Robin Uthappa accidentally applies saliva: ਰਾਜਸਥਾਨ ਰਾਇਲਜ਼ ਦੇ ਬੱਲੇਬਾਜ਼ ਰੋਬਿਨ ਉਥੱਪਾ ਨੂੰ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਮੈਚ ਦੌਰਾਨ ਗੇਂਦ ‘ਤੇ ਥੁੱਕਦੇ ਹੋਏ ਦੇਖਿਆ ਗਿਆ, ਜੋ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਹੈ। ਇਹ ਘਟਨਾ ਬੁੱਧਵਾਰ ਨੂੰ ਤੀਜੇ ਓਵਰ ਦੀ ਪੰਜਵੀਂ ਗੇਂਦ ਤੋਂ ਬਾਅਦ ਵਾਪਰੀ ਜਦੋਂ ਉਥੱਪਾ ਨੇ ਸੁਨੀਲ ਨਾਰਾਇਣ ਦਾ ਹਵਾ ਵਿੱਚ ਲਹਿਰਾਉਂਦਾ ਹੋਇਆ ਕੈਚ ਛੱਡ ਦਿੱਤਾ । ਉਨ੍ਹਾਂ ਨੂੰ ਮਿਡ ਓਨ ਏਰੀਆ ਵਿੱਚ ਗੇਂਦ ਨੂੰ ਫੜਨ ਤੋਂ ਬਾਅਦ ਲਾਰ ਲਗਾਉਂਦੇ ਹੋਏ ਦੇਖਿਆ ਗਿਆ ਅਤੇ ਇਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣ ਗਈ।
ਫਿਲਹਾਲ ਆਈਪੀਐਲ ਨੇ ਇਸ ਘਟਨਾ ਦੇ ਸਬੰਧ ਵਿੱਚ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ICC ਨੇ ਕੋਵਿਡ-19 ਮਹਾਂਮਾਰੀ ਦੇ ਕਾਰਨ ਇਸ ਸਾਲ ਜੂਨ ਵਿੱਚ ਗੇਂਦ ਨੂੰ ਚਮਕਦਾਰ ਬਣਾਉਣ ਲਈ ਥੁੱਕ ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਖੇਡ ਦੀ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (SOP) ਅਨੁਸਾਰ, ‘ਜੇਕਰ ਖਿਡਾਰੀ ਗੇਂਦ ‘ਤੇ ਥੁੱਕ ਲਗਾਉਂਦਾ ਹੈ ਤਾਂ ਅੰਪਾਇਰ ਇਸ ਸਥਿਤੀ ਨਾਲ ਨਜਿੱਠਣਗੇ ਅਤੇ ਖਿਡਾਰੀਆਂ ਦੀ ਨਵੀਂ ਪ੍ਰਕਿਰਿਆ ਨੂੰ ਅੱਗੇ ਵਧਾਉਣ ਦੇ ਸ਼ੁਰੂਆਤੀ ਪੜਾਅ ਦੌਰਾਨ ਉਦਾਰਤਾ ਵਰਤਣਗੇ, ਪਰ ਅੱਗੇ ਅਜਿਹੀ ਘਟਨਾ ‘ਤੇ ਟੀਮ ਨੂੰ ਚੇਤਾਵਨੀ ਦਿੱਤੀ ਜਾਵੇਗੀ।
ਦੱਸ ਦੇਈਏ ਕਿ ICC ਦੇ ਦਿਸ਼ਾ ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ, ‘ਇੱਕ ਟੀਮ ਨੂੰ ਹਰ ਪਾਰੀ ਵਿੱਚ ਦੋ ਚੇਤਾਵਨੀਆਂ ਜਾਰੀ ਕੀਤੀਆਂ ਜਾ ਸਕਦੀਆਂ ਹੈ, ਪਰ ਗੇਂਦ ‘ਤੇ ਲਾਰ ਦੀ ਲਗਾਤਾਰ ਵਰਤੋਂ ਲਈ ਪੰਜ ਦੌੜਾਂ ਦਾ ਜ਼ੁਰਮਾਨਾ ਲਗਾਇਆ ਜਾਵੇਗਾ । ਜਦੋਂ ਵੀ ਗੇਂਦ ‘ਤੇ ਥੁੱਕ ਦੀ ਵਰਤੋਂ ਕੀਤੀ ਜਾਂਦੀ ਹੈ, ਅੰਪਾਇਰਾਂ ਨੂੰ ਗੇਂਦ ਨੂੰ ਸਾਫ ਕਰਨਾ ਹੀ ਪਵੇਗਾ।’