂ ਸੀਜ਼ਨ ਦੇ 10ਵੇਂ ਮੈਚ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਮੁੰਬਈ ਇੰਡੀਅਨਜ਼ ਨੂੰ ਸੁਪਰ ਓਵਰ ਵਿੱਚ ਹਰਾਇਆ । ਏਬੀ ਡੀਵਿਲੀਅਰਜ਼ ਦੇ ਕਮਾਲ ਅਤੇ ਨਵਦੀਪ ਸੈਣੀ ਦੀ ਸੁਪਰ ਓਵਰ ਵਿੱਚ ਕੀਤੀ ਗਈ ਕਸੀ ਹੋਈ ਗੇਂਦਬਾਜ਼ੀ ਨਾਲ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਦੁਬਈ ਵਿੱਚ ਰੋਮਾਂਚ ਨਾਲ ਭਰੇ ਵੱਡੇ ਸਕੋਰ ਮੈਚ ਵਿੱਚ ਮੁੰਬਈ ਇੰਡੀਅਨਜ਼ ‘ਤੇ ਜਿੱਤ ਹਾਸਿਲ ਕੀਤੀ । ਉਸਨੇ ਇੰਡੀਅਨ ਸੁਪਰ ਲੀਗ ਵਿੱਚ ਦੋ ਮਹੱਤਵਪੂਰਨ ਅੰਕ ਹਾਸਿਲ ਕੀਤੇ। ਇਹ ਤਿੰਨ ਮੈਚਾਂ ਵਿੱਚੋਂ ਬੈਂਗਲੁਰੂ ਦੀ ਟੀਮ ਦੀ ਦੂਜੀ ਜਿੱਤ ਹੈ, ਜਦੋਂਕਿ ਮੁੰਬਈ ਦੀ ਇੰਨੇ ਹੀ ਮੈਚਾਂ ਵਿੱਚੋਂ ਦੂਜੀ ਹਾਰ ਹੈ।
ਇਸ ਮੁਕਾਬਲੇ ਵਿੱਚ RCB ਨੇ ਪਹਿਲਾਂ ਬੱਲੇਬਾਜ਼ੀ ਕਰਨ ਦੇ ਸੱਦੇ ’ਤੇ ਤਿੰਨ ਵਿਕਟਾਂ ਦੇ ਨੁਕਸਾਨ ‘ਤੇ 201 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਸੀ। ਇਸ ਦੇ ਜਵਾਬ ਵਿੱਚ ਮੁੰਬਈ ਦੀ ਟੀਮ ਨੇ ਪੰਜ ਵਿਕਟਾਂ ਦੇ ਨੁਕਸਾਨ ‘ਤੇ 201 ਦੌੜਾਂ ਬਣਾਈਆਂ ਅਤੇ ਮੈਚ ਨੂੰ ਸੁਪਰ ਓਵਰ ਤੱਕ ਪਹੁੰਚਾਇਆ । ਮੁੰਬਈ ਨੇ 99 ਦੌੜਾਂ ਦੀ ਵਧੀਆ ਪਾਰੀ ਖੇਡਣ ਵਾਲੇ ਇਸ਼ਾਨ ਕਿਸ਼ਨ ਦੀ ਬਜਾਏ ਕੀਰੋਨ ਪੋਲਾਰਡ ਅਤੇ ਹਾਰਦਿਕ ਪਾਂਡਿਆ ਨੂੰ ਸੁਪਰ ਓਵਰ ਵਿੱਚ ਬੱਲੇਬਾਜ਼ੀ ਲਈ ਉਤਾਰਿਆ, ਪਰ ਨਵਦੀਪ ਸੈਣੀ ਨੇ ਇਸ ਓਵਰ ਵਿੱਚ ਸਿਰਫ 7 ਦੌੜਾਂ ਦਿੱਤੀਆਂ । ਮੁੰਬਈ ਵੱਲੋਂ ਜਸਪ੍ਰੀਤ ਬੁਮਰਾਹ ਨੇ ਪਹਿਲੀਆਂ ਤਿੰਨ ਗੇਂਦਾਂ ਵਿੱਚ ਸਿਰਫ ਦੋ ਦੌੜਾਂ ਦਿੱਤੀਆਂ, ਪਰ ਡੀਵਿਲੀਅਰਜ਼ ਨੇ ਚੌਥੀ ਗੇਂਦ ‘ਤੇ ਚੌਕਾ ਲਗਾ ਦਿੱਤਾ । ਜਦੋਂ ਬੁਮਰਾਹ ਨੇ ਯਾਰਕਰ ਕੀਤੀ ਤਾਂ ਡੀਵਿਲੀਅਰਸ ਸਿਰਫ ਇੱਕ ਦੌੜ ਹੀ ਲੈ ਸਕਿਆ। ਅਜਿਹੀ ਸਥਿਤੀ ਵਿੱਚ ਵਿਰਾਟ ਕੋਹਲੀ ਨੇ ਨੀਵੀਂ ਰਹਿੰਦੀ ਫੁੱਲਟਾਸ ‘ਤੇ ਜਿੱਤ ਦਾ ਚੌਕਾ ਲਗਾਇਆ।
ਦਰਅਸਲ, ਇਸ ਮੁਕਾਬਲੇ ਵਿੱਚ ਮੁੰਬਈ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਉਸ ਦੀਆਂ ਤਿੰਨ ਵਿਕਟਾਂ 39 ਦੌੜਾਂ ‘ਤੇ ਹੀ ਡਿੱਗ ਗਈਆਂ ਸਨ । ਅਜਿਹੀ ਸਥਿਤੀ ਵਿੱਚ ਨੌਜਵਾਨ ਕਿਸ਼ਨ ਨੇ 58 ਗੇਂਦਾਂ ਵਿੱਚ 2 ਚੌਕਿਆਂ ਅਤੇ 9 ਛੱਕਿਆਂ ਦੀ ਮਦਦ ਨਾਲ 99 ਦੌੜਾਂ ਬਣਾਈਆਂ ਅਤੇ ਪੋਲਾਰਡ ਨੇ 24 ਗੇਂਦਾਂ ਵਿੱਚ 3 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ ਨਾਬਾਦ 60 ਦੌੜਾਂ ਬਣਾਈਆਂ । ਇਨ੍ਹਾਂ ਦੋਵਾਂ ਨੇ ਪੰਜਵੇਂ ਵਿਕਟ ਲਈ 119 ਦੌੜਾਂ ਦੀ ਸਾਂਝੇਦਾਰੀ ਕੀਤੀ। RCB ਵੱਲੋਂ ਵਾਸ਼ਿੰਗਟਨ ਸੁੰਦਰ ਨੇ ਕਸੀ ਹੋਈ ਗੇਂਦਬਾਜ਼ੀ ਦੀ ਚੰਗੀ ਉਦਾਹਰਣ ਦਿੱਤੀ ਅਤੇ 4 ਓਵਰਾਂ ਵਿੱਚ 12 ਦੌੜਾਂ ਦੇ ਕੇ ਇੱਕ ਵਿਕਟ ਲਈ, ਪਰ ਉਨ੍ਹਾਂ ਦੇ ਬਾਕੀ ਗੇਂਦਬਾਜ਼ ਪ੍ਰਭਾਵ ਛੱਡ ਨਹੀਂ ਸਕੇ। ਬਦਲ ਪਵਨ ਨੇਗੀ ਨੇ ਤਿੰਨ ਕੈਚ ਲਏ, ਪਰ ਉਸ ਨੇ ਪੋਲਾਰਡ ਨੂੰ ਵੀ ਜੀਵਨਦਾਨ ਦਿੱਤਾ ।
ਮੁੰਬਈ ਨੂੰ ਆਖਰੀ 4 ਓਵਰਾਂ ਵਿੱਚ 80 ਦੌੜਾਂ ਦੀ ਲੋੜ ਸੀ । ਗੇਂਦਬਾਜ਼ਾਂ ਨੂੰ ਤ੍ਰੇਲ ਕਾਰਨ ਗੇਂਦ ‘ਤੇ ਪਕੜ ਬਣਾਉਣ ਵਿੱਚ ਮੁਸ਼ਕਿਲ ਆ ਰਹੀ ਸੀ। ਅਜਿਹੀ ਸਥਿਤੀ ਵਿੱਚ ਪੋਲਾਰਡ ਨੇ ਪਾਸਾ ਮੋੜ ਦਿੱਤਾ। ਉਨ੍ਹਾਂ ਨੇ ਜੰਪਾ ‘ਤੇ ਤਿੰਨ ਛੱਕੇ ਮਾਰੇ ਅਤੇ ਫਿਰ ਚਾਹਲ ਦੇ ਓਵਰ ਵਿੱਚ ਵੀ ਇੰਨੇ ਹੀ ਛੱਕੇ ਲੱਗੇ । ਇਨ੍ਹਾਂ ਵਿੱਚੋਂ ਦੋ ਛੱਕੇ ਪੋਲਾਰਡ ਦੇ ਬੱਲੇ ਤੋਂ ਨਿਕਲੇ, ਜਿਨ੍ਹਾਂ ਵਿੱਚੋਂ ਦੂਜੇ ਛੱਕੇ ਨਾਲ ਉਨ੍ਹਾਂ ਨੇ 20 ਗੇਂਦਾਂ ‘ਤੇ ਅਰਧ ਸੈਂਕੜਾ ਪੂਰਾ ਕੀਤਾ। ਜਿਸ ਤੋਂ ਬਾਅਦ 2 ਓਵਰਾਂ ਵਿੱਚ 49 ਦੌੜਾਂ ਬਣਨ ਕਾਰਨ ਦਬਾਅ ਵਿੱਚ ਆ ਗਈ । ਸੈਣੀ ਨੇ 19ਵੇਂ ਓਵਰ ਵਿੱਚ 12 ਦੌੜਾਂ ਦਿੱਤੀਆਂ ਅਤੇ ਇਸ ਤਰ੍ਹਾਂ ਮੁੰਬਈ ਨੂੰ ਆਖਰੀ ਓਵਰ ਵਿੱਚ 19 ਦੌੜਾਂ ਦੀ ਲੋੜ ਸੀ । ਈਸੁਰੂ ਉਦਾਨਾ ਗੇਂਦਬਾਜ਼ ਸੀ। ਪਹਿਲੀਆਂ ਦੋ ਗੇਂਦਾਂ ‘ਤੇ ਦੋ ਦੌੜਾਂ ਬਣੀਆਂ । ਕਿਸ਼ਨ ਨੇ ਤੀਜੀ ਅਤੇ ਚੌਥੀ ਗੇਂਦਾਂ ‘ਤੇ ਛੱਕੇ ਲਗਾਏ ਪਰ ਪੰਜਵੀਂ ਗੇਂਦ ‘ਤੇ ਉਸ ਨੇ ਬਾਉਂਡਰੀ ਲਾਈਨ ‘ਤੇ ਕੈਚ ਦੇ ਦਿੱਤਾ ਅਤੇ ਸੈਂਕੜੇ ਤੋਂ ਖੁੰਝ ਗਏ । ਪੋਲਾਰਡ ਨੇ ਚੌਕਾ ਜੜ ਕੇ ਸਕੋਰ ਨੂੰ ਬਰਾਬਰ ਕਰ ਦਿੱਤਾ।