RR vs KXIP IPL 2020: ਰਾਹੁਲ ਤੇਵਤੀਆ ਦੀ ਇੱਕ ਓਵਰ ਵਿੱਚ ਪੰਜ ਛੱਕਿਆਂ ਨਾਲ ਸਜੀ ਪਾਰੀ ਦੇ ਦਮ ‘ਤੇ ਰਾਜਸਥਾਨ ਰਾਇਲਜ਼ ਨੇ ਐਤਵਾਰ ਨੂੰ ਮਯੰਕ ਅਗਰਵਾਲ ਦੇ ਸੈਂਕੜੇ ਨਾਲ ਵੱਡਾ ਸਕੋਰ ਖੜ੍ਹਾ ਕਰਨ ਵਾਲੇ ਕਿੰਗਜ਼ ਇਲੈਵਨ ਪੰਜਾਬ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਸਭ ਤੋਂ ਵੱਡਾ ਟੀਚਾ ਹਾਸਿਲ ਕਰਨ ਦਾ ਨਵਾਂ ਰਿਕਾਰਡ ਬਣਾਇਆ । ਦਰਅਸਲ, ਰਾਜਸਥਾਨ ਰਾਇਲਜ਼ ਦੇ ਸਾਹਮਣੇ 224 ਦੌੜਾਂ ਦਾ ਟੀਚਾ ਸੀ। ਰਾਇਲਜ਼ ਨੇ ਪਹਿਲਾਂ ਕਪਤਾਨ ਸਟੀਵ ਸਮਿਥ ਅਤੇ ਫਿਰ ਸੰਜੂ ਸੈਮਸਨ ਤੇ ਫਿਰ ਰਾਹੁਲ ਤੇਵਤੀਆ ਦੀ ਸ਼ਾਨਦਾਰ ਪਾਰੀ ਦੇ ਦਮ ‘ਤੇ 19.3 ਓਵਰਾਂ ਵਿੱਚ ਛੇ ਵਿਕਟਾਂ ਦੇ ਨੁਕਸਾਨ ‘ਤੇ 226 ਦੌੜਾਂ ਬਣਾ ਕੇ ਇੱਕ ਵੱਡਾ ਮੁਕਾਮ ਹਾਸਿਲ ਕੀਤਾ।
ਰਾਇਲਜ਼ ਨੇ ਨਾ ਸਿਰਫ ਆਈਪੀਐਲ ਵਿੱਚ ਸਭ ਤੋਂ ਵੱਡਾ ਟੀਚਾ ਹਾਸਿਲ ਕਰਨ ਦਾ ਰਿਕਾਰਡ ਬਣਾਇਆ, ਬਲਕਿ ਇਸ ਟੂਰਨਾਮੈਂਟ ਵਿੱਚ ਬਾਅਦ ਵਿੱਚ ਬੱਲੇਬਾਜ਼ੀ ਕਰਦਿਆਂ ਸਭ ਤੋਂ ਵੱਡਾ ਸਕੋਰ ਵੀ ਬਣਾਇਆ । ਇਹ ਰਾਇਲਜ਼ ਦੀ ਲਗਾਤਾਰ ਦੂਜੀ ਜਿੱਤ ਹੈ, ਜਦਕਿ ਕਿੰਗਜ਼ ਇਲੈਵਨ ਨੂੰ ਦੂਜੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ । ਇਸ ਤੋਂ ਪਹਿਲਾਂ ਸਭ ਤੋਂ ਵੱਧ ਸਕੋਰ ਜਿੱਤਣ ਦਾ ਰਿਕਾਰਡ ਰਾਜਸਥਾਨ ਰਾਇਲਜ਼ ਦੇ ਨਾਮ ਦਰਜ ਹੋਇਆ ਸੀ।
ਜ਼ਿਕਰਯੋਗ ਹੈ ਕਿ ਟੀਮ ਨੇ 2008 ਵਿੱਚ ਹੈਦਰਾਬਾਦ ਵਿਰੁੱਧ 217 ਦੌੜਾਂ ਬਣਾ ਕੇ ਜਿੱਤ ਹਾਸਿਲ ਕੀਤੀ ਸੀ। ਹੁਣ ਉਨ੍ਹਾਂ ਨੇ ਪੰਜਾਬ ਖਿਲਾਫ਼ 224 ਦੌੜਾਂ ਦਾ ਟੀਚਾ ਹਾਸਿਲ ਕਰਦੇ ਹੋਏ ਆਪਣਾ ਰਿਕਾਰਡ ਸੁਧਾਰ ਲਿਆ ਹੈ। ਦਿੱਲੀ ਦੀ ਟੀਮ ਦੂਜੇ ਨੰਬਰ ‘ਤੇ ਹੈ ਅਤੇ ਇਨ੍ਹਾਂ ਨੇ ਸਾਲ 2017 ਵਿੱਚ ਗੁਜਰਾਤ ਲਾਇਨਜ਼ ਖ਼ਿਲਾਫ਼ 214 ਦੌੜਾਂ ਬਣਾ ਕੇ ਜਿੱਤ ਹਾਸਿਲ ਕੀਤੀ ਸੀ ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਜਾਬ ਲਈ ਮਯੰਕ ਅਗਰਵਾਲ ਅਤੇ ਰਾਹੁਲ ਨੇ ਬੱਲੇਬਾਜ਼ਾਂ ਲਈ ਸ਼ਾਰਜਾਹ ਦੀ ਦੋਸਤਾਨਾ ਪਿੱਚ ਦਾ ਪੂਰਾ ਫਾਇਦਾ ਚੁੱਕਿਆ ਅਤੇ ਆਈਪੀਐਲ ਵਿੱਚ ਪਹਿਲੀ ਵਿਕਟ ਲਈ ਤੀਜੀ ਸਭ ਤੋਂ ਵੱਡੀ ਭਾਈਵਾਲੀ ਖੇਡੀ । ਇਸ ਦੌਰਾਨ ਉਨ੍ਹਾਂ ਨੇ ਰਾਇਲਜ਼ ਦੇ ਕਿਸੇ ਵੀ ਗੇਂਦਬਾਜ਼ ਨੂੰ ਲੈਅ ਹਾਸਿਲ ਨਾ ਕਰਨ ਦਿੱਤੀ। ਇਸ ਦੌਰਾਨ ਅਗਰਵਾਲ ਨੇ ਆਪਣਾ ਦੂਜਾ ਟੀ-20 ਕਰੀਅਰ ਅਤੇ ਆਈਪੀਐਲ ਦਾ ਪਹਿਲਾ ਸੈਂਕੜਾ ਬਣਾਇਆ । ਉਸਨੇ 50 ਗੇਂਦਾਂ ਵਿੱਚ 10 ਚੌਕਿਆਂ ਅਤੇ 7 ਛੱਕਿਆਂ ਦੀ ਮਦਦ ਨਾਲ 106 ਦੌੜਾਂ ਬਣਾਈਆਂ ਅਤੇ ਕਰਨਾਟਕ ਦੇ ਆਪਣੇ ਸਾਥੀ ਕੇ ਐਲ ਰਾਹੁਲ (54 ਗੇਂਦਾਂ ਵਿੱਚ 69, ਸੱਤ ਚੌਕੇ, ਇੱਕ ਛੱਕੇ) ਨਾਲ ਪਹਿਲੇ ਵਿਕਟ ਲਈ 183 ਦੌੜਾਂ ਦੀ ਸਾਂਝੇਦਾਰੀ ਕੀਤੀ।