RR vs MI Match: ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਦੇ 45ਵੇਂ ਮੈਚ ਵਿੱਚ ਰਾਜਸਥਾਨ ਰਾਇਲਜ਼ ਦੀ ਟੀਮ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਮੁੰਬਈ ਇੰਡੀਅਨਜ਼ ਨੂੰ 8 ਵਿਕਟਾਂ ਨਾਲ ਹਰਾਇਆ । ਰਾਜਸਥਾਨ ਦੀ ਇਸ ਜਿੱਤ ਦੇ ਹੀਰੋ ਬੇਨ ਸਟੋਕਸ ਰਹੇ, ਜਿਨ੍ਹਾਂ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 60 ਗੇਂਦਾਂ ਵਿੱਚ 107 ਦੌੜਾਂ ਦੀ ਨਾਬਾਦ ਪਾਰੀ ਖੇਡੀ। ਇਸ ਮੁਕਾਬਲੇ ਵਿੱਚ ਟੱਸ ਜਿੱਤ ਕੇ ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਹਾਰਦਿਕ ਪਾਂਡਿਆ (ਨਾਬਾਦ 60) ਅਤੇ ਸੂਰਯਾਕੁਮਾਰ ਯਾਦਵ (40) ਦੇ ਦਮ ‘ਤੇ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ‘ਤੇ 195 ਦੌੜਾਂ ਬਣਾਈਆਂ । ਰਾਜਸਥਾਨ ਦੀ ਟੀਮ ਸਟੋਕਸ (ਨਾਬਾਦ 107) ਅਤੇ ਸੰਜੂ ਸੈਮਸਨ (ਨਾਬਾਦ 54) ਵਿਚਕਾਰ 152 ਦੌੜਾਂ ਦੀ ਸਾਂਝੇਦਾਰੀ ਕਾਰਨ ਮੈਚ ਆਸਾਨੀ ਨਾਲ ਜਿੱਤਣ ਵਿਚ ਕਾਮਯਾਬ ਰਹੀ । ਇਸ ਪ੍ਰਭਾਵਸ਼ਾਲੀ ਜਿੱਤ ਨਾਲ ਰਾਜਸਥਾਨ ਨੇ ਮੁੰਬਈ ਇੰਡੀਅਨਜ਼ ਖ਼ਿਲਾਫ਼ ਖ਼ਾਸ ਰਿਕਾਰਡ ਆਪਣੇ ਨਾਂ ਕੀਤਾ।
ਦਰਅਸਲ, ਮੁੰਬਈ ਵਿਰੁੱਧ 196 ਦੌੜਾਂ ਦੇ ਟੀਚੇ ਦਾ ਸਫਲਤਾਪੂਰਵਕ ਪਿੱਛਾ ਕਰਨ ਤੋਂ ਬਾਅਦ ਰਾਜਸਥਾਨ ਰਾਇਲਜ਼ ਹੁਣ ਮੁੰਬਈ ਖਿਲਾਫ ਆਈਪੀਐਲ ਦੇ ਸਭ ਤੋਂ ਵੱਡੇ ਸਕੋਰ ਦਾ ਪਿੱਛਾ ਕਰਨ ਵਾਲੀ ਪਹਿਲੀ ਟੀਮ ਬਣ ਗਈ ਹੈ । ਇਸ ਮਾਮਲੇ ਵਿੱਚ ਰਾਜਸਥਾਨ ਦੀ ਟੀਮ ਨੇ ਦਿੱਲੀ ਕੈਪਿਟਲਸ ਨੂੰ ਪਿੱਛੇ ਛੱਡ ਦਿੱਤਾ ਹੈ, ਜਿਨ੍ਹਾਂ ਨੇ ਸਾਲ 2018 ਵਿੱਚ ਮੁੰਬਈ ਖਿਲਾਫ 195 ਦੌੜਾਂ ਦੇ ਟੀਚੇ ਦਾ ਸਫਲਤਾਪੂਰਵਕ ਪਿੱਛਾ ਕੀਤਾ। ਰਾਜਸਥਾਨ ਰਾਇਲਜ਼ ਦਾ ਨਾਮ ਵੀ ਇਸ ਸੂਚੀ ਵਿੱਚ ਤੀਜੇ ਨੰਬਰ ‘ਤੇ ਮੌਜੂਦ ਹੈ, ਉਨ੍ਹਾਂ ਨੇ ਪਿਛਲੇ ਸਾਲ ਖੇਡੇ ਗਏ ਆਈਪੀਐਲ ਵਿੱਚ ਮੁੰਬਈ ਵਿਰੁੱਧ 188 ਦੌੜਾਂ ਦਾ ਪਿੱਛਾ ਕਰਦਿਆਂ ਜਿੱਤ ਹਾਸਿਲ ਕੀਤੀ ਸੀ।
196 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਰਾਜਸਥਾਨ ਰਾਇਲਜ਼ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਟੀਮ ਦੂਜੇ ਓਵਰ ਵਿੱਚ ਰੋਬਿਨ ਉਥੱਪਾ (13) ਦੀ ਵਿਕਟ ਗਵਾ ਬੈਠੀ, ਇਥੋਂ ਤਕ ਕਿ ਕਪਤਾਨ ਸਟੀਵ ਸਮਿੱਥ (11) ਵੀ ਬੱਲੇ ਨਾਲ ਕੋਈ ਕਮਾਲ ਨਹੀਂ ਦਿਖਾ ਸਕਿਆ । ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਸੰਜੂ ਸੈਮਸਨ (ਨਾਬਾਦ 54) ਨੇ ਬੇਨ ਸਟੋਕਸ ਦਾ ਸਮਰਥਨ ਕੀਤਾ ਅਤੇ ਦੋਵਾਂ ਨੇ ਮਿਲ ਕੇ ਤੀਜੀ ਵਿਕਟ ਲਈ 152 ਦੌੜਾਂ ਦੀ ਸਾਂਝੇਦਾਰੀ ਕਰਦਿਆਂ ਟੀਮ ਨੂੰ ਜਿੱਤ ਦਿਵਾਈ । ਰਾਜਸਥਾਨ ਦੀ ਇਹ 12ਵੇਂ ਮੈਚ ਵਿੱਚ 5ਵੀਂ ਜਿੱਤ ਹੈ, ਜਦੋਂਕਿ ਮੁੰਬਈ ਨੂੰ ਆਪਣੇ 11ਵੇਂ ਮੈਚ ਵਿੱਚ ਚੌਥੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ।