Shikhar Dhawan creates history: ਇੰਡੀਅਨ ਪ੍ਰੀਮੀਅਰ ਲੀਗ ਦਾ 13ਵਾਂ ਸੀਜ਼ਨ ਖੇਡਿਆ ਜਾ ਰਿਹਾ ਹੈ ਅਤੇ ਆਈਪੀਐਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਹੈ ਜਦੋਂ ਕਿਸੇ ਬੱਲੇਬਾਜ਼ ਨੇ ਲਗਾਤਾਰ ਦੋ ਮੈਚਾਂ ਵਿੱਚ ਸੈਂਕੜਾ ਜੜਿਆ ਹੈ । ਦਿੱਲੀ ਕੈਪਿਟਲਸ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਕਿੰਗਜ਼ ਇਲੈਵਨ ਪੰਜਾਬ ਖਿਲਾਫ ਨਾਬਾਦ 106 ਦੌੜਾਂ ਦੀ ਪਾਰੀ ਖੇਡੀ । ਧਵਨ ਨੇ ਇਸ ਤੋਂ ਪਹਿਲਾਂ ਚੇੱਨਈ ਸੁਪਰ ਕਿੰਗਜ਼ ਖਿਲਾਫ ਨਾਬਾਦ 101 ਦੌੜਾਂ ਬਣਾਈਆਂ ਸਨ । ਧਵਨ ਦੀ ਬੱਲੇਬਾਜ਼ੀ ਦੇ ਜ਼ੋਰ ‘ਤੇ ਦਿੱਲੀ ਕੈਪਿਟਲਸ ਨੇ 20 ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ ‘ਤੇ 164 ਦੌੜਾਂ ਬਣਾਈਆਂ ।
ਦਿੱਲੀ ਕੈਪਿਟਲਸ ਵੱਲੋਂ ਧਵਨ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਕੁਝ ਖਾਸ ਨਹੀਂ ਕਰ ਸਕਿਆ । ਸ਼੍ਰੇਅਸ ਅਈਅਰ ਅਤੇ ਰਿਸ਼ਭ ਪੰਤ ਨੇ 14-14 ਦੌੜਾਂ ਬਣਾਈਆਂ । ਧਵਨ ਨੇ 61 ਗੇਂਦਾਂ ‘ਤੇ 12 ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 106 ਦੌੜਾਂ ਬਣਾਈਆਂ । ਇਸ ਪਾਰੀ ਦੇ ਨਾਲ ਧਵਨ ਨੇ ਆਈਪੀਐਲ ਵਿੱਚ 5000 ਦੌੜਾਂ ਦਾ ਅੰਕੜਾ ਵੀ ਪਾਰ ਕਰ ਲਿਆ । ਆਈਪੀਐਲ ਵਿੱਚ 5000+ ਦੌੜਾਂ ਬਣਾਉਣ ਵਾਲਾ ਧਵਨ ਪੰਜਵਾਂ ਬੱਲੇਬਾਜ਼ ਹੈ । ਇਸ ਪਾਰੀ ਨਾਲ ਧਵਨ ਇਸ ਸਾਲ ਓਰੇਂਜ ਕੈਪ ਦੀ ਦੌੜ ਵਿੱਚ ਦੂਜੇ ਨੰਬਰ ‘ਤੇ ਪਹੁੰਚ ਗਿਆ ਹੈ । ਧਵਨ ਨੇ ਹੁਣ 10 ਮੈਚਾਂ ਵਿੱਚ 66.42 ਦੀ ਔਸਤ ਨਾਲ 465 ਦੌੜਾਂ ਬਣਾਈਆਂ ਹਨ ।
ਦੱਸ ਦੇਈਏ ਕਿ ਧਵਨ ਆਈਪੀਐਲ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਚੌਥੇ ਨੰਬਰ ‘ਤੇ ਪਹੁੰਚ ਗਿਆ ਹੈ। ਧਵਨ ਦੇ ਖਾਤੇ ਵਿੱਚ ਹੁਣ 5044 ਦੌੜਾਂ ਹੋ ਗਈਆਂ ਹਨ । ਇਸ ਸੀਜ਼ਨ ਤੋਂ ਪਹਿਲਾਂ ਧਵਨ ਦੇ ਖਾਤੇ ਵਿੱਚ ਕੋਈ ਸੈਂਕੜਾ ਨਹੀਂ ਸੀ ਅਤੇ ਹੁਣ ਉਨ੍ਹਾਂ ਦੇ ਖਾਤੇ ਵਿੱਚ ਦੋ ਸੈਂਕੜੇ ਹੋ ਗਏ ਹਨ । ਧਵਨ ਨੇ 169 ਮੈਚਾਂ ਵਿੱਚ 35.02 ਦੀ ਔਸਤ ਅਤੇ 126.70 ਦੀ ਸਟ੍ਰਾਈਕ ਰੇਟ ਨਾਲ ਬਣਾਇਆ ਹੈ । ਧਵਨ ਨੇ ਆਈਪੀਐਲ ਵਿੱਚ ਸਭ ਤੋਂ ਵੱਧ ਚੌਕੇ ਲਗਾਏ ਹਨ । ਧਵਨ ਨੇ 575 ਚੌਕੇ ਲਗਾਏ ਹਨ, ਉਸ ਤੋਂ ਬਾਅਦ 498 ਚੌਕਿਆਂ ਦੀ ਮਦਦ ਨਾਲ ਦੂਜੇ ਨੰਬਰ ‘ਤੇ ਰਾਇਲ ਚੈਲੇਂਜਰਜ਼ ਬੰਗਲੌਰ ਦੇ ਕਪਤਾਨ ਵਿਰਾਟ ਕੋਹਲੀ ਹਨ।